ਮੌਸਮ ਦਾ ਮਿਜ਼ਾਜ: ਮੀਂਹ ਕਾਰਨ ਸਰਹੱਦੀ ਜ਼ਿਲ੍ਹਿਆਂ ’ਚ ਸੀਤ ਲਹਿਰ ਨੇ ਜ਼ੋਰ ਫੜਿਆ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 27 ਦਸੰਬਰ
ਅੱਜ ਇੱਥੇ ਸਰਹੱਦੀ ਜ਼ਿਲ੍ਹੇ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਸੀਤ ਲਹਿਰ ਨੇ ਹੋਰ ਜ਼ੋਰ ਫੜ ਲਿਆ ਹੈ, ਜਿਸ ਨਾਲ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਇੱਥੇ ਬੀਤੀ ਰਾਤ ਤੋਂ ਹੀ ਬੱਦਲਵਾਈ ਬਣੀ ਹੋਈ ਸੀ ਅਤੇ ਅੱਜ ਸਾਰਾ ਦਿਨ ਮੀਂਹ ਪੈਂਦਾ ਰਿਹਾ। ਕੁਝ ਸਮੇਂ ਲਈ ਮੀਂਹ ਰੁਕਦਾ ਸੀ ਅਤੇ ਮੁੜ ਸ਼ੁਰੂ ਹੋ ਜਾਂਦਾ ਸੀ। ਇਸ ਮੀਂਹ ਨੂੰ ਵਾਤਾਵਰਨ ਦੀ ਸ਼ੁੱਧਤਾ ਅਤੇ ਫਸਲਾਂ ਲਈ ਲਾਹੇਵੰਦ ਦੱਸਿਆ ਗਿਆ ਹੈ। ਬੀਤੇ ਕਈ ਮਹੀਨਿਆਂ ਤੋਂ ਵਾਤਾਵਰਨ ਵਿੱਚ ਪ੍ਰਦੂਸ਼ਣ ਦੀ ਮਾਤਰਾ ਵਧੀ ਹੋਈ ਸੀ ਜਿਸ ਕਾਰਨ ਲੋਕਾਂ ਦੀ ਸਿਹਤ ’ਤੇ ਵੀ ਅਸਰ ਪੈ ਰਿਹਾ ਸੀ। ਮੀਂਹ ਦੇ ਕਾਰਨ ਵਾਤਾਵਰਨ ਵਿੱਚੋਂ ਪ੍ਰਦੂਸ਼ਣ ਦੇ ਕਣ ਸਾਫ ਹੋਏ ਹਨ। ਮੌਸਮ ਵਿਭਾਗ ਮੁਤਾਬਕ ਭਲਕੇ ਵੀ ਮੀਂਹ ਪੈਣ ਦੀ ਪੇਸ਼ੀਨਗੋਈ ਹੈ। ਅੱਜ ਇਥੇ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
ਤਰਨ ਤਾਰਨ (ਗੁਰਬਖਸ਼ਪੁਰੀ):
ਜ਼ਿਲ੍ਹੇ ਅੰਦਰ ਅੱਜ ਦਿਨ ਭਰ ਪਿਆ ਦਰਮਿਆਨਾ ਮੀਂਹ ਭਾਵੇਂ ਫ਼ਸਲਾਂ ਲਈ ਭਰਪੂਰ ਲਾਹੇਵੰਦ ਦੱਸਿਆ ਜਾ ਰਿਹਾ ਹੈ ਪਰ ਸਾਰਾ ਦਿਨ ਪਏ ਮੀਂਹ ਨੇ ਆਮ ਜਿੰਦਗੀ ਦੀ ਰਫ਼ਤਾਰ ਸੁਸਤ ਕਰ ਦਿੱਤੀ। ਸਰਹੱਦੀ ਖੇਤਰ ਦੇ ਸਭਰਾ ਪਿੰਡ ਦੇ ਨੌਜਵਾਨ ਕਿਸਾਨ ਹਰਦੀਪ ਸਿੰਘ ਨੇ ਦੱਸਿਆ ਕਿ ਇਹ ਬਾਰਸ਼ ਫਸਲਾਂ ਅਤੇ ਖਾਸ ਕਰਕੇ ਕਣਕ ਲਈ ਬਹੁਤ ਲਾਹੇਵੰਦ ਹੈ। ਰਸੂਲਪੁਰ ਦੇ ਵਾਸੀ ਸਰਵਣ ਸਿੰਘ ਨੇ ਕਿਹਾ ਕਿ ਪਸ਼ੂਆਂ ਲਈ ਪਿੰਡਾਂ ਵਿੱਚ ਖੇਤਾਂ ਵਿੱਚੋਂ ਹਰਾ ਚਾਰਾ ਵੱਢ ਕੇ ਲਿਆਉਣਾ ਮੁਸ਼ਕਲ ਹੋ ਰਿਹਾ ਹੈ।
ਕਾਹਨੂੰਵਾਨ (ਵਰਿੰਦਰਜੀਤ ਸਿੰਘ ਜਾਗੋਵਾਲ):
ਅੱਜ ਦਾ ਹਲਕਾ ਮੀਂਹ ਫ਼ਸਲਾਂ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ, ਜਿਸ ਕਾਰਨ ਕਿਸਾਨਾਂ ਦੇ ਚਿਹਰੇ ਖਿੜੇ ਗਏ ਹਨ। ਖੇਤੀਬਾੜੀ ਵਿਸਥਾਰ ਅਫ਼ਸਰ ਕੁਲਦੀਪ ਸਿੰਘ ਜਾਗੋਵਾਲ ਨੇ ਕਿਹਾ ਕਿ ਅੱਜ ਦੀ ਕਿਣ-ਮਿਣ ਕਣਕ, ਗੰਨੇ, ਹਰੇ ਚਾਰੇ ਅਤੇ ਸਰ੍ਹੋਂ ਸਮੇਤ ਹਰ ਤਰ੍ਹਾਂ ਦੀਆਂ ਸਬਜ਼ੀਆਂ ਲਈ ਫ਼ਾਇਦੇਮੰਦ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿੱਚ ਫ਼ਸਲਾਂ ’ਤੇ ਰਸਾਇਣਕ ਖਾਦਾਂ ਅਤੇ ਦਵਾਈਆਂ ਦੇ ਕੀਤੇ ਛਿੜਕਾਅ ਹੁਣ ਧੋਤੇ ਜਾਣਗੇ, ਜਿਸ ਕਾਰਨ ਫ਼ਸਲ ਅਤੇ ਮਨੁੱਖੀ ਵਾਤਾਵਰਨ ਨੂੰ ਇਸ ਦਾ ਭਰਪੂਰ ਫ਼ਾਇਦਾ ਹੋਵੇਗਾ। ਇਸ ਮੀਂਹ ਕਾਰਨ ਰਸਾਇਣਕ ਅਤੇ ਕੁਦਰਤੀ ਖੇਤੀ ਅਧੀਨ ਕਾਸ਼ਤ ਕੀਤੀਆਂ ਜਾ ਰਹੀਆਂ ਸਾਰੀਆਂ ਫ਼ਸਲਾਂ ਨੂੰ ਚੰਗਾ ਫ਼ਾਇਦਾ ਪਹੁੰਚੇਗਾ। ਠੰਢੇ ਮੌਸਮ ਕਾਰਨ ਕਣਕ ਦੀ ਫ਼ਸਲ ਦਾ ਭਰਪੂਰ ਉਤਪਾਦਨ ਵਧੇਗਾ।
ਆਦਮਪੁਰ ਵਿੱਚ 9 ਘੰਟੇ ਬਿਜਲੀ ਬੰਦ ਰਹਿਣ ਕਾਰਨ ਲੋਕ ਹੋਏ ਪ੍ਰੇਸ਼ਾਨ
ਜਲੰਧਰ (ਹਤਿੰਦਰ ਮਹਿਤਾ):
ਜ਼ਿਲ੍ਹੇ ਵਿੱਚ ਮੀਂਹ ਪੈਣ ਕਾਰਨ ਜਿੱਥੇ ਤਾਪਮਾਨ ਵਿੱਚ ਗਿਰਾਵਟ ਆਈ ਹੈ, ਦੂਜੇ ਪਾਸੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਇਲਾਕੇ ਵਿੱਚ ਕੀ ਥਾਈਂ ਬਿਜਲੀ ਦੀ ਸਪਲਾਈ ਠੱਪ ਰਹੀ। ਆਦਮਪੁਰ ਤੇ ਆਸ-ਪਾਸ ਦੇ ਪਿੰਡਾਂ ਵਿੱਚ ਬਿਜਲੀ ਦੀ ਸਪਲਾਈ ਸਵੇਰੇ ਸਾਢੇ ਨੌਂ ਵਜੇ ਤੋਂ ਬੰਦ ਹੈ। ਇਸ ਕਾਰਨ ਪਾਣੀ ਦੀ ਸਪਲਾਈ ਵੀ ਬੰਦ ਰਹੀ ਤੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਖਬਰ ਲਿਖੇ ਜਾਣ ਤੱਕ ਬਿਜਲੀ ਦੀ ਸਪਲਾਈ ਚਾਲੂ ਨਹੀਂ ਹੋਈ ਸੀ ਤੇ ਬਹੁਤੇ ਲੋਕਾਂ ਦੇ ਇਨਵਰਟਰ ਵੀ ਜਵਾਬ ਦੇ ਗਏ ਸਨ। ਜਲੰਧਰ ਵਿੱਚ ਕਈ ਥਾਈਂ ਸੜਕਾਂ ’ਤੇ ਗੰਦਾ ਪਾਣੀ ਭਰ ਗਿਆ। ਡਾਕਟਰਾਂ ਅਨੁਸਾਰ ਮੀਂਹ ਕਾਰਨ ਲੋਕਾਂ ਨੂੰ ਬਿਮਾਰੀਆਂ ਤੋਂ ਨਿਜਾਤ ਮਿਲੇਗੀ। ਨਕੋਦਰ, ਜਮਸ਼ਰ, ਨੂਰਮਹਿਲ, ਜਲੰਧਰ ਛਾਉਣੀ, ਜੰਡਿਆਲਾ, ਕਠਾਰ, ਅਲਾਵਲਪੁਰ, ਕਾਲਾ ਸੰਘਿਆਂ ਅਤੇ ਹੋਰ ਥਾਵਾਂ ’ਤੇ ਮੀਂਹ ਪੈਣ ਕਾਰਨ ਠੰਢ ਕਾਫੀ ਵਧ ਗਈ ਹੈ।
ਡਾਕਟਰਾਂ ਮੁਤਾਬਕ ਲੋਕਾਂ ਨੂੰ ਬਿਮਾਰੀਆਂ ਤੋਂ ਰਾਹਤ ਮਿਲੇਗੀ
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ):
ਅੱਜ ਸਵੇਰ ਤੋਂ ਹੀ ਰੁਕ-ਰੁਕ ਕੇ ਪੈ ਰਹੇ ਮੀਂਹ ਨਾਲ ਜਿੱਥੇ ਠੰਢ ਵਧੇਗੀ, ਉੱਥੇ ਮਨੁੱਖਤਾ ਨੂੰ ਬਿਮਾਰੀਆਂ ਤੋਂ ਵੀ ਰਾਹਤ ਮਿਲੇਗੀ। ਡਾ. ਨਵਜੋਤ ਸਿੰਘ ਦਾਹੀਆ ਅਤੇ ਡਾ. ਧੀਰਜ ਨੇ ਕਿਹਾ ਕਿ ਖੁਸ਼ਕ ਸ਼ਰਦੀ ਦੇ ਮੌਸਮ ਵਿਚ ਬੱਚੇ, ਬਜ਼ੁਰਗ ਅਤੇ ਨੌਜਵਾਨ ਖੰਘ, ਜੁਕਾਮ, ਗਲੇ ਅਤੇ ਬੁਖਾਰ ਦੀ ਲਪੇਟ ਵਿੱਚ ਆ ਰਹੇ ਸਨ। ਮੀਂਹ ਨਾਲ ਮੌਸਮ ਖੁਸ਼ਗਵਾਰ ਹੋਣ ਨਾਲ ਮਨੁੱਖੀ ਸਿਹਤ ਅਤੇ ਵਾਤਾਵਰਨ ਲਈ ਮੀਂਹ ਵਰਦਾਨ ਸਾਬਤ ਹੋਵੇਗਾ। ਮੀਂਹ ਨੇ ਰੋਜ਼ਾਨਾ ਮਜ਼ਦੂਰੀ ਕਰਕੇ ਆਪਣਾ ਜੀਵਨ ਬਸਰ ਕਰਨ ਵਾਲਿਆਂ ਲਈ ਭਾਰੀ ਮੁਸ਼ਕਿਲਾਂ ਖੜੀਆ ਕੀਤੀਆ ਹਨ। ਖੇਤੀਬਾੜੀ ਵਿਕਾਸ ਅਫਸਰ ਸ਼ਾਹਕੋਟ ਜਸਬੀਰ ਸਿੰਘ ਨੇ ਕਿਹਾ ਕਿ ਇਹ ਮੀਂਹ ਕਣਕ, ਹਰੇ ਚਾਰੇ, ਸਬਜ਼ੀਆਂ ਅਤੇ ਗੰਨੇ ਦੀ ਫ਼ਸਲ ਲਈ ਬੇਹੱਦ ਲਾਹੇਵੰਦ ਸਾਬਿਤ ਹੋਵੇਗਾ। ਮੌਸਮ ਦੇ ਠੰਢੇ ਹੋਣ ਨਾਲ ਕਣਕ ਦੇ ਝਾੜ ਵਿੱਚ ਵਾਧਾ ਹਵੇਗਾ।