ਹੜ੍ਹਾਂ ਦੇ ਪਾਣੀ ਮਗਰੋਂ ਕਿਸਾਨਾਂ ਲਈ ਮੁਸੀਬਤ ਬਣੀ ਬੂਟੀ
ਪੱਤਰ ਪ੍ਰੇਰਕ
ਮਮਦੋਟ, 17 ਜੁਲਾਈ
ਸਤਲੁਜ ਦਰਿਆ ਵਿੱਚ ਆਏ ਹੜ੍ਹ ਕਾਰਨ ਹਲਕਾ ਗੁਰੂਹਰਸਾਏ ਦੇ ਪਿੰਡ ਚੱਕ ਸ਼ਿਕਾਰਗਾਹ (ਗਜ਼ਨੀਵਾਲਾ) ਤੇ ਦੋਨਾ ਮੱਤੜ ਪਿੰਡਾਂ ਦੇ ਕਿਸਾਨਾਂ ਦੀ ਜ਼ਮੀਨ ਪਾਣੀ ਦੀ ਮਾਰ ਹੇਠ ਆ ਗਈ ਸੀ। ਹੁਣ ਇਸ ਜ਼ਮੀਨ ਵਿੱਚੋਂ ਪਾਣੀ ਘਟਣ ਲੱਗਾ ਹੈ। ਇਸ ਮਗਰੋਂ ਪਿੰਡਾਂ ਦੇ ਜ਼ਮੀਨ ਵਿੱਚ ਨਵੀਂ ਸਮੱਸਿਆ ਖੜ੍ਹੀ ਹੋ ਗਈ ਹੈ। ਹੜ੍ਹ ਪ੍ਰਭਾਵਿਤ ਜ਼ਮੀਨ ਵਿੱਚ 50 ਫੁੱਟ ਚੌੜੀ ਤੇ ਇੱਕ ਕਿਲੋਮੀਟਰ ਕੰਡਿਆਲੀ ਤਾਰ ਦੇ ਨਾਲ-ਨਾਲ ਖਾਲੀ ਹੋਈ ਜ਼ਮੀਨ ’ਤੇ ਬੂਟੀ (ਕਲਾਲੀ) ਜਮ੍ਹਾਂ ਹੋ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਧਰਮ ਸਿੰਘ ਸਿੱਧੂ ਨੇ ਦੱਸਿਆ ਕਿ ਪਾਣੀ ਦੀ ਮਾਰ ਮਗਰੋਂ ਹੁਣ ਕਿਸਾਨਾਂ ਲਈ ਬੂਟੀ ਵੱਡੀ ਸਮੱਸਿਆ ਬਣ ਗਈ ਹੈ। ਉਨ੍ਹਾਂ ਕਿਹਾ ਕਿ ਖੇਤ ਦੇ ਵਿੱਚੋਂ ਬੂਟੀ ਨੂੰ ਬਾਹਰ ਕੱਢਣਾ ਕਿਸਾਨ ਦੇ ਵੱਸ ਦੀ ਗੱਲ ਨਹੀਂ। ਉਨ੍ਹਾਂ ਦੱਸਿਆ ਕਿ ਇਸ ਨੂੰ ਕੱਢਣ ਲਈ ਵੱਡੇ ਪੱਧਰ ’ਤੇ ਮਸ਼ੀਨਾਂ ਦੀ ਜ਼ਰੂਰਤ ਹੈ। ਸ੍ਰੀ ਸਿੱਧੂ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਐਸਡੀਐੱਮ ਗੁਰੂਹਰਸਹਾਏ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਪਰ ਉਨ੍ਹਾਂ ਵੱਲੋਂ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਨਾਇਬ ਤਹਿਸੀਲਦਾਰ ਗੁਰੂਹਰਸਹਾਏ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਡਰੇਨੇਜ਼ ਵਿਭਾਗ ਤੋਂ ਜੇਸੀਬੀ ਦਿਵਾਉਣ ਦੀ ਗੱਲ ਕਹੀ ਪਰ ਡਰੇਨੇਜ਼ ਵਿਭਾਗ ਦੇ ਐਸਡੀਓ ਨੇ ਸਿਰਫ਼ ਦੋ ਘੰਟੇ ਲਈ ਹੀ ਜੇਸੀਬੀ ਦੇਣ ਦੀ ਪੇਸ਼ਕਸ਼ ਕੀਤੀ। ਕਿਸਾਨ ਆਗੂ ਨੇ ਕਿਹਾ ਕਿ ਇੰਨੇ ਵੱਡੇ ਖੇਤਰ ਵਿੱਚ ਭਰੀ ਬੂਟੀ ਨੂੰ ਦੋ ਘੰਟਿਆਂ ਵਿੱਚ ਬਾਹਰ ਕੱਢਣਾ ਸੰਭਵ ਨਹੀਂ ਹੈ।
ਇਸ ਮਗਰੋਂ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਪ੍ਰਸ਼ਾਸਨ ਨੇ ਕਿਸਾਨਾਂ ਦੀ ਸਾਰ ਨਾ ਲਈ ਤਾਂ ਜਥੇਬੰਦੀ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਲਾਗਉਣ ਲਈ ਮਜਬੂਰ ਹੋਵੇਗੀ।
ਇਸ ਸਬੰਧੀ ਐਸਡੀਐਮ ਗੁਰੂਹਰਸਹਾਇ ਸੂਰਜ ਕੁਮਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਬੀਡੀਪੀਓ ਨੂੰ ਇਸ ਸਮੱਸਿਆ ਦੇ ਹੱਲ ਲਈ ਆਖ ਦਿੱਤਾ ਗਿਆ ਹੈ।