ਮੌਸਮ ਦਾ ਮਿਜ਼ਾਜ: ਮਾਲਵੇ ਦੇ ਸੀਤ ਲਹਿਰ ਦੀ ਗ੍ਰਿਫ਼ਤ ’ਚ ਰਹਿਣ ਦੇ ਆਸਾਰ!
ਸ਼ਗਨ ਕਟਾਰੀਆ
ਬਠਿੰਡਾ, 15 ਜਨਵਰੀ
ਪੰਜਾਬ ਭਰ ’ਚੋਂ ਸਭ ਤੋਂ ਸੀਤ ਅਤੇ ਗਰਮ ਖਿੱਤਾ ਮਾਲਵਾ ਹੀ ਰਿਹਾ। ਮਾਲਵੇ ’ਚ ਅੱਜ ਮਾਮੂਲੀ ਜ਼ਮੀਨੀ ਧੁੰਦ ਕਿਤੇ-ਕਿਤੇ ਸੀ, ਜੋ ਸੂਰਜ ਚੜ੍ਹਦਿਆਂ ਹੀ ਕਿੱਧਰੇ ਲੋਪ ਹੋ ਗਈ। ਪੂਰਾ ਦਿਨ ਖਿੜੀ ਧੁੱਪ ਨਾਲ ਆਪਣੇ ਤਨ ਸੇਕ ਕੇ, ਲੋਕਾਂ ਨੇ ਭਰਪੂਰ ਲੁਤਫ਼ ਮਾਣਿਆ। ਮਾਲਵੇ ਦੇ ਸ਼ਹਿਰ ਮੋਗਾ ਨੇੜਲੇ ਪਿੰਡ ਬੁੱਧ ਸਿੰਘ ਵਾਲਾ ’ਚ ਅੱਜ ਸਭ ਤੋਂ ਘੱਟ ਤਾਪਮਾਨ 2.2 ਡਿਗਰੀ ਸੈਂਟੀਗਰੇਡ ਮਾਪਿਆ ਗਿਆ। ਇਸੇ ਖਿੱਤੇ ਦੇ ਨਗਰਾਂ ਹੇਠਲਾ ਪਾਰਾ ਬਰਨਾਲਾ ’ਚ ਘੱਟੋ ਘੱਟ ਤਾਪਮਾਨ 3.4, ਫ਼ਿਰੋਜ਼ਪੁਰ ’ਚ ਘੱਟੋ ਘੱਟ ਤਾਪਮਾਨ 3.9, ਬਠਿੰਡਾ ’ਚ ਘੱਟੋ ਘੱਟ ਤਾਪਮਾਨ 4.2 ਅਤੇ ਫ਼ਰੀਦਕੋਟ ਘੱਟੋ ਘੱਟ ਤਾਪਮਾਨ 5.0 ਡਿਗਰੀ ਸੈਂਟੀਗਰੇਡ ਦਰਜ ਕੀਤਾ ਗਿਆ। ਬਾਬਾ ਫ਼ਰੀਦ ਦੀ ਨਗਰੀ ਫ਼ਰੀਦਕੋਟ ’ਚ ਪੰਜਾਬ ਸਭ ਤੋਂ ਵਧ ਤਾਪਮਾਨ 23.1 ਡਿਗਰੀ ਸੈਂਟੀਗਰੇਡ ਦਰਜ ਕੀਤਾ ਗਿਆ। ਮੌਸਮ ਵਿਗਿਆਨੀਆਂ ਦੀ ਮੰਨੀਏ ਤਾਂ ਠੰਢ ਦਾ ਮਿਜ਼ਾਜ ਅਗਲੇ ਕੁੱਝ ਦਿਨ ਇਸੇ ਤਰ੍ਹਾਂ ਬਰਕਰਾਰ ਰਹੇਗਾ। ਮਾਲਵੇ ’ਚ 16 ਤੇ 17 ਜਨਵਰੀ ਨੂੰ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਸੀਤ ਹਵਾਵਾਂ ਦੇ ਬੁੱਲੇ ਵੀ ਇਸੇ ਤਰ੍ਹਾਂ ਝੁੱਲਦੇ ਰਹਿਣ ਦੀ ਸੰਭਵਾਨਾ ਹੈ।
16 ਜਨਵਰੀ ਨੂੰ ਮੀਂਹ ਵਾਲੇ ਪੱਛਮੀ ਸਿਸਟਮ ਨੇ ਫਿਲਹਾਲ ਪੰਜਾਬ ਤੋਂ ਵਿੱਥ ਬਣਾ ਲਈ ਹੈ। ਇਹ ਸਿਸਟਮ ਆ ਜ਼ਰੂਰ ਰਿਹਾ ਹੈ, ਪਰ ਇਸ ਦਾ ਮੁਹਾਣ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰਾਂ ਵਿੱਚ ਰਹਿਣ ਦੇ ਆਸਾਰ ਹਨ ਜਿਨ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਨੂੰ ਪਾਣੀ ਦੀ ਜ਼ਰੂਰਤ ਹੈ, ਖੇਤੀ ਮਾਹਿਰਾਂ ਦੀ ਉਨ੍ਹਾਂ ਕਾਸ਼ਤਕਾਰਾਂ ਨੂੰ ਪਾਣੀ ਦੇ ਦੇਣ ਦੀ ਸਲਾਹ ਦਿੱਤੀ ਗਈ ਹੈ।