ਖੇਡਾਂ ਵਤਨ ਪੰਜਾਬ ਦੀਆਂ ਤਹਿਤ ਵੇਟ ਲਿਫਟਿੰਗ ਮੁਕਾਬਲੇ
ਨਿੱਜੀ ਪੱਤਰ ਪ੍ਰੇਰਕ
ਖੰਨਾ, 19 ਸਤੰਬਰ
ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3 ਤਹਿਤ ਸਥਾਨਕ ਨਰੇਸ਼ ਚੰਦਰ ਸਟੇਡੀਅਮ ਵਿੱਚ ਜ਼ਿਲ੍ਹਾ ਪੱਧਰੀ ਵੇਟ ਲਿਫਟਿੰਗ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਸਿੰਘ ਚੁੱਘ ਨੇ ਦੱਸਿਆ ਕਿ ਇਹ ਮੁਕਾਬਲੇ 23 ਸਤੰਬਰ ਤੱਕ ਕਰਵਾਏ ਜਾਣਗੇ। ਅੱਜ ਦੇ ਹੋਏ ਮੁਕਾਬਲਿਆਂ ਦਾ ਉਦਘਾਟਨ ਕਰਦਿਆਂ ਪ੍ਰਿੰਸੀਪਲ ਇੰਦਰਜੀਤ ਸਿੰਘ ਨੇ ਖਿਡਾਰੀਆਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਖੇਡਾਂ ਵਿੱਚ ਦੇਸ਼ ਦਾ ਨਾਂ ਰੋਸ਼ਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਲੜਕੀਆਂ ਦੇ ਹੋਏ 35 ਕਿਲੋ ਭਾਰ ਵਰਗ ਅੰਡਰ-14 ਵਿਚ ਪ੍ਰਵੀਨ ਕੌਰ ਨੇ ਪਹਿਲਾ, ਸਿਮਰਤ ਕੌਰ ਨੇ ਦੂਜਾ ਅਤੇ ਸੁਮਨਪ੍ਰੀਤ ਕੌਰ ਨੇ ਤੀਜਾ, 40 ਕਿਲੋ ਵਿਚ ਸੁਖਦੀਪ ਕੌਰ ਨੇ ਪਹਿਲਾ, ਨੰਦਨੀ ਸੂਦ ਨੇ ਦੂਜਾ ਅਤੇ ਅਰਸ਼ਦੀਪ ਕੌਰ ਨੇ ਤੀਜਾ, 45 ਕਿਲੋ ਵਿਚ ਖੁਸ਼ਪ੍ਰੀਤ ਕੌਰ ਨੇ ਪਹਿਲਾ, ਜਸ਼ਨਪ੍ਰੀਤ ਕੌਰ ਨੇ ਦੂਜਾ ਅਤੇ ਹਰਲੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 40 ਕਿਲੋ ਭਾਰ ਵਰਗ ਅੰਡਰ-17 ਵਿਚ ਤਾਨੀਆ ਪਹਿਲੇ, ਇੰਦਰਜੀਤ ਕੌਰ ਦੂਜੇ, ਨੀਲਮ ਤੀਜੇ, 45 ਕਿਲੋ ਵਿਚ ਖੁਸ਼ੀ ਪਹਿਲੇ, ਸੁਖਮਨਪ੍ਰੀਤ ਕੌਰ ਦੂਜੇ, ਰਾਜਵੀਰ ਕੌਰ ਤੀਜੇ, 49 ਕਿਲੋ ਵਿਚ ਮਨੀਸ਼ਾ ਪਹਿਲੇ, ਕੁਲਵਿੰਦਰ ਕੌਰ ਦੂਜੇ ਅਤੇ ਖੁਸ਼ਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀਆਂ।
ਗੁਰੂ ਨਾਨਕ ਕਾਲਜ ਦਾ ਤੀਜਾ ਸਥਾਨ
ਦੋਰਾਹਾ (ਪੱਤਰ ਪ੍ਰੇਰਕ): ‘ਖੇਡਾਂ ਵਤਨ ਪੰਜਾਬ ਦੀਆਂ-2024’ ਖੇਡ ਮੁਕਾਬਲਿਆਂ ਵਿੱਚ ਸਥਾਨਕ ਗੁਰੂ ਨਾਨਕ ਨੈਸ਼ਨਲ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਅਤੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ। ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਬਾਸਕਿਟਬਾਲ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਂਦਿਆਂ ਅੰਡਰ-21 ਵਿੱਚ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਅੱਜ ਜੇਤੂ ਖਿਡਾਰੀਆਂ ਦਾ ਸਨਮਾਨ ਕਰਦਿਆਂ ਹੋਰ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ। ਇਸ ਮੌਕੇ ਡਾ. ਨਿਰਲੇਪ ਕੌਰ, ਡਾ. ਕਰਮਜੀਤ ਸਿੰਘ, ਸਾਹਿਬਜੀਤ ਸਿੰਘ ਅਤੇ ਹਿਨਾ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਨਿੱਖੜਾ ਅੰਗ ਹਨ ਕਿਉਂਕਿ ਖੇਡਾਂ ਜਿਥੇ ਸਾਨੂੰ ਸਰੀਰਕ ਤੌਰ ’ਤੇ ਤੰਦਰੁਸਤ ਰੱਖਦੀਆਂ ਹਨ ਉੱਥੇ ਹੀ ਸਾਡਾ ਮਾਨਸਿਕ ਵਿਕਾਸ ਵੀ ਕਰਦੀਆਂ ਹਨ।