ਹਫਤਾਵਾਰੀ ਛੁੱਟੀ ਦਾ ਸੰਘਰਸ਼ ਅਤੇ ਮਜ਼ਦੂਰ
ਕਿਰਤੀਆਂ ਨੂੰ ਹਾਕਮਾਂ ਨੇ ਕੋਈ ਵੀ ਹੱਕ ਥਾਲ ’ਚ ਸਜਾ ਕੇ ਨਹੀਂ ਦਿੱਤੇ ਸਗੋਂ ਉਨ੍ਹਾਂ ਨੂੰ ਹਮੇਸ਼ਾ ਸੰਘਰਸ਼ਾਂ ਦੀ ਬਦੌਲਤ ਹੱਕ ਖੋਹਣੇ ਪਏ ਹਨ। ਇਸੇ ਤਰ੍ਹਾਂ ਹਫਤਾਵਾਰੀ ਛੁੱਟੀ ਦਾ ਹੱਕ ਹਾਸਲ ਕਰਨ ਪਿੱਛੇ ਮਜ਼ਦੂਰਾਂ ਦੀ ਸ਼ਾਨਾਮੱਤੀ ਜੱਦੋ-ਜਹਿਦ ਹੈ। ਪੂਰੇ ਹਫਤੇ ਦੇ ਕੰਮ ਪਿੱਛੋਂ ਅਸੀਂ ਸ਼ੁਕਰਵਾਰ ਜਾਂ ਸ਼ਨਿੱਚਰਵਾਰ ਦੀ ਸ਼ਾਮ ਨੂੰ ਆਉਣ ਵਾਲੇ ਐਤਵਾਰ ਬਾਰੇ ਸੋਚਦੇ ਹਾਂ। ਇਸ ਦਨਿ ਬਕਾਇਆ ਕੰਮ ਪੂਰੇ ਕਰਨ, ਸਫਾਈ ਆਦਿਕ ਘਰੇਲੂ ਕੰਮਾਂ ਤੋਂ ਲੈ ਪਰਿਵਾਰ, ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਜਾਂ ਉਨ੍ਹਾਂ ਨਾਲ ਕਿਤੇ ਘੁੰਮਣ ਦੇ ਪ੍ਰੋਗਰਾਮ ਬਣਦੇ ਹਨ ਪਰ ਸ਼ਨਿੱਚਰਵਾਰ-ਐਤਵਾਰ ਦੀ ਛੁੱਟੀ ਕੋਈ ਬਹੁਤਾ ਪੁਰਾਣਾ ਵਰਤਾਰਾ ਨਹੀਂ। ਲੰਮਾ ਸਮਾਂ ਤਾਂ ਗੁਲਾਮਦਾਰੀ ਯੁੱਗ ਵਿਚ ਗੁਲਾਮਾਂ ਤੋਂ ਉਮਰ ਭਰ ਕੰਮ ਲਿਆ ਜਾਂਦਾ ਸੀ ਤੇ ਛੁੱਟੀ ਜਿਹਾ ਕੋਈ ਸੰਕਲਪ ਹੀ ਨਹੀਂ ਸੀ। ਜਗੀਰੂ ਯੁੱਗ ਵਿਚ ਵੀ ਕੰਮ ਦੇ ਹਿਸਾਬ ਨਾਲ ਮਾਲਕਾਂ ਦੇ ਚੱਤੋ-ਪਹਿਰ ਸੱਦੇ ਉੱਤੇ ਤਿਆਰ ਰਹਿਣਾ ਪੈਂਦਾ ਸੀ। ਇਹ ਤਾਂ ਆਧੁਨਿਕ ਸਰਮਾਏਦਾਰਾ ਪ੍ਰਬੰਧ ਅਤੇ ਇਸ ਨਾਲ ਹੋਂਦ ਵਿਚ ਆਈ ਇਤਿਹਾਸ ਦੀ ਸਭ ਤੋਂ ਇਨਕਲਾਬੀ ਜਮਾਤ (ਮਜ਼ਦੂਰ ਜਮਾਤ) ਦੀ ਚੇਤਨਾ ਅਤੇ ਸੰਘਰਸ਼ਾਂ ਦਾ ਨਤੀਜਾ ਹੈ ਕਿ ਹਫਤਾਵਾਰੀ ਛੁੱਟੀ ਦਾ ਸੰਕਲਪ ਸਮਾਜ ਦਾ ਆਮ ਨੇਮ ਬਣਿਆ, ਭਾਵੇਂ ਅੱਜ ਦੁਨੀਆ ਭਰ ਵਿਚ ਹੀ ਮਜ਼ਦੂਰ ਲਹਿਰ ਨੂੰ ਲੱਗੀ ਪਛਾੜ ਕਾਰਨ ਇਸ ਹੱਕ ਉੱਤੇ ਮਾਲਕ ਜਮਾਤ ਹਮਲੇ ਕਰ ਰਹੀ ਹੈ। ਹੁਣ ਕੰਮ ਦਾ ਬੋਝ ਵਧਾਇਆ ਜਾ ਰਿਹਾ ਹੈ ਅਤੇ ਮਜ਼ਦੂਰਾਂ, ਕਿਰਤੀਆਂ ਦੇ ਵੱਡੇ ਹਿੱਸੇ ਨੂੰ ਇੰਨਾ ਮਜਬੂਰ ਕਰ ਦਿੱਤਾ ਗਿਆ ਹੈ ਕਿ ਉਹ ਐਤਵਾਰ ਨੂੰ ਵੀ ਓਵਰਟਾਈਮ ਲਾਉਣ ਨੂੰ ਤਰਜੀਹ ਦਿੰਦੇ ਹਨ ਤਾਂ ਜੋ ਦਿਓਕੱਦ ਮਹਿੰਗਾਈ ਅੱਗੇ ਖਰਚੇ ਪੂਰੇ ਪੈ ਸਕਣ।
ਸਭ ਤੋਂ ਪਹਿਲਾਂ ਸਨਅਤੀ ਇਨਕਲਾਬ ਦੇ ਘਰ ਇੰਗਲੈਂਡ ਵਿਚ ਆਧੁਨਿਕ ਮਜ਼ਦੂਰ ਜਮਾਤ ਹੋਂਦ ’ਚ ਆਈ ਅਤੇ ਇਸ ਨੇ ਆਪਣੇ ਹੱਕਾਂ ਲਈ ਸ਼ੁਰੂਆਤੀ ਸ਼ਾਨਾਮੱਤੀਆਂ ਲੜਾਈਆਂ ਲੜੀਆਂ ਤੇ ਪੂਰੇ ਯੂਰੋਪੀਅਨ ਮਹਾਂਦੀਪ, ਇੱਥੋਂ ਤੱਕ ਕਿ ਉੱਤਰੀ ਅਮਰੀਕੀ ਮਹਾਂਦੀਪ ਤੇ ਹੋਰਾਂ ਥਾਵਾਂ ਦੇ ਅਗਲੇਰੇ ਮਜ਼ਦੂਰ ਸੰਘਰਸ਼ਾਂ ਨੂੰ ਵੀ ਪ੍ਰਭਾਵਿਤ ਕੀਤਾ। ਇਸ ਤੋਂ ਬਿਨਾ ਅੰਗਰੇਜ਼ਾਂ ਦੇ ਬਸਤੀ ਬਣਾਏ ਮੁਲਕਾਂ ਵਿਚ ਵੀ ਬਰਤਾਨੀਆ ਦੇ ਮਜ਼ਦੂਰਾਂ ਦੇ ਜਿੱਤੇ ਹੱਕਾਂ ਦਾ ਕੁਝ ਅਸਰ ਪਹੁੰਚਿਆ।
ਆਧੁਨਿਕ ਸਨਅਤ ਪੂਰਬਲੇ ਇੰਗਲੈਂਡ ’ਚ ਹੋਰਾਂ ਸਮਾਜਾਂ ਵਾਂਗ ਸਮੇਂ ਦਾ ਕੋਈ ਆਧੁਨਿਕ ਸੰਕਲਪ ਨਹੀਂ ਸੀ। ਸਮਾਂ ਤੇ ਉਸ ਅਨੁਸਾਰ ਕੰਮ ਮੌਸਮਾਂ ਦੇ ਹਿਸਾਬ ਜਾਂ ਦਨਿ ਦੇ ਉਜਾਲੇ ਨਾਲ ਤੈਅ ਹੁੰਦਾ ਸੀ। ਸਨਅਤੀ ਯੁੱਗ ਦੀ ਆਮਦ ਨੇ ਸਭ ਬਦਲ ਦਿੱਤਾ। ਮਨਮਰਜ਼ੀ ਦੀ ਸਮਾਂ ਸਾਰਨੀ ਨਾਲ ਚਲਦੇ ਦਸਤਕਾਰਾਂ, ਕਾਰੀਗਰਾਂ ਦੀ ਥਾਂ ਸਮੂਹਿਕ ਰੁਜ਼ਗਾਰ, ਭਾਵ, ਮਜ਼ਦੂਰਾਂ ਨੇ ਲੈਣੀ ਸ਼ੁਰੂ ਕਰ ਦਿੱਤੀ। ਹੌਲੀ ਹੌਲੀ ਕੰਮ ਅਤੇ ਸਮੇਂ ਦਾ ਮਾਨਕੀਕਰਨ ਸ਼ੁਰੂ ਹੋਇਆ ਅਤੇ ਕੰਮ ਤੇ ਵਿਹਲ ਵਿਚ ਵੰਡ ਸਪੱਸ਼ਟ ਹੋਣੀ ਸ਼ੁਰੂ ਹੋਈ। 18-19ਵੀਂ ਸਦੀ ਵਿਚ ਮਜ਼ਦੂਰਾਂ ਦੀਆਂ 16-16 ਘੰਟਿਆਂ ਦੀਆਂ ਲਗਾਤਾਰ ਕੰਮ-ਸਿ਼ਫਟਾਂ ਆਮ ਵਰਤਾਰਾ ਸੀ ਪਰ ਇਸ ਖਿਲਾਫ ਮਜ਼ਦੂਰਾਂ ਕੋਲ ਨਾ ਕੋਈ ਬਦਲ ਸੀ ਤੇ ਨਾ ਹੀ ਲੜਨ ਦੀ ਸੋਝੀ। ਮਾਲਕ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਨਿਚੋੜਨਾ ਚਾਹੁੰਦੇ ਸਨ ਅਤੇ ਮਜ਼ਦੂਰ ਆਪਣੇ ਤੇ ਪਰਿਵਾਰ ਲਈ ਇਸ ਜਬਰੀ ਕੰਮ ਵਿਚੋਂ ਸਕੂਨ ਦੇ ਕੁਝ ਪਲ ਹਾਸਲ ਕਰਨਾ ਚਾਹੁੰਦੇ ਸਨ। ਇਸੇ ਲਈ ਮਜ਼ਦੂਰਾਂ ਨੇ ਮਾਲਕਾਂ ਦੇ ਇਸ ਧੱਕੇ ਖਿਲਾਫ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ।
ਹਫਤਾਵਾਰੀ ਦੋ ਛੁੱਟੀਆਂ ਦਾ ਨੇਮ ਆਮ ਹੋਣ ਤੋਂ ਪਹਿਲਾਂ ਬਰਤਾਨੀਆ ਦੇ ਮਜ਼ਦੂਰਾਂ ਵਿਚ ਸੋਮਵਾਰ ਨੂੰ ਛੁੱਟੀ ਮਾਰ ਲੈਣ ਜਾਂ ਕਹੀਏ, ਮਾਲਕਾਂ ਕੋਲੋਂ ਸੋਮਵਾਰ ਦਾ ਦਨਿ ‘ਖੋਹ ਲੈਣ’ ਦਾ ਰਵਿਾਜ ਆਮ ਸੀ। 17-18ਵੀਂ ਸਦੀ ਤੋਂ ਹੀ ਕਾਰੀਗਰ ਪੂਰੇ ਹਫਤੇ ਦੀ ਸਖਤ ਮੁਸ਼ੱਕਤ ਪਿੱਛੋਂ ਐਤਵਾਰ ਨੂੰ ਆਪਣੇ ਘਰ ਦੇ ਕੰਮਾਂ ਲਈ ਰਾਖਵਾਂ ਰੱਖਦੇ ਸਨ ਜਿਸ ਨੂੰ ਉਹ ਗਿਰਜੇ ਜਾਣ, ਪਰਿਵਾਰ ਨਾਲ ਸਮਾਂ ਬਿਤਾਉਣ ਜਾਂ ਸਖਤ ਮਿਹਨਤ ਦੀ ਕੌੜ ਲਾਹੁਣ ਲਈ ਰੱਜ ਕੇ ਦਾਰੂ ਪੀਣ ਵਾਸਤੇ ਵਰਤਦੇ ਸਨ। ਐਤਵਾਰ ਦੇਰ ਰਾਤ ਤੱਕ ਚੱਲਦੇ ਇਸ ਰੁਟੀਨ ਕਾਰਨ ਸੋਮਵਾਰ ਨੂੰ ਉਨ੍ਹਾਂ ਲਈ ਕੰਮ ਕਰਨਾ ਮੁਹਾਲ ਹੁੰਦਾ ਸੀ, ਇਸ ਲਈ ਉਹ ਆਪਣਾ ਕੰਮ ਅਕਸਰ ਬੰਦ ਹੀ ਰੱਖਦੇ ਜਾਂ ਫਿਰ ਸੋਮਵਾਰ ਨੂੰ ਬਾਕੀ ਹਫਤੇ ਦੇ ਕੰਮ ਲਈ ਜ਼ਰੂਰੀ ਆਰਡਰ ਅਤੇ ਸਮਾਨ ਇਕੱਠਾ ਕਰਨ ਦਾ ਆਹਰ ਕਰਦੇ। ਇਸ ਗੈਰ-ਰਸਮੀ ਛੁੱਟੀ ਨੂੰ ਉਹ ‘ਸੰਤ ਸੋਮਵਾਰ’ ਦਾ ਧਾਰਮਿਕ ਬਹਾਨਾ ਲਾ ਕੇ ਮਾਰ ਲੈਂਦੇ ਸਨ। ਇਹੀ ਰਵਿਾਜ ਅੱਗੇ ਮਜ਼ਦੂਰਾਂ ਵਿਚ ਵੀ ਪ੍ਰਚੱਲਿਤ ਹੋ ਗਿਆ ਤੇ 19ਵੀਂ ਸਦੀ ਦੇ ਮੱਧ ਤੱਕ ਬਰਤਾਨੀਆ ਦੀਆਂ ਮਿੱਲਾਂ, ਕਾਰਖਾਨਿਆਂ ਵਿਚ ਵੀ ਇਹ ਆਮ ਨੇਮ ਬਣ ਗਿਆ ਸੀ। ਸੁਭਾਵਿਕ ਹੀ ਮਾਲਕ ਇਸ ਛੁੱਟੀ ਦਾ ਵਿਰੋਧ ਕਰਦੇ ਸਨ। ਗਿਰਜੇ ਦੇ ਧਾਰਮਿਕ ਆਗੂ ਵੀ ਇਸ ਦਾ ਵਿਰੋਧ ਕਰਦੇ ਸਨ ਕਿਉਂ ਜੋ ਉਨ੍ਹਾਂ ਨੂੰ ਲਗਦਾ ਸੀ ਕਿ ਕਾਰੀਗਰ ਤੇ ਮਜ਼ਦੂਰ, ਐਤਵਾਰੀਂ ਰੱਜ ਕੇ ਦਾਰੂ ਪੀਣ ਜਾਂ ਅਜਿਹੀ ਕਿਸੇ ਮਸਤੀ ਲਈ ਖਪਾ ਦਿੰਦੇ ਸਨ ਜਿਸ ਕਾਰਨ ਗਿਰਜੇ ਵਿਚ ਉਨ੍ਹਾਂ ਦੀ ਹਾਜ਼ਰੀ ਘਟਦੀ ਸੀ।
ਸ਼ਨਿੱਚਰਵਾਰ ਨੂੰ ਰਸਮੀ ਤੌਰ ’ਤੇ ਛੁੱਟੀ ਕਰਾਉਣ ਲਈ ਸਭ ਤੋਂ ਪਹਿਲਾਂ ਬਰਤਾਨੀਆ ਅੰਦਰ 1842 ’ਚ ‘ਅਰਲੀ ਕਲੋਸਿੰਗ ਐਸੋਸੀਏਸ਼ਨ’ (ਸਾਝਰੇ ਬੰਦ ਕਰੋ ਐਸੋਸੀਏਸ਼ਨ) ਨਾਂ ਦਾ ਪ੍ਰਚਾਰ ਗਰੁੱਪ ਕਾਇਮ ਹੋਇਆ। ਇਹ ਗਰੁੱਪ ਬਰਤਾਨੀਆ ਦੇ ਦੁਕਾਨ ਮਜ਼ਦੂਰਾਂ ਨੇ ਬਣਾਇਆ ਸੀ ਜਿਸ ਨੂੰ ਕਈ ਸੁਧਾਰਕਾਂ ਤੇ ਧਾਰਮਿਕ ਆਗੂਆਂ ਦੀ ਵੀ ਹਮਾਇਤ ਹਾਸਲ ਸੀ ਕਿਉਂ ਜੋ ਉਨ੍ਹਾਂ ਮੁਤਾਬਕ ਸ਼ਨਿੱਚਰਵਾਰ ਨੂੰ ਵਿਹਲ ਮਿਲਣ ਨਾਲ ਮਜ਼ਦੂਰ ਐਤਵਾਰ ਨੂੰ ਗਿਰਜਿਆਂ ਵਿਚ ਵਧੇਰੇ ਹਾਜ਼ਰੀ ਲਵਾਉਣਗੇ। ਲਗਭਗ ਇਸੇ ਹੀ ਦੌਰ ਵਿਚ ਖਿਆਲੀ ਸਮਾਜਵਾਦੀਆਂ ਨੇ ਕੰਮ ਦੇ ਘੰਟੇ ਘਟਾਉਣ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਸੀ ਜਿਸ ਸਦਕਾ 1844 ਵਿਚ ਕਾਰਖਾਨਾ ਕਾਨੂੰਨ ਰਾਹੀਂ ਕੰਮ ਘੰਟੇ 12 ਘੰਟਿਆਂ ਤੱਕ ਸੀਮਤ ਕਰਾਉਣ ਵਿਚ ਮਜ਼ਦੂਰਾਂ ਨੂੰ ਕਾਮਯਾਬੀ ਮਿਲੀ। 19ਵੀਂ ਸਦੀ ਦੇ ਮੱਧ ਤੱਕ ਇੰਗਲੈਂਡ ਵਿਚ ਕੰਮ ਘੰਟੇ 60-70 ਘੰਟੇ ਤੱਕ ਪ੍ਰਤੀ ਹਫਤੇ ਤੈਅ ਹੋ ਚੁੱਕੇ ਸਨ। ਇਸੇ ਤਰਜ਼ ਉੱਤੇ ਯੂਰੋਪ ਤੇ ਉੱਤਰੀ ਅਮਰੀਕਾ ਵਿਚ ਵੀ ਕੰਮ ਘੰਟੇ ਨਿਸਚਿਤ ਹੋਏ। ਇਸੇ ਦੌਰਾਨ ਲੰਡਨ ਵਿਚ 1864 ਵਿਚ ਕਾਇਮ ਹੋਈ ਕੌਮਾਂਤਰੀ ਮਜ਼ਦੂਰ ਸਭਾ (ਜਿਹੜੀ ਪਹਿਲੀ ਕੌਮਾਂਤਰੀ ਦੇ ਨਾਂ ਨਾਲ ਮਸ਼ਹੂਰ ਹੋਈ) ਨੇ 1866 ਦੀ ਜੇਨੇਵਾ ਸ਼ਹਿਰ ਹੋਈ ਆਪਣੀ ਪਹਿਲੀ ਕਾਂਗਰਸ ਵਿਚ ਮਜ਼ਦੂਰਾਂ ਲਈ ਅੱਠ ਘੰਟੇ ਕੰਮ ਦਨਿ ਦੀ ਮੰਗ ਕੀਤੀ ਤੇ ਇਸ ਨੂੰ ਕੌਮਾਂਤਰੀ ਸਮਾਜਵਾਦੀ ਲਹਿਰ ਦੀ ਅਹਿਮ ਮੰਗ ਵਜੋਂ ਦੂਰ ਦੂਰ ਤੱਕ ਪ੍ਰਚਾਰਨ ਵਿਚ ਅਹਿਮ ਭੂਮਿਕਾ ਅਦਾ ਕੀਤੀ। ਕੰਮ ਘੰਟੇ ਘਟਾਉਣ ਅਤੇ ਸ਼ਨਿੱਚਰਵਾਰ ਦੀ ਰਸਮੀ ਛੁੱਟੀ ਦੀ ਮੰਗ ਦੇ ਦਬਾਅ ਕਾਰਨ ਬਰਤਾਨੀਆ ਵਿਚ 1867 ਦੇ ਕਾਰਖਾਨਾ ਕਾਨੂੰਨ ਰਾਹੀਂ ਮਿੱਲਾਂ ਕਾਰਖਾਨਿਆਂ ਵਿਚ ਸ਼ਨਿੱਚਰਵਾਰ ਦੀ ਅੱਧੀ ਛੁੱਟੀ ਦਾ ਨੇਮ ਲਾਗੂ ਹੋ ਗਿਆ। ਇਸ ਜਿੱਤ ਨਾਲ ਹੋਰ ਖੇਤਰਾਂ ਦੇ ਮਜ਼ਦੂਰਾਂ ’ਚ ਵੀ ਇਸ ਮੰਗ ਨੇ ਜ਼ੋਰ ਫੜਿਆ ਤੇ 19ਵੀਂ ਸਦੀ ਦੇ ਅਖ਼ੀਰ ਤੱਕ ਸ਼ਨਿੱਚਰਵਾਰ ਅੱਧੀ ਛੁੱਟੀ ਦਾ ਨੇਮ ਬਰਤਾਨੀਆ ਦੇ ਤਕਰੀਬਨ ਸਾਰੇ ਮਜ਼ਦੂਰਾਂ ਲਈ ਲਾਗੂ ਹੋ ਗਿਆ।
ਇਨ੍ਹਾਂ ਨਵੀਆਂ ਹਾਲਤਾਂ ਤੋਂ ਫਾਇਦਾ ਲੈਣ ਅਤੇ ਇਸ ਨੇਮ ਨੂੰ ਹੁਲਾਰਾ ਦੇਣ ਲਈ ਮਨੋਰੰਜਨ ਖੇਤਰ ਦੇ ਸਰਮਾਏਦਾਰਾਂ ਨੇ ਦਖਲ ਦਿੱਤਾ। ਬਰਤਾਨੀਆ ਵਿਚ ਫੁੱਟਬਾਲ ਦੇ ਮੈਚ ਸੋਮਵਾਰ ਦੀ ਥਾਂ ਸ਼ਨਿੱਚਰਵਾਰ ਬਾਅਦ ਦੁਪਹਿਰ ਹੋਣ ਲੱਗ ਪਏ। ਇਸ ਨੇ ਇਸ ਦੀ ਮਕਬੂਲੀਅਤ ਬਹੁਤ ਵਧਾ ਦਿੱਤੀ। ਇਸੇ ਲਈ 1890ਵਿਆਂ ਨੂੰ ਬਰਤਾਨੀਆ ਵਿਚ ‘ਫੁੱਟਬਾਲ ਬੁਖਾਰ’ ਦੀ ਸ਼ੁਰੂਆਤ ਦਾ ਦਹਾਕਾ ਵੀ ਕਿਹਾ ਜਾਂਦਾ ਹੈ। ਨਾਲ ਹੀ ਨਾਟਘਰਾਂ, ਸਨਿੇਮਿਆਂ ਤੇ ਹੋਰ ਪ੍ਰੋਗਰਾਮਾਂ ਦਾ ਹਫਤਾਵਾਰੀ ਦਿਨਾਂ ’ਤੇ ਖੇਡੇ ਜਾਣ ਦਾ ਰਵਿਾਜ ਵੀ ਇਸੇ ਸਮੇਂ ਤੁਰਿਆ। ਭਾਰਤ ਵਿਚ ਇਹ ਮਜ਼ਦੂਰ ਮੰਗਾਂ ਸਭ ਤੋਂ ਪਹਿਲਾਂ ਬੰਬੇ ਦੇ ਮਿੱਲ ਮਜ਼ਦੂਰਾਂ ਨੇ 19ਵੀਂ ਸਦੀ ਦੇ ਅੰਤਲੇ ਦਹਾਕਿਆਂ ਵਿਚ ਚੁੱਕੀਆਂ। ਮਜ਼ਦੂਰ ਆਗੂ ਨਰਾਇਣ ਲੋਖੰਡੇ ਦੀ ਅਗਵਾਈ ਵਿਚ 1884 ਵਿਚ ‘ਬੰਬੇ ਮਿੱਲ ਹੈਂਡ ਐਸੋਸੀਏਸ਼ਨ’ ਬਣੀ। ਇਸ ਦੇ ਦਬਾਅ ਵਿਚ ਅੰਗਰੇਜ਼ ਹਕੂਮਤ ਨੇ 1884 ਵਿਚ ਫੈਕਟਰੀ ਕਮਿਸ਼ਨ ਬਣਾਇਆ। ਇਸ ਵਿਚ ਪਹਿਲੀ ਵਾਰੀ ਮਜ਼ਦੂਰਾਂ ਨੂੰ ਐਤਵਾਰ ਦੀ ਛੁੱਟੀ ਦੇਣ, ਦਿਹਾੜੀ ਦੌਰਾਨ ਅੱਧੇ ਘੰਟੇ ਦੀ ਬਰੇਕ ਦੇਣ, ਕੰਮ ਘੰਟੇ ਸੂਰਜ ਢਲਣ ਤੱਕ (6.30 ਵਜੇ ਤਕ) ਸੀਮਤ ਕਰਨ ਅਤੇ ਹਾਦਸਿਆਂ ਦੌਰਾਨ ਮੁਆਵਜ਼ੇ ਦਾ ਪ੍ਰਬੰਧ ਕਰਨ ਜਿਹੀਆਂ ਮੰਗ ਉਭਰੀਆਂ। ਅੰਗਰੇਜ਼ਾਂ ਨੂੰ ਮਜਬੂਰ ਹੋ ਕੇ ਫੈਕਟਰੀ ਕਾਨੂੰਨ ਵਿਚ ਸੋਧਾਂ ਕਰ ਕੇ ਨਵਾਂ ਫੈਕਟਰੀ ਕਾਨੂੰਨ-1891 ਬਣਾਉਣਾ ਪਿਆ ਤੇ ਬੰਬੇ ਦੇ ਮਜ਼ਦੂਰਾਂ ਦੀਆਂ ਮੰਗਾਂ ਮੰਨੀਆਂ ਗਈਆਂ। ਇਹ ਭਾਰਤ ਦੀ ਸ਼ੁਰੂਆਤੀ ਮਜ਼ਦੂਰ ਲਹਿਰ ਦੀ ਵੱਡੀ ਜਿੱਤ ਸੀ। ਲੋਖੰਡੇ ਦੀ ਅਗਵਾਈ ਵਿਚ ਔਰਤ ਮਜ਼ਦੂਰਾਂ ਨੂੰ ਵੀ ਪਹਿਲੀ ਵਾਰੀ ਜੱਥੇਬੰਦ ਕੀਤਾ ਗਿਆ। ਔਰਤ ਮਜ਼ਦੂਰਾਂ ਦਾ ਪਹਿਲਾ ਮੁਜ਼ਾਹਰਾ ਜੈਕਬ ਮਿੱਲ ਵਿਚ 25 ਮਾਰਚ 1895 ਨੂੰ ਹੋਇਆ ਜਿਸ ਵਿਚ ਔਰਤ ਮਜ਼ਦੂਰਾਂ ਲਈ ਬਰਾਬਰ ਉਜਰਤਾਂ, ਹਫਤਾਵਾਰੀ ਛੁੱਟੀ ਅਤੇ 8 ਘੰਟੇ ਕੰਮ ਦੀਆਂ ਮੰਗਾਂ ਚੁੱਕੀਆਂ ਗਈਆਂ। ਕੌਮਾਂਤਰੀ ਹਾਲਤਾਂ ਅਤੇ ਸਥਾਨਕ ਪੱਧਰ ’ਤੇ ਮਜ਼ਦੂਰ ਲਹਿਰ ਦੇ ਅੱਗੇ ਵਧਣ ਨਾਲ ਵੀਹਵੀਂ ਸਦੀ ਤੱਕ ਭਾਰਤ ਵਿਚ ਵੀ ਮਜ਼ਦੂਰਾਂ ਲਈ ਰਸਮੀ ਤੌਰ ’ਤੇ ਹਫਤਾਵਾਰੀ ਛੁੱਟੀ ਅਤੇ ਅੱਠ ਘੰਟੇ ਦੇ ਕੰਮ ਦਨਿ ਦਾ ਹੱਕ ਲਾਗੂ ਹੋਇਆ।
ਵੀਹਵੀਂ ਸਦੀ ਦੇ ਸ਼ੁਰੂ ਤੱਕ ਟਰੇਡ ਯੂਨੀਅਨ ਲਹਿਰ ਨੇ ਸ਼ਨਿੱਚਰਵਾਰ ਦੀ ਅੱਧੀ ਛੁੱਟੀ ਪੂਰੀ ਛੁੱਟੀ ਵਿਚ ਤਬਦੀਲ ਕਰਾਉਣ ਲਈ ਸੰਘਰਸ਼ ਵਿੱਢ ਦਿੱਤਾ ਸੀ ਤੇ ਹਫਤੇ ਲਈ 40 ਘੰਟੇ ਦੇ ਕੰਮ ਦੀ ਮੰਗ ਵੀ ਉੱਠਣੀ ਸ਼ੁਰੂ ਹੋ ਗਈ ਸੀ। ਇਸ ਮੰਗ ਲਈ ਵੱਡਾ ਇਤਿਹਾਸਕ ਘੋਲ ਜਨਵਰੀ 1919 ਵਿਚ ਹੋਇਆ ਜਦੋਂ ਸਕਾਟਲੈਂਡ ਦੇ ਸ਼ਹਿਰ ਗਲਾਸਗੋ (ਭਾਰੀ ਵਸਤਾਂ ਦੀ ਪੈਦਾਵਾਰ ਦਾ ਗੜ੍ਹ) ਵਿਚ ਕੰਮ ਘੰਟੇ 54 ਤੋਂ ਘਟਾ ਕੇ 40 ਕਰਾਉਣ ਲਈ ਟਰੇਡ ਯੂਨੀਅਨਾਂ ਦੀ ਅਗਵਾਈ ਵਿਚ ਮਜ਼ਦੂਰਾਂ ਦਾ ਸੰਘਰਸ਼ ਸ਼ੁਰੂ ਹੋਇਆ। ਸਕਾਟਿਸ਼ ਟਰੇਡ ਯੂਨੀਅਨ ਕਾਂਗਰਸ ਅਤੇ ਗਲਾਸਗੋ ਟਰੇਡ ਤੇ ਲੇਬਰ ਕੌਂਸਲ ਦੀ ਅਗਵਾਈ ਵਿਚ 40 ਘੰਟਿਆਂ ਦੀ ਹੜਤਾਲ ਸ਼ੁਰੂ ਹੋਈ ਜਿਸ ਵਿਚ ਇੰਜਨੀਅਰਿੰਗ ਤੇ ਜਹਾਜ਼ਰਾਨੀ ਸਨਅਤ ਦੇ 40 ਹਜ਼ਾਰ ਮਜ਼ਦੂਰ ਸ਼ਾਮਲ ਹੋਏ। ਇਨ੍ਹਾਂ ਦਾ ਸਾਥ ਬੰਦਰਗਾਹ ਮਜ਼ਦੂਰਾਂ, ਬਿਜਲੀ ਮਜ਼ਦੂਰਾਂ, ਖਾਣ ਮਜ਼ਦੂਰਾਂ ਨੇ ਦਿੱਤਾ। ਜਲਦ ਹੀ ਇਹ ਹੜਤਾਲ ਗਲਾਸਗੋ ਸ਼ਹਿਰ ਦੀ ਆਮ ਹੜਤਾਲ ਵਿਚ ਵਟ ਗਈ। ਉਸ ਵੇਲ਼ੇ 8 ਕੁ ਲੱਖ ਦੀ ਆਬਾਦੀ ਵਾਲੇ ਗਲਾਸਗੋ ਸ਼ਹਿਰ ਵਿਚ 31 ਜਨਵਰੀ 1919 ਦੇ ਮੁਜ਼ਾਹਰੇ ਵਾਲ਼ੇ ਦਨਿ ਇੱਕ ਲੱਖ ਤੋਂ ਵਧੇਰੇ ਮਜ਼ਦੂਰ ਹੜਤਾਲ ਨਾਲ ਜੁੜੇ। ਇਸ ਮੁਜ਼ਾਹਰੇ ਉੱਤੇ ਪੁਲੀਸ ਤਸ਼ੱਦਦ ਵੀ ਹੋਇਆ ਪਰ ਅੰਤ ਨੂੰ ਕੰਮ ਦੇ ਘੰਟੇ 54 ਤੋਂ ਘਟ ਕੇ 47 ਕਰਾਉਣ ਵਿਚ ਮਜ਼ਦੂਰਾਂ ਨੂੰ ਅੰਸ਼ਕ ਜਿੱਤ ਹਾਸਲ ਹੋਈ।
ਰੂਸ ਵਿਚ ਹੋਏ 1917 ਦੇ ਸਮਾਜਵਾਦੀ ਇਨਕਲਾਬ ਨੇ ਪੂਰੀ ਦੁਨੀਆ ਦੀ ਮਜ਼ਦੂਰ ਲਹਿਰ ਉੱਤੇ ਅਸਰ ਛੱਡਿਆ। ਰੂਸ ਵਿਚ ਇਨਕਲਾਬ ਦੇ ਕੁਝ ਦਿਨਾਂ ਮਗਰੋਂ ਹੀ 8 ਘੰਟੇ ਕੰਮ, ਘੱਟੋ-ਘੱਟ ਉਜਰਤ ਤੇ ਹੋਰ ਮਜ਼ਦੂਰ ਹੱਕਾਂ ਬਾਰੇ ਕਾਨੂੰਨ ਪਾਸ ਕੀਤੇ ਗਏ। ਇਉਂ ਇਹ ਸਾਰੇ ਮਜ਼ਦੂਰਾਂ ਲਈ 8 ਘੰਟੇ ਕੰਮ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਪਹਿਲਾ ਮੁਲਕ ਬਣਿਆ। ਪਹਿਲੀ ਤੋਂ ਦੂਜੀ ਸੰਸਾਰ ਜੰਗ ਦਰਮਿਆਨ ਦੁਨੀਆ ਭਰ ਵਿਚ ਟਰੇਡ ਯੂਨੀਅਨ ਲਹਿਰਾਂ ਮਜ਼ਬੂਤ ਹੋਈਆਂ।
ਪਿਛਲੇ ਦਹਾਕਿਆਂ ਦੌਰਾਨ ਮਜ਼ਦੂਰ ਲਹਿਰ ਜਵਿੇਂ ਜਵਿੇਂ ਕਮਜ਼ੋਰ ਪਈ ਹੈ, ਉਵੇਂ ਉਵੇਂ ਸਖ਼ਤ ਸੰਘਰਸ਼ਾਂ ਰਾਹੀਂ ਕਮਾਏ ਹੱਕ ਹਕੂਮਤਾਂ ਨੇ ਖੋਹ ਲਏ ਹਨ। ਹੁਣ ਇੰਗਲੈਂਡ ਵਿਚ ਹੀ ਅੱਧੀ ਤੋਂ ਵੱਧ ਨੌਜਵਾਨ ਆਬਾਦੀ ਸ਼ਨਿੱਚਰਵਾਰ-ਐਤਵਾਰ ਨੂੰ ਵੀ ਕੰਮ ਕਰਨ ਨੂੰ ਮਜਬੂਰ ਹੈ। ਭਾਰਤ ਵਿਚ ਹਾਲਤ ਹੋਰ ਵੀ ਮਾੜੀ ਹੈ। ਮਹਿੰਗਾਈ ਅਤੇ ਘੱਟ ਉਜਰਤਾਂ ਦੀ ਮਾਰ ਨੇ ਬਹੁਤੇ ਮਜ਼ਦੂਰਾਂ ਨੂੰ ਓਵਰਟਾਈਮ ਅਤੇ ਐਤਵਾਰ ਵਾਲੇ ਦਨਿ ਵੀ ਕੰਮ ਕਰਨ ਲਈ ਮਜਬੂਰ ਕੀਤਾ ਹੈ। ਇਕ ਸਰਵੇਖਣ ਮੁਤਾਬਕ ਭਾਰਤ ਵਿਚ ਸਭ ਤੋਂ ਵੱਧ ਛੁੱਟੀ ਵਿਹੂਣੇ ਮਜ਼ਦੂਰ ਹਨ। ਗੈਰ-ਜੱਥੇਬੰਦ ਖੇਤਰ ਵਾਲੇ ਬਹੁਗਿਣਤੀ ਮਜ਼ਦੂਰਾਂ ਦੀ ਹਾਲਤ ਹੋਰ ਵੀ ਮਾੜੀ ਹੈ। ਨਿਰੋਲ ਅਸਥਾਈ ਕੰਮ ਕਰਨ ਵਾਲੇ ਭਾਰਤ ਦੇ ਕਰੀਬ 80 ਲੱਖ ਗਿੱਗ ਕਾਮਿਆਂ ਲਈ ਤਾਂ ਛੁੱਟੀ ਜਿਹਾ ਕੋਈ ਸੰਕਲਪ ਹੀ ਨਹੀਂ ਹੈ। ਇਉਂ ਮਜ਼ਦੂਰਾਂ ’ਤੇ ਕੰਮ ਦਾ ਵਧਿਆ ਬੋਝ ਅਤੇ ਹੱਕਾਂ ’ਤੇ ਪਿਆ ਡਾਕਾ ਸੰਸਾਰ ਵਿਆਪੀ ਹੈ।
ਸੰਪਰਕ: 98888-08188