ਦਿੱਲੀ-ਐੱਨਸੀਆਰ ਵਿੱਚ ਹਲਕੇ ਮੀਂਹ ਨਾਲ ਮੌਸਮ ਹੋਇਆ ਖੁਸ਼ਗਵਾਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜੂਨ
ਦਿੱਲੀ-ਐੱਨਸੀਆਰ ਵਿੱਚ ਸਵੇਰੇ ਮੀਂਹ ਦਾ ਦਰਮਿਆਨਾ ਛਰਾਟਾ ਪਿਆ ਜਿਸ ਨਾਲ ਮੌਸਮ ਖੁਸ਼ਗਵਾਰ ਹੋ ਗਿਆ ਤੇ ਲੋਕਾਂ ਨੇ ਇਸ ਸੁਹਾਵਣੇ ਮੌਸਮ ਵਿੱਚ ਐਤਵਾਰ ਦੀ ਛੁੱਟੀ ਦਾ ਆਨੰਦ ਮਾਣਿਆ। ਕੌਮੀ ਰਾਜਧਾਨੀ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 23 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ ਜਦੋਂ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਦੇ ਆਸ-ਪਾਸ ਰਿਹਾ। ਘੱਟੋ-ਘੱਟ ਤਾਪਮਾਨ ਦਾ ਅੰਕੜਾ ਆਮ ਦਿਨਾਂ ਨਾਲੋਂ ਹੇਠਾਂ ਦਰਜ ਕੀਤਾ ਗਿਆ।
ਆਮ ਹਾਲਤਾਂ ਵਿੱਚ ਜੂਨ ਮਹੀਨੇ ਦੌਰਾਨ ਦਿਨ ਦਾ ਤਾਪਮਾਨ 45-47 ਡਿਗਰੀ ਹੁੰਦਾ ਹੈ ਪਰ ਬੀਤੇ ਦਿਨਾਂ ਦੌਰਾਨ ਪਏ ਮੀਂਹ ਨਾਲ ਮੌਸਮ ਖੁਸ਼ਗਵਾਰ ਹੋ ਗਿਆ ਹੈ। ਐੱਨਸੀਆਰ ਦੇ ਇਲਾਕਿਆਂ ਫਰੀਦਾਬਾਦ, ਗੁਰੂਗ੍ਰਾਮ, ਨੋਇਡਾ ਤੇ ਗਾਜ਼ੀਆਬਾਦ ਸਮੇਤ ਸੋਨੀਪਤ ਵਿੱਚ ਮੌਸਮੀ ਤਬਦੀਲੀਆਂ ਦਾ ਅਸਰ ਰਿਹਾ। ਮੌਸਮ ਮਹਿਕਮੇ ਮੁਤਾਬਕ ਦਿੱਲੀ ਐਨਸੀਆਰ ਵਿੱਚ ਮੌਸਮੀ ਤਬਦੀਲੀਆਂ ਪੱਛਮੀ ਹਵਾਵਾਂ ਦੀ ਤਬਦੀਲੀ ਦਾ ਸਿੱਟਾ ਹੈ ਜਿਸ ਕਰਕੇ ਬੇਮੌਸਮੀ ਬਾਰਸ਼ ਹੋ ਰਹੀ ਹੈ। ਅਧਿਕਾਰੀਆਂ ਮੁਤਾਬਕ ਅੱਜ ਦਿਨ ਭਰ ਅਸਮਾਨ ਉਪਰ ਬੱਦਲਵਾਈ ਛਾਈ ਰਹੀ ਤੇ ਸੂਰਜ ਬੱਦਲਾਂ ਓਹਲੇ ਲੁਕਣ-ਮੀਟੀ ਖੇਡਦਾ ਰਿਹਾ। ਸਵੇਰੇ ਨਮੀ ਦੀ ਮਾਤਰਾ 86 ਡਿਗਰੀ ਮਾਪੀ ਗਈ ਜਿਸ ਨਾਲ ਸਵੇਰੇ ਮੀਂਹ ਦੇ ਹਾਲਤ ਬਣੇ। ਮੀਂਹ ਪੈਣ ਨਾਲ ਦਿੱਲੀ-ਐਨਸੀਆਰ ਵਿੱਚ ਅਸਮਾਨ ਵੀ ਸਾਫ਼ ਰਿਹਾ ਤੇ ਵਾਤਾਵਰਨ ਵਿੱਚ ਛਾਈ ਗਰਦ ਧੋਤੀ ਗਈ। ਹਵਾ ਸ਼ੁੱਧਤਾ ਸੂਚਕ ਅੰਕ 147 ਮਾਪਿਆ ਗਿਆ ਜੋ ਦਰਮਿਆਨਾ ਮੰਨਿਆ ਜਾਂਦਾ ਹੈ। ਐਤਵਾਰ ਨੂੰ ਦਿੱਲੀ ਦੇ ਲੋਕ ਪਾਰਕਾਂ, ਹਰਿਆਲੀਆਂ ਥਾਂਵਾਂ ਉੱਤੇ ਪਰਿਵਾਰਾਂ ਨਾਲ ਸੈਰ ਕਰਦੇ ਦੇਖੇ ਗਏ। ਸੈਲਾਨੀ ਥਾਵਾਂ ਉਪਰ ਵੀ ਸਥਾਨਕ ਲੋਕਾਂ ਦੀ ਭੀੜ ਰਹੀ।