‘ਵੈਲਕਮ’ ਫੇਮ ਅਦਾਕਾਰ ਮੁਸ਼ਤਾਕ ਖ਼ਾਨ ਮੇਰਠ ਨੇੜੇ ਅਗਵਾ
* ਮੁਲਜ਼ਮਾਂ ਨੇ ਐਡਵਾਂਸ ਅਦਾਇਗੀ ਤੇ ਮੁੰਬਈ ਤੋਂ ਦਿੱਲੀ ਤੱਕ ਦੀ ਟਿਕਟ ਵੀ ਕਰਵਾ ਕੇ ਦਿੱਤੀ
ਬਿਜਨੌਰ (ਯੂਪੀ), 11 ਦਸੰਬਰ
‘ਵੈਲਕਮ’ ਤੇ ‘ਸਤ੍ਰੀ 2’ ਜਿਹੀਆਂ ਫ਼ਿਲਮਾਂ ਵਿਚ ਨਿਭਾਏ ਕਿਰਦਾਰਾਂ ਲਈ ਮਕਬੂਲ ਅਦਾਕਾਰ ਮੁਸ਼ਤਾਕ ਖ਼ਾਨ ਨੂੰ ਮੇਰਠ ਵਿਚ ਸਮਾਗਮ ਵਿਚ ਸੱਦਣ ਦੇ ਬਹਾਨੇ ਅਗਵਾ ਕਰ ਲਿਆ। ਪੁਲੀਸ ਮੁਤਾਬਕ ਅਦਾਕਾਰ ਪੂਰੇ ਇਕ ਦਿਨ ਅਗਵਾਕਾਰਾਂ ਦੀ ਗ੍ਰਿਫ਼ਤ ਵਿਚ ਰਿਹਾ ਤੇ ਕਿਸੇ ਤਰ੍ਹਾਂ ਉਥੋਂ ਜਾਨ ਬਚਾਅ ਕੇ ਭੱਜਣ ਵਿਚ ਸਫ਼ਲ ਰਿਹਾ। ਇਸ ਦੌਰਾਨ 2 ਲੱਖ ਰੁਪਏ ਉਸ ਦੇ ਮੋਬਾਈਲ ’ਚੋਂ ਤਬਦੀਲ ਕਰ ਲਏ ਗਏ। ਅਦਾਕਾਰ ਦੇ ਈਵੈਂਟ ਮੈਨੇਜਰ ਸ਼ਿਵਮ ਯਾਦਵ ਨੇ ਬਿਜਨੌਰ ਕੋਤਵਾਲੀ ਥਾਣੇ ਵਿਚ ਅਗਵਾ ਦੀ ਇਸ ਘਟਨਾ ਸਬੰਧੀ ਸ਼ਿਕਾਇਤ ਦਰਜ ਕੀਤੀ ਹੈ। ਬਿਜਨੌਰ ਦੇ ਐੱਸਪੀ ਅਭਿਸ਼ੇਕ ਕੁਮਾਰ ਝਾਅ ਨੇ ਕਿਹਾ ਕਿ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਵਾਕਾਰਾਂ ਦੀ ਪੈੜ ਨੱਪਣ ਲਈ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਹਨ। ਸ਼ਿਕਾਇਤ ਮੁਤਾਬਕ ਰਾਹੁਲ ਸੈਣੀ ਨੇ 15 ਅਕਤੂਬਰ ਨੂੰ ਖ਼ਾਨ ਨਾਲ ਸੰਪਰਕ ਕਰਕੇ ਮੇਰਠ ਵਿਚ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਆਉਣ ਦਾ ਸੱਦਾ ਦਿੱਤਾ। ਅਦਾਕਾਰ ਨੂੰ ਇਸ ਸਬੰਧੀ ਐਡਵਾਂਸ ਵਿਚ ਅਦਾਇਗੀ ਵੀ ਕੀਤੀ ਗਈ। ਸੈਣੀ ਨੇ ਖ਼ਾਨ ਨੂੰ 20 ਨਵੰਬਰ ਲਈ ਮੁੰਬਈ ਤੋਂ ਦਿੱਲੀ ਤੱਕ ਹਵਾਈ ਸਫ਼ਰ ਦੀ ਟਿਕਟ ਵੀ ਭੇਜੀ। ਦਿੱਲੀ ਹਵਾਈ ਅੱਡੇ ਪੁੱਜਣ ਉੱਤੇ ਖ਼ਾਨ ਨੂੰ ਕਾਰ, ਜਿਸ ਵਿਚ ਡਰਾਈਵਰ ਤੇ ਦੋ ਹੋਰ ਵਿਅਕਤੀ ਸਵਾਰ ਸਨ, ਉਥੋਂ ਲੈ ਕੇ ਮੇਰਠ ਲਈ ਰਵਾਨਾ ਹੋ ਗਈ। ਹਾਲਾਂਕਿ ਰਸਤੇ ਵਿਚ ਅਦਾਕਾਰ ਨੂੰ ਸਕਾਰਪੀਓ ਗੱਡੀ ਵਿਚ ਤਬਦੀਲ ਕਰ ਦਿੱਤਾ ਗਿਆ, ਜਿੱਥੋਂ ਦੋ ਹੋਰ ਵਿਅਕਤੀ ਉਸ ਵਿਚ ਚੜ੍ਹ ਗਏ। ਖ਼ਾਨ ਨੇ ਜਦੋਂ ਵਿਰੋਧ ਕੀਤਾ ਤਾਂ ਉਸ ਨੂੰ ਦੱਸਿਆ ਗਿਆ ਕਿ ਉਸ ਨੂੰ ਅਗਵਾ ਕਰ ਲਿਆ ਗਿਆ ਹੈ। -ਪੀਟੀਆਈ
ਹਫ਼ਤਾ ਪਹਿਲਾਂ ਕਾਮੇਡੀਅਨ ਸੁਨੀਲ ਪਾਲ ਨਾਲ ਵੀ ਵਾਪਰਿਆ ਸੀ ਭਾਣਾ
ਪਿਛਲੇ ਹਫ਼ਤੇ ਅਦਾਕਾਰ ਤੇ ਕਾਮੇਡੀਅਨ ਸੁਨੀਲ ਪਾਲ ਨੇ ਵੀ ਮਿਲਦੀ ਜੁਲਦੀ ਸ਼ਿਕਾਇਤ ਦਰਜ ਕੀਤੀ ਸੀ ਕਿ ਸ਼ੋਅ ਲਈ ਉੱਤਰਾਖੰਡ ਜਾਂਦਿਆਂ ਉਸ ਨੂੰ ਕਥਿਤ ਅਗਵਾ ਕੀਤਾ ਗਿਆ ਸੀ। ਅਗਵਾਕਾਰਾਂ ਨੇ ਪਾਲ ਤੋਂ 20 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ ਪਰ 8 ਲੱਖ ਰੁਪਏ ਦੀ ਅਦਾਇਗੀ ਮਗਰੋਂ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਪਾਲ ਨੇ ਦਾਅਵਾ ਕੀਤਾ ਸੀ ਕਿ ਅਗਵਾਕਾਰਾਂ ਨੇ ਪੈਸੇ ਮਿਲਣ ਮਗਰੋਂ ਉਸ ਨੂੰ ਮੇਰਠ ਵਿਚ ਸੜਕ ਕੰਢੇ ਉਤਾਰ ਦਿੱਤਾ, ਜਿੱਥੋਂ ਉਹ ਕਿਸੇ ਤਰ੍ਹਾਂ ਦਿੱਲੀ ਹਵਾਈ ਅੱਡੇ ਤੇ ਉਥੋਂ ਫਲਾਈਟ ਲੈ ਕੇ ਮੁੰਬਈ ਪੁੱਜਾ। ਉੱਤਰ ਪ੍ਰਦੇਸ਼ ਪੁਲੀਸ ਵੱਲੋਂ ਇਸ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ