For the best experience, open
https://m.punjabitribuneonline.com
on your mobile browser.
Advertisement

ਮੌਸਮ ਦਾ ਮਿਜਾਜ਼: ਬਰਨਾਲਾ ’ਚ ਸੰਘਣੀ ਧੁੰਦ ਨਾਲ ਠੰਢ ਦੀ ਦਸਤਕ

07:20 AM Nov 13, 2024 IST
ਮੌਸਮ ਦਾ ਮਿਜਾਜ਼  ਬਰਨਾਲਾ ’ਚ ਸੰਘਣੀ ਧੁੰਦ ਨਾਲ ਠੰਢ ਦੀ ਦਸਤਕ
ਬਰਨਾਲਾ-ਮੋਗਾ ਕੌਮੀ ਮਾਰਗ ’ਤੇ ਪਿੰਡ ਚੀਮਾ ਨੇੜੇ ਸੰਘਣੀ ਧੁੰਦ ’ਚੋਂ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਲੰਘਦੇ ਹੋਏ ਰਾਹਗੀਰ।
Advertisement

ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 12 ਨਵੰਬਰ
ਬਰਨਾਲਾ ਵਿੱਚ ਅੱਜ ਸੰਘਣੀ ਧੁੰਦ ਨਾਲ ਠੰਢ ਦੀ ਸ਼ੁਰੂਆਤ ਹੋ ਗਈ ਹੈ। ਮੰਗਲਵਾਰ ਸਵੇਰ ਤੋਂ ਹੀ ਇਲਾਕੇ ਵਿੱਚ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਸੜਕਾਂ ’ਤੇ ਆਵਾਜਾਈ ਦੀ ਰਫ਼ਤਾਰ ਹੌਲੀ ਹੋ ਗਈ। ਧੁੰਦ ਦਾ ਪ੍ਰਭਾਵ ਦੁਪਹਿਰ ਤੱਕ ਜਾਰੀ ਰਿਹਾ। ਇਸ ਨਾਲ ਪਾਰਾ ਵੀ ਥੱਲੇ ਡਿੱਗ ਪਿਆ ਹੈ। ਅੱਜ ਬਰਨਾਲਾ ਵਿੱਚ ਤਾਪਮਾਨ 16-17 ਡਿਗਰੀ ਦੇ ਨੇੜੇ ਰਿਹਾ। ਧੁੰਦ ਕਾਰਨ ਸੜਕਾਂ ਉੱਪਰ ਵਿਜ਼ੀਬਿਲਿਟੀ 100 ਮੀਟਰ ਤੋਂ ਵੀ ਘੱਟ ਰਹੀ। ਆਉਣ ਵਾਲੇ ਦਿਨਾਂ ਵਿੱਚ ਠੰਢ ਤੇਜ਼ ਹੋਣ ਦੀ ਸੰਭਾਵਨਾ ਹੈ। ਜੇ ਪਰਾਲੀ ਨੂੰ ਅੱਗ ਇਸੇ ਤਰ੍ਹਾਂ ਲੱਗਦੀ ਰਹੀ ਤਾਂ ਧੁੰਦ ਹੋਰ ਵਧਣ ਦੀ ਸੰਭਾਵਨਾ ਹੈ। ਮੌਸਮ ਦੀ ਇਸ ਕਰਵਟ ਨੇ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਲਈ ਬੈਠੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਫ਼ਸਲ ਵਿੱਚ ਨਮੀ ਵੱਧ ਹੋਣ ਕਾਰਨ ਝੋਨੇ 'ਚ ਫ਼ਸਲ ਨਹੀਂ ਖ਼ਰੀਦੀ ਜਾ ਰਹੀ। ਕਿਸਾਨ ਆਗੂ ਦਰਸ਼ਨ ਸਿੰਘ ਚੀਮਾ ਨੇ ਕਿਹਾ ਕਿ ਧੁੰਦ ਅਤੇ ਠੰਢ ਨਾਲ ਕਿਸਾਨ ਮੰਡੀਆਂ ਵਿੱਚ ਹੋਰ ਰੁਲਣਗੇ, ਕਿਉਂਕਿ ਪਹਿਲਾਂ ਹੀ ਨਮੀ ਦੇ ਬਹਾਨਾ ਝੋਨੇ ਦੀ ਫ਼ਸਲ ਨਹੀਂ ਖ਼ਰੀਦੀ ਜਾ ਰਹੀ। ਹੁਣ ਧੁੰਦ ਤੇ ਠੰਢ ਕਾਰਨ ਫਸਲ ਵਿੱਚ ਨਮੀ ਦੀ ਮਾਤਰਾ ਘਟਣ ਦੀ ਬਜਾਏ ਹੋਰ ਵਧੇਗੀ। ਉਨ੍ਹਾਂਂ ਕਿਹਾ ਕਿ ਧੁੰਦ ਕਾਰਨ ਅਜੇ ਵੱਢਣ ਤੋਂ ਰਹਿੰਦੀ ਫ਼ਸਲ ਵਿੱਚ ਹੋਰ ਦੇਰੀ ਹੋਵੇਗੀ। ਜੇਕਰ ਆਉਣ ਵਾਲੇ ਦਿਨਾਂ ਵਿੱਚ ਮੀਂਹ ਵਗੈਰਾ ਪੈ ਗਿਆ ਤਾਂ ਮੁਸ਼ਕਿਲਾਂ ਵਧਣਗੀਆਂ‌‌। ਜਿਸ ਕਰਕੇ ਸਰਕਾਰ ਨੂੰ ਫ਼ਸਲ ਖ਼ਰੀਦਣ ਲਈ ਨਮੀ ਦੀ ਮਾਤਰਾ 17 ਫ਼ੀਸਦੀ ਤੋਂ ਵਧਾ ਕੇ 22 ਫ਼ੀਸਦੀ ਕਰਨੀ ਚਾਹੀਦੀ ਹੈ। ਉਥੇ ਉਹਨਾਂ ਦੱਸਿਆ ਕਿ ਧੁੰਦ ਕਾਰਨ ਕਣਕ ਦੀ ਬਿਜਾਈ ਵੀ ਪਛੜੇਗੀ ਅਤੇ ਬਦਲ ਰਿਹਾ ਮੌਸਮ ਕਿਸਾਨਾਂ ਲਈ ਵੱਡੀ ਆਫ਼ਤ ਤੋਂ ਘੱਟ ਨਹੀਂ ਹੈ।

Advertisement

ਧਨੌਲਾ ਨੇੜੇ ਬੱਸ ’ਤੇ ਟਰੱਕ ਦੀ ਟੱਕਰ, ਜਾਨੀ ਨੁਕਸਾਨ ਤੋਂ ਬਚਾਅ

ਧਨੌਲਾ ਨੇੜੇ ਸੜਕ ਹਾਦਸੇ ’ਚ ਨੁਕਸਾਨੇ ਵਾਹਨ।

ਧਨੌਲਾ (ਨਿੱਜੀ ਪੱਤਰ ਪ੍ਰੇਰਕ): ਇਥੇ ਅੱਜ ਪਈ ਪਹਿਲੀ ਸੰਘਣੀ ਕਾਰਨ ਤੜਕਸਾਰ ਧਨੌਲਾ-ਬਰਨਾਲਾ ਰਾਸ਼ਟਰੀ ਹਾਈਵੇ ’ਤੇ ਇੱਕ ਬੱਸ ਤੇ ਝੋਨੇ ਨਾਲ ਲੱਦੇ ਟਰੱਕ ਦੀ ਟੱਕਰ ਹੋ ਗਈ­ ਪਰ ਹਾਦਸੇ ’ਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਬਠਿੰਡਾ ਤੋਂ ਚੰਡੀਗੜ੍ਹ ਜਾ ਰਹੀ ਪੀਆਰਟੀਸੀ ਦੀ ਬੱਸ ਜਦੋਂ ਧਨੌਲਾ ਹਾਈਵੇ ’ਤੇ ਪਹੁੰਚੀ ਤਾਂ ਧਨੌਲਾ ਤੋਂ ਰਾਜਗੜ੍ਹ ਰੋਡ ਨੂੰ ਜਾਣ ਲਈ ਸੜਕ ਪਾਰ ਕਰਦੇ ਹੋਏ ਝੋਨੇ ਦੇ ਲੱਦੇ ਟਰੱਕ ਨਾਲ ਟੱਕਰ ਹੋ ਗਈ। ਬੱਸ ਦੇ ਡਰਾਈਵਰ ਜੋਧਾ ਸਿੰਘ ਨੇ ਦੱਸਿਆ ਕਿ ਧੁੰਦ ਜ਼ਿਆਦਾ ਹੋਣ ਕਾਰਨ ਨਾ ਤਾਂ ਟਰੱਕ ਵਾਲੇ ਨੂੰ ਬੱਸ ਨਜ਼ਰ ਆਈ ਅਤੇ ਨਾ ਹੀ ਉਸ ਨੂੰ ਟਰੱਕ ਨਜ਼ਰ ਆਇਆ­। ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਯੋਧਾ ਸਿੰਘ ਆਪਣੀ ਪੂਰੀ ਟੀਮ ਨਾਲ ਮੌਕੇ ’ਤੇ ਪਹੁੰਚੇ। ਬੱਸ ਵਿੱਚ ਕੁੱਲ 10-15 ਸਵਾਰੀਆਂ ਹੀ ਸਨ। ਥਾਣਾ ਧਨੌਲਾ ਦੇ ਹੌਲਦਾਰ ਰਣਜੀਤ ਸਿੰਘ ਨੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।

Advertisement

Advertisement
Author Image

sukhwinder singh

View all posts

Advertisement