ਪੰਜਾਬ ’ਚ ਮੌਸਮ ਵਿਗੜਿਆ, ਮੀਂਹ ਤੇ ਝੱਖੜ ਕਾਰਨ ਕਣਕ ਦੀ ਫ਼ਸਲ ਵਿਛੀ
ਜੋਗਿੰਦਰ ਸਿੰਘ ਮਾਨ
ਮਾਨਸਾ, 30 ਮਾਰਚ
ਪੰਜਾਬ ਵਿਚ ਹੁਣ ਜਦੋਂ ਹਾੜ੍ਹੀ ਦੀ ਵਾਢੀ ਆਰੰਭ ਹੋ ਗਈ ਹੈ ਤਾਂ ਕਈ ਜ਼ਿਲ੍ਹਿਆਂ ਵਿਚ ਮੀਂਹ ਅਤੇ ਝੱਖੜ ਨੇ ਕਿਸਾਨਾਂ ਨੂੰ ਡਰਾ ਦਿੱਤਾ ਹੈ। ਕਈ ਇਲਾਕਿਆਂ ਵਿਚ ਕਣਕ ਦੀ ਫ਼ਸਲ ਵਿੱਛ ਗਈ ਹੈ। ਖੇਤੀ ਵਿਭਾਗ ਨੇ ਕਿਸਾਨਾਂ ਨੂੰ ਫਸਲਾਂ ਲਈ ਪਾਣੀ ਨਾ ਲਾਉਣ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਗੜੇ ਪੈਣ ਦੇ ਨਾਲ ਨਾਲ ਅਸਮਾਨੀ ਬਿਜਲੀ ਲਿਸ਼ਕਣ ਅਤੇ 40 ਤੋਂ 50 ਕਿਲੋਮੀਟਰ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਦਾ ਅਨੁਮਾਨ ਹੈ। ਇਸੇ ਦੌਰਾਨ ਹੀ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਿਆਂ ਵਿਚਲੇ ਵੱਖ ਵੱਖ ਮੁਖੀਆਂ ਤੋਂ ਜਾਣਕਾਰੀ ਹਾਸਲ ਹੋਣੀ ਹੈ ਕਿ ਪਟਿਆਲਾ, ਸ੍ਰੀ ਮੁਕਤਸਰ ਸਾਹਿਬ, ਲੁਧਿਆਣਾ, ਮਸਹਾਲੀ, ਪਠਾਨਕੋਟ, ਹੁਸ਼ਿਆਰਪੁਰ, ਜਲੰਧਰ, ਅੰਮ੍ਰਿਤਸਰ ਇਲਾਕਿਆਂ ਵਿਚ ਮੀਂਹ ਅਤੇ ਝੱਖੜ ਨੇ ਫਸਲਾਂ ਦਾ ਨੁਕਸਾਨ ਕੀਤਾ ਹੈ।
ਨਿਹਾਲ ਸਿੰਘ ਵਾਲਾ(ਰਾਜਵੰਤ ਸਿੰਘ ਰੌਂਤਾ): ਤੇਜ਼ ਬਾਰਸ਼ ਤੇ ਝੱਖੜ ਨੇ ਕਿਸਾਨਾਂ ਦੇ ਦਿਲ ਤੋੜ ਦਿੱਤੇ ਹਨ। ਬੀਤੀ ਰਾਤ ਤੋਂ ਪਏ ਮੀਂਹ ਤੇ ਝੱਖੜ ਨਾਲ ਤਾਜ਼ਾ ਪਾਣੀ ਲੱਗੀਆਂ ਅਤੇ ਭਾਰੀਆਂ ਕਣਕਾਂ ਵਿੱਛ ਗਈਆਂ ਹਨ। ਹਰਾ ਚਾਰਾ ਵੀ ਡਿੱਗ ਗਿਆ।
ਪਿਛਲੇ ਮਹੀਨੇ ਗੜੇਮਾਰੀ ਨਾਲ ਹਰਾ ਚਾਰਾ ਪ੍ਰਭਾਵਿਤ ਹੋਇਆ ਸੀ। ਹੁਣ ਦੂਜੀ ਵਾਰ ਹੋਈ ਕੁਦਰਤ ਦੀ ਮਾਰ ਨੇ ਕਿਸਾਨ ਨੂੰ ਨਿਰਾਸ਼ ਕਰ ਦਿੱਤਾ ਹੈ। ਪਿੰਡ ਪੱਤੋਂ ਹੀਰਾ ਸਿੰਘ, ਦੀਨਾਂ, ਰੌਂਤਾ, ਹਿੰਮਤਪੁਰਾ ਦੇ ਕਿਸਾਨ ਟੋਨਾ ਬਾਰੇਵਾਲਾ, ਨਿਰਭੈ ਸਿੰਘ ਬੱਬੂ,ਰਣਜੀਤ ਬਾਵਾ, ਰਾਜਾ ਸਿੰਘ ਪ੍ਰਧਾਨ,ਗੋਰਾ ਤੂਰ ਨੇ ਕਿਹਾ ਕਿ ਅਸਮਾਨ ’ਤੇ ਬੱਦਲ ਵਾਈ ਦੇਖ ਕੇ ਮਨ ਡਰ ਰਿਹਾ ਹੈ।ਵਿਛੀਆਂ ਕਣਕਾਂ ਦੇ ਝਾੜ ਘੱਟ ਦਾ ਖਦਸ਼ਾ ਹੈ। ਸੂਬਾ ਕਿਸਾਨ ਆਗੂ ਮੁਖਤਿਆਰ ਸਿੰਘ ਦੀਨਾ, ਬਿੱਕਰ ਸਿੰਘ ਰੌਂਤਾ, ਨਾਜਰ ਸਿੰਘ ਖਾਈ ਨੇ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਮੁਆਵਜ਼ਾ ਦਿੱਤਾ ਜਾਵੇ।