ਮੌਸਮ: ਪੰਜਾਬ ਵਿੱਚ ਮਾਲਵਾ ਖਿੱਤੇ ਨੇ ਬਣਾਇਆ ਅਨੋਖਾ ਰਿਕਾਰਡ
ਸ਼ਗਨ ਕਟਾਰੀਆ
ਬਠਿੰਡਾ, 11 ਫਰਵਰੀ
ਮਾਲਵਾ ਖਿੱਤੇ ਨੇ ਅੱਜ ਪੰਜਾਬ ਭਰ ’ਚੋਂ ਅਨੋਖਾ ਰਿਕਾਰਡ ਬਣਾਇਆ ਹੈ। ਮਾਲਵਾ ਖਿੱਤੇ ਦੇ ਮੋਗਾ ਜ਼ਿਲ੍ਹੇ ਦਾ ਪਿੰਡ ਬੁੱਧ ਸਿੰਘ ਵਾਲਾ ਦਾ ਘੱਟੋ-ਘੱਟ ਤਾਪਮਾਨ 2.8 ਡਿਗਰੀ ਰਿਹਾ ਜੋ ਕਿ ਪੰਜਾਬ ਭਰ ’ਚ ਸਭ ਤੋਂ ਘੱਟ ਸੀ। ਇਸੇ ਤਰ੍ਹਾਂ ਵੱਧ ਤੋਂ ਵੱਧ ਤਾਪਮਾਨ ਫ਼ਰੀਦਕੋਟ ਵਿੱਚ 24.5 ਡਿਗਰੀ ਦਰਜ ਕੀਤਾ ਗਿਆ ਜੋ ਕਿ ਉੱਪਰਲੇ ਤਾਪਮਾਨ ਵਿੱਚ ਪੰਜਾਬ ਵਿੱਚ ਸਭ ਤੋਂ ਵੱਧ ਦਰਜ ਕੀਤਾ ਗਿਆ। ਜਾਣਕਾਰੀ ਮੁਤਾਬਕ ਬੁੱਧ ਸਿੰਘ ਵਾਲਾ ਵਿੱਚ ਉੱਪਰਲਾ ਤਾਪਮਾਨ 21.4 ਡਿਗਰੀ ਜਦਕਿ ਫ਼ਰੀਦਕੋਟ ਦਾ ਹੇਠਲਾ ਤਾਪਮਾਨ 6.7 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਮਾਲਵਾ ਖਿੱਤੇ ਦੇ ਹੋਰਨਾਂ ਸ਼ਹਿਰਾਂ ਵਿੱਚੋਂ ਫ਼ਿਰੋਜ਼ਪੁਰ ਵਿੱਚ ਘੱਟੋ-ਘੱਟ ਤਾਪਮਾਨ 4.6 ਅਤੇ ਵੱਧ ਤੋਂ ਵੱਧ ਤਾਪਮਾਨ 22.1, ਬਠਿੰਡਾ ਵਿੱਚ ਕ੍ਰਮਵਾਰ ਘੱਟੋ ਘੱਟ ਤਾਪਮਾਨ 4.2 ਤੇ ਵੱਧ ਤੋਂ ਵੱਧ 23.6, ਫ਼ਰੀਦਕੋਟ ’ਚ ਘੱਟੋ ਘੱਟ ਤਾਪਮਾਨ 6.7 ਤੇ ਵੱਧ ਤੋਂ ਵੱਧ ਤਾਪਮਾਨ 24.5 ਡਿਗਰੀ ਅਤੇ ਬਰਨਾਲਾ ਵਿੱਚ ਘੱਟੋ ਘੱਟ ਤਾਪਮਾਨ 4.3 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਦਰਜ ਕੀਤਾ ਗਿਆ। ਇਨ੍ਹੀਂ ਦਿਨੀਂ ਮੌਸਮ ਦਾ ਮਿਜ਼ਾਜ ਹੌਲੀ-ਹੌਲੀ ਬਦਲ ਰਿਹਾ ਹੈ। ਰਾਤਾਂ ਠੰਢੀਆਂ ਹਨ, ਪਰ ਦਿਨ ਦੇ ਤਾਪਮਾਨ ਨੇ ਗਰਮਾਹਟ ਫੜਨੀ ਸ਼ੁਰੂ ਕਰ ਦਿੱਤੀ ਹੈ। ਮੌਸਮ ਵਿਗਿਆਨੀਆਂ ਅਨੁਸਾਰ 12 ਤੋਂ 14 ਫਰਵਰੀ ਦਰਮਿਆਨ ਕਦੇ ਧੁੱਪ, ਕਦੇ ਛਾਂ ਵਾਲਾ ਮਾਹੌਲ ਦੇਖਣ ਨੂੰ ਮਿਲੇਗਾ। ਅਗਲਾ ਕਰੀਬ ਪੂਰਾ ਹਫ਼ਤਾ ਮੌਸਮ ਖ਼ੁਸ਼ਕ ਰਹਿਣ ਦੇ ਆਸਾਰ ਹਨ ਅਤੇ ਕੋਹਰਾ ਪੈਣ ਦੀ ਵੀ ਸੰਭਾਵਨਾ ਹੈ ਜਦਕਿ 19 ਫਰਵਰੀ ਦੇ ਆਸ-ਪਾਸ ਪੱਛਮੀ ਗੜਬੜੀ ਕਾਰਨ ਉੱਤਰੀ ਭਾਰਤ ’ਚ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਮੈਦਾਨੀ ਇਲਾਕਿਆਂ ’ਚੋਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਆਦਿ ’ਚ ਮੀਂਹ ਪੈਣ ਦਾ ਅਨੁਮਾਨ ਹੈ, ਜਦਕਿ ਇਹ ਗੜਬੜੀ ਪਹਾੜੀ ਇਲਾਕਿਆਂ ’ਚ ਬਰਫ਼ਬਾਰੀ ਦਾ ਸਬੱਬ ਬਣ ਸਕਦੀ ਹੈ। ਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਪਾਣੀ ਮੰਗ ਰਹੀਆਂ ਫ਼ਸਲਾਂ ਜਿਵੇਂ ਕਿ ਕਣਕ, ਸਰ੍ਹੋਂ, ਆਲੂ ਆਦਿ ਨੂੰ ਪਾਣੀ ਦੇ ਸਕਦੇ ਹਨ ਕਿਉਂਕਿ ਅਜੇ ਇੱਕ ਹਫ਼ਤੇ ਬਾਅਦ ਹੀ ਮੀਂਹ ਪਵੇਗਾ।