ਬਲਾਚੌਰ ਪੁੱਜਣ ’ਤੇ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਮਸ਼ਾਲ ਦਾ ਸਵਾਗਤ
ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 25 ਅਗਸਤ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਉਪਰਾਲੇ ਕਰ ਰਹੀ ਹੈ। ਇਸੇ ਲੜੀ ਤਹਿਤ ‘ਖੇਡਾਂ ਵਤਨ ਪੰਜਾਬ ਦੀਆਂ 2024’ ਦੇ ਹੋਣ ਜਾ ਰਹੇ ਆਗਾਜ਼ ਮੌਕੇ ਬਲਾਚੌਰ ਵਿੱਚ ਖੇਡਾਂ ਦੀ ਮਸ਼ਾਲ ਪਹੁੰਚਣ ’ਤੇ ਵਿਧਾਇਕ ਬੀਬੀ ਸੰਤੋਸ਼ ਕਟਾਰੀਆ ਨੇ ਸਵਾਗਤ ਕਰਦਿਆਂ ਕਿਹਾ ਕਿ ਇਹ ਮੁੱਖ ਮੰਤਰੀ ਦੀ ਦੂਰਅੰਦੇਸ਼ੀ ਸੋਚ ਦਾ ਨਤੀਜਾ ਹੈ ਕਿ ਨੌਜਵਾਨਾਂ ਨੂੰ 50 ਹਜ਼ਾਰ ਦੇ ਕਰੀਬ ਨੌਕਰੀਆਂ ਦਿੱਤੀਆਂ ਹਨ। ਹਰੇਕ ਪਿੰਡ ਦੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੀ ਵੰਡੀਆਂ ਹਨ ਤਾਂ ਕਿ ਨੌਜਵਾਨਾਂ ਦਾ ਧਿਆਨ ਖੇਡਾਂ ਵੱਲ ਲੱਗ ਕੇ ਆਪਣੀ ਸਿਹਤ ਬਣਾਉਣ ਵੱਲ ਲੱਗੇ ਤੇ ਨਸ਼ਿਆਂ ਤੋਂ ਰਹਿਤ ਹੋ ਸਕੇ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਤਨਾਮ ਜਲਾਲਪੁਰ ਵੀ ਹਾਜ਼ਰ ਸਨ। ਇਸ ਮੌਕੇ ‘ਆਪ’ ਆਗੂ ਅਸ਼ੋਕ ਕਟਾਰੀਆ ਨੇ ਪਾਰਟੀ ਦੇ ਵਾਲੰਟੀਅਰਾਂ ਨਾਲ ਮਸ਼ਾਲ ਲੈ ਕੇ ਪੁੱਜੇ ਖਿਡਾਰੀਆਂ ’ਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਬਲਾਚੌਰ ਪਹੁੰਚਣ ’ਤੇ ਸਵਾਗਤ ਕੀਤਾ।
ਮਸ਼ਾਲ ਨਵਾਂਸ਼ਹਿਰ ਤੋਂ ਰੂਪਨਗਰ ਲਈ ਰਵਾਨਾ
‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਸੀਜ਼ਨ ਨੂੰ ਸਮਰਪਿਤ ਮਸ਼ਾਲ ਅੱਜ ਨਵਾਂਸ਼ਹਿਰ ਤੋਂ ਬਲਾਚੌਰ ਹੁੰਦੀ ਹੋਈ ਰੂਪਨਗਰ ਲਈ ਰਵਾਨਾ ਹੋ ਗਈ। ਆਈਟੀਆਈ ਨਵਾਂਸ਼ਹਿਰ ਤੋਂ ਵਿਧਾਇਕ ਹਲਕਾ ਬੰਗਾ ਸੁਖਵਿੰਦਰ ਕੁਮਾਰ ਸੁੱਖੀ, ਹਲਕਾ ਇੰਚਾਰਜ ਨਵਾਂਸ਼ਹਿਰ ਲਲਿਤ ਮੋਹਨ ਪਾਠਕ, ਜ਼ਿਲ੍ਹਾ ਖੇਡ ਅਫਸਰ ਵੰਦਨਾ ਚੌਹਾਨ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਤਨਾਮ ਸਿੰਘ ਜਲਾਲਪੁਰ, ਖਿਡਾਰੀਆਂ, ਅਥਲੀਟਾਂ ਤੇ ਖੇਡ ਪ੍ਰੇਮੀਆਂ ਨੇ ਮਸ਼ਾਲ (ਟਾਰਚ ਰਿਲੇਅ) ਨੂੰ ਬਲਾਚੌਰ ਲਈ ਰਵਾਨਾ ਕੀਤਾ।