ਪੰਜਾਬ ਵਿੱਚ ਅੱਜ ਬਦਲ ਸਕਦੈ ਮੌਸਮ
ਆਤਿਸ਼ ਗੁਪਤਾ
ਚੰਡੀਗੜ੍ਹ, 3 ਫਰਵਰੀ
ਪੰਜਾਬ ਵਿੱਚ ਕਈ ਦਿਨਾਂ ਤੋਂ ਨਿਕਲੀ ਧੁੱਪ ਸਦਕਾ ਦਿਨ ਨਿੱਘੇ ਹੋਣੇ ਸ਼ੁਰੂ ਹੋ ਗਏ ਸਨ ਪਰ ਹਾਲੇ ਲੋਕਾਂ ਨੂੰ ਠੰਢ ਤੋਂ ਰਾਹਤ ਮਿਲਣ ਵਾਲੀ ਨਹੀਂ। ਪੰਜਾਬ ਵਿੱਚ ਮੰਗਲਵਾਰ ਤੋਂ ਮੁੜ ਮੌਸਮ ਦਾ ਮਿਜ਼ਾਜ ਬਦਲ ਸਕਦਾ ਹੈ। ਇਸ ਦੌਰਾਨ ਕਈ ਇਲਾਕਿਆਂ ਵਿੱਚ ਹਲਕਾ ਮੀਂਹ ਪੈ ਸਕਦਾ ਹੈ ਜਾਂ ਬੱਦਲਵਾਈ ਵੀ ਦੇਖਣ ਨੂੂੰ ਮਿਲ ਸਕਦੀ ਹੈ। ਇਹ ਖੁਲਾਸਾ ਚੰਡੀਗੜ੍ਹ ਵਿੱਚ ਸਥਿਤ ਭਾਰਤੀ ਮੌਸਮ ਵਿਭਾਗ ਦੇ ਵਿਗਿਆਨੀਆਂ ਨੇ ਕੀਤਾ ਹੈ। ਮੌਸਮ ਵਿਭਾਗ ਨੇ 4 ਫਰਵਰੀ ਨੂੰ ਮੌਸਮ ਖਰਾਬ ਰਹਿਣ ਸਬੰਧੀ ‘ਯੈਲੋ ਅਲਰਟ’ ਵੀ ਜਾਰੀ ਕੀਤਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਮੌਸਮ ਦਾ ਮਿਜ਼ਾਜ ਬਦਲਣ ਦੇ ਨਾਲ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪੰਜਾਬ ਵਿੱਚ ਸਵੇਰ ਸਮੇਂ ਸੰਘਣੀ ਧੁੰਦ ਦਾ ਕਹਿਰ ਜਾਰੀ ਰਿਹਾ। ਇਸ ਦੌਰਾਨ ਪਟਿਆਲਾ, ਲੁਧਿਆਣਾ, ਅੰਮ੍ਰਿਤਸਰ, ਮੁਹਾਲੀ ਅਤੇ ਚੰਡੀਗੜ੍ਹ ਸਣੇ ਕਈ ਸ਼ਹਿਰਾਂ ਵਿੱਚ ਧੁੰਦ ਪਈ। ਧੁੰਦ ਦੇ ਨਾਲ ਚੱਲ ਰਹੀ ਸੀਤ ਲਹਿਰ ਨੇ ਵੀ ਲੋਕਾਂ ਨੂੰ ਦਿਨ ਭਰ ਕੰਬਣੀ ਛੇੜੀ ਰੱਖੀ। ਹਾਲਾਂਕਿ ਇਨ੍ਹਾਂ ਦਿਨਾਂ ਵਿੱਚ ਪੈ ਰਹੀ ਧੁੰਦ ਕਣਕ ਦੀ ਫ਼ਸਲ ਲਈ ਲਾਹੇਵੰਦ ਸਾਬਤ ਹੋਵੇਗੀ।
ਫਾਜ਼ਿਲਕਾ ਰਿਹਾ ਸਭ ਤੋਂ ਠੰਢਾ
ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਦਾ ਫਾਜ਼ਿਲਕਾ ਸ਼ਹਿਰ ਸਭ ਤੋਂ ਠੰਢਾ ਰਿਹਾ, ਜਿੱਥੇ ਘੱਟ ਤੋਂ ਘੱਟ ਤਾਪਮਾਨ 4.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਦੌਰਾਨ ਅੰਮ੍ਰਿਤਸਰ ਵਿੱਚ 5.2 ਡਿਗਰੀ ਸੈਲਸੀਅਸ, ਲੁਧਿਆਣਾ ’ਚ 8.8, ਪਟਿਆਲਾ ’ਚ 11, ਚੰਡੀਗੜ੍ਹ ’ਚ 10, ਬਠਿੰਡਾ ’ਚ 7.2, ਫਰੀਦਕੋਟ ਵਿੱਚ 7.5, ਗੁਰਦਾਸਪੁਰ ਵਿੱਚ 7, ਨਵਾਂ ਸ਼ਹਿਰ ਵਿੱਚ 7.1, ਫ਼ਤਹਿਗੜ੍ਹ ਸਾਹਿਬ ਵਿੱਚ 11.8, ਫਿਰੋਜ਼ਪੁਰ ’ਚ 7.9, ਮੋਗਾ ’ਚ 8.9, ਮੁਹਾਲੀ ’ਚ 11.1, ਪਠਾਨਕੋਟ ’ਚ 8.3 ਅਤੇ ਰੂਪਨਗਰ ਵਿੱਚ 6.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।