For the best experience, open
https://m.punjabitribuneonline.com
on your mobile browser.
Advertisement

ਜਾਲ਼ੇ

06:23 AM Nov 11, 2023 IST
ਜਾਲ਼ੇ
Advertisement

ਰਵਨੀਤ ਕੌਰ

ਦੀਵਾਲੀ ਆਉਣ ਵਾਲੀ ਹੈ। ਕਈ ਘਰਾਂ ’ਚ ਦੀਵਾਲੀ ਦੀ ਸਫ਼ਾਈ ਹੋ ਚੁੱਕੀ ਹੈ ਅਤੇ ਕਈ ਲੋਕਾਂ ਦੇ ਘਰੀਂ ਸਾਫ-ਸਫ਼ਾਈ ਦਾ ਕੰਮ ਅਜੇ ਵੀ ਚੱਲ ਰਿਹਾ ਹੈ; ਹੁਣ ਇਹ ਕੰਮ ਸਗੋਂ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਸਫ਼ਾਈ ਮੁਹਿੰਮ ਵਾਲੀ ਇਹ ਹਲਚਲ ਦੇਖ ਕੇ ਬਚਪਨ ਦਾ ਸਮਾਂ ਯਾਦ ਆਉਂਦਾ ਹੈ ਜਦੋਂ ਸਾਂਝੇ ਪਰਿਵਾਰ ਦੇ ਸਾਰੇ ਜੀਅ ਰਲ-ਮਿਲ ਕੇ ਦੀਵਾਲੀ ਦੀ ਸਫ਼ਾਈ ਕਰਦੇ ਹੁੰਦੇ ਸਨ। ਇਹ ਕੰਮ ਹੱਥੋ-ਹੱਥੀ ਇਕ ਜਾਂ ਹੱਦ ਦੋ ਦਿਨਾਂ ਵਿਚ ਹੋ ਜਾਂਦਾ। ਹੁਣ ਹਾਲਾਤ ਵੱਖਰੇ ਹਨ। ਸਾਂਝੇ ਪਰਿਵਾਰਾਂ ਦੀ ਥਾਂ ਛੋਟੇ ਪਰਿਵਾਰਾਂ ਨੇ ਲੈ ਲਈ ਹੈ। ਇਕੱਲੇ-ਇਕਹਿਰੇ ਸ਼ਖ਼ਸ ਨੂੰ ਦੀਵਾਲੀ ਦੀ ਸਫ਼ਾਈ ਦਾ ਕੋਈ ਬਹੁਤਾ ਉਤਸ਼ਾਹ ਨਹੀਂ ਹੁੰਦਾ।
ਖ਼ੈਰ! ਤਿੰਨ ਜੀਆਂ ਦੇ ਛੋਟੇ ਪਰਿਵਾਰ ਵਿਚ ਇਸ ਵਾਰ ਵੀ ਸਫ਼ਾਈ ਦਾ ਗੁਣਾ ਮੇਰੇ ’ਤੇ ਆ ਪਿਆ। ਸੱਸ ਮਾਂ ਨੇ ਮਹੀਨਾ ਪਹਿਲਾਂ ਹੀ ਇਹ ਕੰਮ ਕਰਨ ਦੀ ਤਾਕੀਦ ਕਰ ਦਿੱਤੀ। ਮੈਂ ਉਨ੍ਹਾਂ ਦੇ ਹੁਕਮ ਮੂਜਬ ਕੰਮ ਕਰਨਾ ਹੀ ਸੀ। ਕਮਰਿਆਂ ਦੀਆਂ ਛੱਤਾਂ ਤੇ ਕੰਧਾਂ ਝਾੜਨ, ਪਰਦੇ ਧੋਣ ਤੇ ਟੰਗਣ ਆਦਿ ਜਿਹੇ ਕੰਮ ਕਰ ਦਿੱਤੇ। ਪੱਖਿਆਂ ਤੋਂ ਵੀ ਮੋਟੀ ਮੋਟੀ ਮਿੱਟੀ ਝਾੜ ਦਿੱਤੀ ਪਰ ਘੋੜੀ ’ਤੇ ਚੜ੍ਹ ਕੇ ਪੱਖੇ ਸਾਫ਼ ਕਰਨ ਤੋਂ ਮੈਨੂੰ ਡਰ ਲੱਗਦਾ ਹੈ। ਇਸ ਲਈ ਇਹ ਕੰਮ ਜੀਵਨ ਸਾਥੀ ਨੂੰ ਕਰਨ ਲਈ ਕਿਹਾ। ਉਨ੍ਹਾਂ ਨੇ ਪੰਚਾਂ ਦਾ ਕਿਹਾ ਸਿਰ ਮੱਥੇ ਮੰਨਣਾ ਹੀ ਸੀ ਪਰ ਪਰਨਾਲਾ ਵੀ ਉੱਥੇ ਦਾ ਉੱਥੇ ਰਿਹਾ। ਜਦੋਂ ਇਹ ਗੱਲ ਮੰਮੀ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਪੁੱਤ ਦਾ ਪੱਖ ਪੂਰਦਿਆਂ ਕਿਹਾ, “ਵਿਚਾਰਾ ਸਾਰਾ ਦਿਨ ਦਫ਼ਤਰ ’ਚ ਥੱਕ ਜਾਂਦੈ।” ਮੈਂ ਮੁਸਕਰਾ ਪਈ ਤੇ ਸੋਚਿਆ- ‘ਮੈਨੂੰ ਥਕਾਵਟ ਨਹੀਂ ਹੁੰਦੀ... ਨੌਕਰੀ ਤਾਂ ਮੈਂ ਵੀ ਕਰਦੀ ਹਾਂ’।
ਇਕ ਦਿਨ ਦਫ਼ਤਰ ’ਚ ਸਹਿਕਰਮੀ ਨਾਲ ਇਸ ਬਾਬਤ ਸਹਜਿ-ਭਾਅ ਗੱਲ ਚੱਲ ਪਈ। ਇਹ ਕਿੱਸਾ ਵੀ ਸੱਸ ਵਾਲੇ ਜਵਾਬ ਜਿੰਨਾ ਦਿਲਚਸਪ ਸੀ। ਉਨ੍ਹਾਂ ਦੱਸਿਆ, “ਇਨ੍ਹੀਂ ਦਿਨੀਂ ਬੇਗਮ ਦੇ ਅੰਮੀ ਆਏ ਹੋਏ ਹਨ। ਜਦੋਂ ਕਿਸੇ ਗੱਲ ’ਤੇ ਹੁੰਗਾਰਾ ਭਰਨ-ਭਰਵਾਉਣ ਦੀ ਗੱਲ ਆਉਂਦੀ ਹੈ ਤਾਂ ਉਹ (ਬੇਗਮ ਦੀ ਅੰਮੀ) ਆਪਣੀ ਧੀ ਦੀ ਥਾਂ ਮੇਰਾ ਪੱਖ ਵੱਧ ਪੂਰਦੇ ਹਨ। ਪਹਿਲਾਂ ਤਾਂ ਮੈਨੂੰ ਲੱਗਿਆ, ਕਿਧਰੇ ਜਾਣਬੁੱਝ ਕੇ ਤਾਂ ਅਜਿਹਾ ਨਹੀਂ ਕਰਦੇ! ਫਿਰ ਸੋਚਿਆ- ਨਹੀਂ, ਇਹ ਤਰਫ਼ਦਾਰੀ ਜਵਾਈ ਹੋਣ ਕਰ ਕੇ ਹੈ।” ਉਨ੍ਹਾਂ ਦੀ ਗੱਲ ਮੈਨੂੰ ਸਹੀ ਜਾਪੀ। ਇਉਂ ਹੀ ਇਨ੍ਹੀਂ ਦਿਨੀਂ ਮੇਰੇ ਡੈਡੀ ਸਾਡੇ ਕੋਲ ਆਏ। ਉਨ੍ਹਾਂ ਸੋਚਿਆ ਸੀ ਕਿ ਧੀ ਨੂੰ ਦੀਵਾਲੀ ਮੌਕੇ ਕੋਈ ਨਿੱਕ-ਸੁਕ ਦੇ ਆਉਂਦਾ ਹਾਂ। ਗੱਲਾਂ ਗੱਲਾਂ ਵਿਚ ਜਦੋਂ ਪਹਿਲਾਂ ਸਿਹਤਯਾਬੀ ਅਤੇ ਫਿਰ ਮੋਟਾਪੇ ਬਾਰੇ ਗੱਲ ਤੁਰੀ ਤਾਂ ਆਪਣੇ ਸੁਭਾਅ ਮੁਤਾਬਿਕ ਬੜੇ ਸਹਜਿ ਨਾਲ ਕਹਿੰਦੇ, “ਨਹੀਂ... ਤੂੰ ਰਾਜਬੀਰ (ਮੇਰੇ ਪਤੀ) ਨਾਲੋਂ ਮੋਟੀ ਤਾਂ ਨਹੀਂ। ਦੋਵੇਂ ਇਕੋ ਜਿਹੇ ਹੀ ਹੋ।” ਅਗਲੇ ਦਿਨ ਡੈਡੀ ਦੇ ਬੈਠਿਆਂ ਮੈਂ ਇਹੀ ਗੱਲ ਜੀਵਨ ਸਾਥੀ ਕੋਲ ਦੁਹਰਾਈ ਕਿਉਂਕਿ ਇਸ ਮਸਲੇ ’ਤੇ ਵਿਅੰਗ ਵਾਲਾ ਤੀਰ ਅਕਸਰ ਮੇਰੇ ਵੱਲ ਹੀ ਚੱਲਦਾ ਸੀ। ਪੁਸ਼ਟੀ ਲਈ ਡੈਡੀ ਵੱਲ ਦੇਖਿਆ ਤਾਂ ਉਹ ਮੌਨ; ਉਨ੍ਹਾਂ ਚੁੱਪ ਹੀ ਧਾਰ ਲਈ। ਸ਼ਾਇਦ ਉਨ੍ਹਾਂ ਨੇ ਵੀ ਅਜਿਹਾ ਆਪਣੇ ਜਵਾਈ ਦਾ ਪੱਖ ਪੂਰਨ ਲਈ ਕੀਤਾ ਸੀ।
ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਮਿਲਾ ਕੇ ਵਿਚਾਰਿਆ ਤਾਂ ਪੈਪਸੀਕੋ ਦੀ ਸਾਬਕਾ ਮੁਖੀ ਇੰਦਰਾ ਨੂਈ ਦੀ ਆਖੀ ਗੱਲ ਯਾਦ ਆਈ। ਉਹ ਦੱਸਦੀ ਹੈ: “ਸਾਲ 2001 ਦੀ ਗੱਲ ਹੈ। ਮੇਰੀ ਮਾਂ ਸਾਡੇ ਕੋਲ ਆਈ ਹੋਈ ਸੀ। ਮੈਨੂੰ ਪੈਪਸੀਕੋ ਦੇ ਤਤਕਾਲੀ ਸੀਈਓ ਨੇ ਦੱਸਿਆ ਕਿ ਤੁਹਾਨੂੰ ਫੌਰਚੂਨ 500 ਕੰਪਨੀ ਦੀ ਮੁਖੀ ਚੁਣਿਆ ਗਿਆ ਹੈ ਅਤੇ ਕੰਪਨੀ ਦੇ ਬੋਰਡ ਆਫ ਡਾਇਰੈਕਟਰਜ਼ ਵਿਚ ਸ਼ਾਮਿਲ ਕੀਤਾ ਗਿਆ ਹੈ। ਇਹ ਗੱਲ ਪਤਾ ਲੱਗਣ ’ਤੇ ਮੈਂ ਬੜੀ ਉਤਸ਼ਾਹਤਿ ਹੋਈ। ਚਾਅ ਸਾਂਭਿਆ ਨਹੀਂ ਸੀ ਜਾ ਰਿਹਾ। ਰਾਤ ਦੇ ਤਕਰੀਬਨ ਦਸ ਵਜੇ ਘਰ ਆ ਕੇ ਆਪਣੀ ਕਾਰ ਫਟਾਫਟ ਗੈਰਾਜ ਅੰਦਰ ਲਗਾਈ। ਮੇਰੀ ਮਾਂ ਉੱਪਰਲੀ ਮੰਜਿ਼ਲ ’ਤੇ ਪੌੜੀਆਂ ਕੋਲ ਹੀ ਖੜ੍ਹੀ ਸੀ। ਮੈਂ ਉੱਚੀ ਦੇਣੇ ਕਿਹਾ ਕਿ ਤੁਹਾਡੇ ਲਈ ਵੱਡੀ ਖੁਸ਼ਖ਼ਬਰੀ ਹੈ। ਮਾਂ ਨੇ ਕਿਹਾ- ‘ਖੁਸ਼ਖ਼ਬਰੀ ਬਾਅਦ ਵਿਚ ਸੁਣਾਈਂ, ਪਹਿਲਾਂ ਜਾ ਕੇ ਬਾਜ਼ਾਰੋਂ ਦੁੱਧ ਲੈ ਆ’। ਮੇਰੇ ਪਤੀ ਦੀ ਕਾਰ ਗੈਰਾਜ ਵਿਚ ਖੜ੍ਹੀ ਸੀ। ਪਤਾ ਲੱਗਿਆ ਕਿ ਉਹ ਅੱਠ ਵਜੇ ਦਫ਼ਤਰੋਂ ਘਰ ਪਰਤ ਆਇਆ ਸੀ। ਮੈਂ ਮਾਂ ਨੂੰ ਕਿਹਾ- ‘ਉਸ ਤੋਂ ਦੁੱਧ ਮੰਗਵਾ ਲੈਣਾ ਸੀ’। ਮਾਂ ਦਾ ਜਵਾਬ ਸੀ- ‘ਉਹ ਤਾਂ ਦਫ਼ਤਰੋਂ ਥੱਕਿਆ ਹੋਇਆ ਆਇਐ’।... ਤੇ ਮੈਂ ਦੁੱਧ ਲੈਣ ਚਲੀ ਗਈ।”
ਇੰਦਰਾ ਨੂਈ ਕਈ ਸਾਲ ਲਗਾਤਾਰ ਦੁਨੀਆ ਦੀਆਂ ਸਭ ਤੋਂ ਸ਼ਕਤੀਸ਼ਾਲੀ ਔਰਤਾਂ ਵਿਚ ਸ਼ੁਮਾਰ ਰਹੀ ਹੈ। ਜੇਕਰ ਉਸ ਦੀ ਮਾਂ ਨੇ ਵੀ ਆਪਣੇ ਜਵਾਈ ਦਾ ਲਿਹਾਜ਼ ਕੀਤਾ ਤਾਂ ਆਮ ਔਰਤਾਂ ਕੀਹਦੀਆਂ ਪਾਣੀਹਾਰ ਹਨ? ਲੋਕ ਹਰ ਸਾਲ ਦੀਵਾਲੀ ਦੀ ਸਫ਼ਾਈ ਕਰਦਿਆਂ ਘਰਾਂ ’ਚੋਂ ਤਾਂ ਜਾਲ਼ੇ ਲਾਹ ਸੁੱਟਦੇ ਹਨ ਪਰ ਆਪਣੇ ਦਿਲੋ-ਦਿਮਾਗ਼ ’ਤੇ ਲੱਗੇ ਪਿੱਤਰਸੱਤਾ ਦੇ ਜਾਲ਼ੇ ਕਦੋਂ ਲਾਹੁਣਗੇ!

Advertisement

Advertisement
Advertisement
Author Image

joginder kumar

View all posts

Advertisement