For the best experience, open
https://m.punjabitribuneonline.com
on your mobile browser.
Advertisement

ਅੱਗੇ ਅੱਗੇ ਮੌਜ਼ਮ, ਪਿੱਛੇ ਪਿੱਛੇ ਧੌਲਾ

07:00 AM May 07, 2024 IST
ਅੱਗੇ ਅੱਗੇ ਮੌਜ਼ਮ  ਪਿੱਛੇ ਪਿੱਛੇ ਧੌਲਾ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 6 ਮਈ
ਬਰਨਾਲਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਧੌਲਾ ਨੇ ਹੁਣ ਨਵੀਂ ਪਛਾਣ ਬਣਾਈ ਹੈ। ਬਿਜਲੀ ਦੀ ਫ਼ਜ਼ੂਲ ਖ਼ਰਚੀ ਰੋਕਣ ’ਚ ਧੌਲਾ ਰਾਹ ਦਸੇਰਾ ਬਣਿਆ ਹੈ। ਘਰੇਲੂ ਬਿਜਲੀ ਦੀ ਵਰਤੋਂ ’ਚ ਲੋਕਾਂ ਨੇ ਏਨੀ ਸੰਜਮ ਵਰਤੀ ਕਿ ਇਹ ਜ਼ੀਰੋ ਬਿੱਲਾਂ ਦੇ ਮਾਮਲੇ ਵਿੱਚ ਪੰਜਾਬ ’ਚ ਦੂਜੇ ਨੰਬਰ ’ਤੇ ਆਇਆ ਹੈ। ਬਿਜਲੀ ਦੀ ਵਰਤੋਂ ’ਚ ਹੱਥ ਘੁੱਟਣ ਦਾ ਨਤੀਜਾ ਹੈ ਕਿ ਇਸ ਪਿੰਡ ਦੇ ਸਿਰਫ਼ ਦਰਜਨ ਘਰਾਂ ਨੂੰ ਹੀ ਮਾਰਚ ਮਹੀਨੇ ’ਚ ਬਿਜਲੀ ਬਿੱਲ ਆਇਆ ਹੈ। ਇਸ ਪਿੰਡ ’ਚ ਘਰੇਲੂ ਬਿਜਲੀ ਦੇ 2500 ਕੁਨੈਕਸ਼ਨ ਹਨ ਜਿਨ੍ਹਾਂ ਵਿਚੋਂ 2488 ਘਰਾਂ ਨੂੰ ਕੋਈ ਬਿਜਲੀ ਬਿੱਲ ਨਹੀਂ ਆਇਆ ਹੈ। ਬਿਜਲੀ ਦੀ ਸੰਜਮੀ ਵਰਤੋਂ ’ਚ ਫ਼ਾਜ਼ਿਲਕਾ ਦਾ ਪਿੰਡ ਮੌਜ਼ਮ ਸੂਬੇ ਵਿੱਚ ਪਹਿਲੇ ਨੰਬਰ ’ਤੇ ਹੈ। ਸੂਬੇ ਦੇ 20 ਅਜਿਹੇ ਪਿੰਡਾਂ ਦੀ ਸ਼ਨਾਖ਼ਤ ਹੋਈ ਹੈ ਜਿਨ੍ਹਾਂ ਵਿਚ ਬਿਜਲੀ ਦੀ ਫ਼ਜ਼ੂਲਖਰਚੀ ਰੁਕਣ ਕਰਕੇ ਕੇਵਲ ਦੋ ਫ਼ੀਸਦੀ ਘਰਾਂ ਵਿਚ ਹੀ ਬਿਜਲੀ ਬਿੱਲ ਆਉਂਦੇ ਹਨ। ਧੌਲਾ ਪਿੰਡ ਦੀ ਪਛਾਣ ਪਹਿਲਾਂ ਸੰਪੂਰਨ ਸਿੰਘ ਧੌਲਾ ਨੇ ਬਣਾਈ ਜਿਹੜੇ ਪੈਪਸੂ ਵਿਚ ਮੰਤਰੀ ਵੀ ਰਹੇ। ਮਰਹੂਮ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦਾ ਵੀ ਜੱਦੀ ਪਿੰਡ ਇਹੋ ਹੈ। ਕਹਾਣੀਕਾਰ ਰਾਮ ਸਰੂਪ ਅਣਖੀ ਪਿੰਡ ਦੇ ਗਰਾਈ ਹਨ। 2017 ਵਿਚ ਹਲਕਾ ਭਦੌੜ ਤੋਂ ਜਿੱਤੇ ਤਤਕਾਲੀ ‘ਆਪ’ ਵਿਧਾਇਕ ਪਿਰਮਲ ਸਿੰਘ ਵੀ ਇਸੇ ਪਿੰਡ ਦੇ ਹਨ ਜੋ ਹੁਣ ਕਾਂਗਰਸ ’ਚ ਹਨ। ਪੰਜਾਬ ਸਰਕਾਰ ਨੇ ਪ੍ਰਤੀ ਮਹੀਨਾ 300 ਯੂਨਿਟ ਘਰੇਲੂ ਬਿਜਲੀ ਦੇ ਮੁਆਫ਼ ਕੀਤੇ ਹੋਏ ਹਨ।
ਪੰਜਾਬ ਵਿਚੋਂ ਪਹਿਲੇ ਨੰਬਰ ’ਤੇ ਪਿੰਡ ਮੌਜ਼ਮ ਹੈ ਜਿੱਥੇ ਲੰਘੀ ਦਸੰਬਰ ਮਹੀਨੇ ਵਿਚ ਸਭ ਤੋਂ ਵੱਧ 99.54 ਫ਼ੀਸਦੀ ਘਰਾਂ ਨੂੰ ਮੁਫ਼ਤ ਯੂਨਿਟਾਂ ਦੀ ਰਾਹਤ ਮਿਲੀ ਹੈ। ਪਿੰਡ ਮੌਜ਼ਮ ’ਚ ਕੁੱਲ 885 ਘਰੇਲੂ ਬਿਜਲੀ ਦੇ ਕੁਨੈਕਸ਼ਨ ਹਨ ਜਿਨ੍ਹਾਂ ਵਿਚੋਂ 877 ਘਰਾਂ ਨੂੰ ਦਸੰਬਰ ਵਿਚ ਬਿਜਲੀ ਬਿੱਲ ਨਹੀਂ ਭਰਨਾ ਪਿਆ। ਕੇਵਲ ਅੱਠ ਘਰਾਂ ਨੂੰ ਹੀ ਬਿਜਲੀ ਬਿੱਲ ਤਾਰਨਾ ਪਿਆ ਹੈ। ਪਿੰਡ ਦਾ ਸਾਬਕਾ ਸਰਪੰਚ ਸਤਨਾਮ ਸਿੰਘ ਆਖਦਾ ਹੈ ਕਿ ਕਈਆਂ ਘਰਾਂ ਨੂੰ ਬਿੱਲ ਆਉਂਦਾ ਵੀ ਹੈ। ਪਿੰਡ ਵਿਚ 90 ਫ਼ੀਸਦੀ ਆਬਾਦੀ ਦਲਿਤ ਭਾਈਚਾਰੇ ਦੀ ਹੈ। ਮਾਨਸਾ ਦੇ ਪਿੰਡ ਭੂਪਾਲ ’ਚ 950 ਘਰੇਲੂ ਕੁਨੈਕਸ਼ਨ ਹਨ ਜਿਨ੍ਹਾਂ ਵਿਚੋਂ 907 ਘਰਾਂ ਨੂੰ ਦਸੰਬਰ ਮਹੀਨੇ ’ਚ ਕੋਈ ਬਿੱਲ ਨਹੀਂ ਆਇਆ ਜਿਨ੍ਹਾਂ ਨੇ ਬਿਜਲੀ ਦੀ ਵਰਤੋਂ ਘਟਾਈ ਹੈ। ਮਜੀਠਾ ਹਲਕੇ ਦੇ ਪਿੰਡ ਕਰਨਾਲਾ ਵਿਚ 390 ਘਰੇਲੂ ਕੁਨੈਕਸ਼ਨ ਹਨ ਜਿਨ੍ਹਾਂ ਵਿਚੋਂ 382 ਘਰਾਂ ਨੂੰ ਜਨਵਰੀ ਮਹੀਨੇ ਵਿਚ ਬਿੱਲ ਤੋਂ ਰਾਹਤ ਮਿਲੀ ਹੈ। ਬਰਨਾਲਾ ਦਾ ਪਿੰਡ ਘੁੰਨਸ ਸੂਬੇ ਦਾ ਚੌਥਾ ਅਜਿਹਾ ਪਿੰਡ ਹੈ ਜਿੱਥੇ ਜ਼ੀਰੋ ਬਿੱਲਾਂ ਦੇ ਅੰਕੜੇ ਨੇ ਸਿਖਰ ਲਈ ਹੈ। ਘੁੰਨਸ ਵਿਚ ਮਾਰਚ ’ਚ 98.98 ਘਰਾਂ ਨੂੰ ਲਾਭ ਮਿਲਿਆ ਹੈ। ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ਜ਼ਿਲ੍ਹੇ ’ਚ ਜ਼ੀਰੋ ਬਿੱਲਾਂ ਦਾ ਅੰਕੜਾ ਵੱਡਾ ਹੈ। ਸੰਗਰੂਰ ਦੇ ਪਿੰਡ ਫੁੱਲੜ ’ਚ 98.71 ਫ਼ੀਸਦੀ, ਪਟਿਆਲਾ ਦੇ ਪਿੰਡ ਗੁਲਾਹੜ ’ਚ 98.64 ਫ਼ੀਸਦੀ, ਸ਼ੁਤਰਾਣਾ ਦੇ 98.17 ਫ਼ੀਸਦੀ, ਬਠਿੰਡਾ ਦੇ ਅਕਲੀਆ ’ਚ 97.90 ਫ਼ੀਸਦੀ ਘਰਾਂ ਵਿਚ ਬਿਜਲੀ ਬਿੱਲ ਨਹੀਂ ਆਏ। ਪੰਜਾਬ ਸਰਕਾਰ ਨੇ ਬਿਜਲੀ ਯੂਨਿਟਾਂ ਦੀ ਮੁਆਫ਼ੀ ਦੇ ਕੇ ਸਬਸਿਡੀ ਦਾ ਬਿੱਲ ਜ਼ਰੂਰ ਵੱਡਾ ਕਰ ਲਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×