ਹਫਤਾਵਾਰੀ ਲੌਕਡਾਊਨ: ਪੁਲੀਸ ਸੜਕਾਂ ’ਤੇ, ਲੋਕ ਘਰਾਂ ’ਚ ਦੁਬਕੇ
ਮਹਿੰਦਰ ਸਿੰਘ ਰੱਤੀਆਂ
ਮੋਗਾ, 22 ਅਗਸਤ
ਕੋਵਿਡ-19 ਮਹਾਂਮਾਰੀ ਦੇ ਵਧ ਰਹੇ ਪ੍ਰਕੋਪ ਨੂੰ ਮੁੱਖ ਰੱਖਦਿਆਂ ਕਰੋਨਾ ਲਾਗ ਫੈਲਾਅ ਤੋਂ ਰੋਕਣ ਲਈ ਲੋਕਾਂ ਦੇ ਬਾਹਰ ਘੁੰਮਣ ’ਤੇ ਜਿਥੇ ਸਰਕਾਰ ਨੇ ਸਖ਼ਤ ਪਾਬੰਦੀਆਂ ਲਗਾਈਆਂ ਹਨ ਉਥੇ ਸ਼ਨਿਚਰਵਾਰ ਤੇ ਐਤਵਾਰ ਨੂੰ ਦੋ ਰੋਜ਼ਾ ਲੌਕਡਾਊਨ ਲਾਗੂ ਹੋ ਗਿਆ ਹੈ। ਇਸ ਕਾਰਨ ਅੱਜ ਸ਼ਹਿਰਾਂ ਵਿੱਚ ਸੰਨਾਟਾ ਪਸਰਿਆ ਰਿਹਾ। ਨੌਜਵਾਨ ਡੀਐੱਸਪੀ ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਪੁਲੀਸ ਲਾਗ ਨੂੰ ਰੋਕਣ ਲਈ ਲੋਕਾਂ ਨੂੰ ਸੁਰੱਖਿਆ ਉਪਾਵਾਂ ਦੀ ਪਾਲਣਾ ਦੀ ਨਸੀਹਤ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਤੋਂ ਡਰਨ ਦੀ ਨਹੀਂ, ਬਲਕਿ ਸਾਵਧਾਨੀ ਵਰਤਣ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਸਲਾਹ ਵੀ ਦਿੱਤੀ ਕਿ ਕਰੋਨਾ ਵਾਇਰਸ ਦੇ ਲੱਛਣਾਂ ਨੂੰ ਮਹਿਜ਼ ਮੌਸਮੀ ਤਬਦੀਲੀ ਸਮਝ ਕੇ ਅਣਗਹਿਲੀ ਨਾ ਵਰਤਣ ਅਤੇ ਆਮ ਫਲੂ, ਜ਼ੁਕਾਮ, ਖੰਘ, ਸਰੀਰ ਦਰਦ ਅਤੇ ਬੁਖਾਰ ਦੀ ਸੂਰਤ ਵਿੱਚ ਤੁਰੰਤ ਡਾਕਟਰ ਦੀ ਸਲਾਹ ਲੈ ਕੇ ਇਲਾਜ ਕਰਵਾਉਣ ਅਤੇ ਕੋਵਾ ਪੰਜਾਬ ਐਪ ਮੋਬਾਈਲ ਫੋਨ ਵਿੱਚ ਡਾਊਨਲੋਡ ਕਰਨ। ਉਨ੍ਹਾਂ ਕਿਹਾ ਕਿ ਪੁਲੀਸ ਵਿਭਾਗ ਮਿਸ਼ਨ ਫ਼ਤਿਹ ਲਈ ਪੂਰੀ ਤਨਦੇਹੀ ਅਤੇ ਉਤਸ਼ਾਹ ਨਾਲ ਦਿਨ ਰਾਤ ਕੰੰਮ ਕਰ ਰਿਹਾ ਹੈ।