ਲੋੜ ਪੈਣ ’ਤੇ ਹਥਿਆਰਾਂ ਦੀ ਵਰਤੋਂ ਕੀਤੀ ਜਾਵੇਗੀ: ਰਾਜਨਾਥ
ਨਵੀਂ ਦਿੱਲੀ, 12 ਅਕਤੂਬਰ
ਰੱਖਿਆ ਮੰਤਰੀ ਨੇ ਕਿਹਾ ਹੈ ਕਿ ਭਾਰਤ ਨੇ ਕਦੇ ਵੀ ਕਿਸੇ ਦੇਸ਼ ’ਤੇ ਨਫ਼ਰਤ ਜਾਂ ਮਾੜੇ ਇਰਾਦੇ ਨਾਲ ਹਮਲਾ ਨਹੀਂ ਕੀਤਾ ਹੈ ਪਰ ਜੇ ਉਸ ਦੇ ਹਿੱਤਾਂ ਨੂੰ ਖ਼ਤਰਾ ਹੋਇਆ ਤਾਂ ਉਹ ਵੱਡਾ ਕਦਮ ਚੁੱਕਣ ’ਚ ਝਿਜਕਣਗੇ ਨਹੀਂ। ਦਸਹਿਰੇ ਮੌਕੇ ਰਾਜਨਾਥ ਸਿੰਘ ਨੇ ਪੱਛਮੀ ਬੰਗਾਲ ਦੇ ਸੁਕਨਾ ਫੌਜੀ ਸਟੇਸ਼ਨ ’ਤੇ ਸ਼ਸਤਰਾਂ (ਹਥਿਆਰਾਂ) ਦੀ ਪੂਜਾ ਕੀਤੀ। ਉਨ੍ਹਾਂ ਕਿਹਾ ਕਿ ਪੂਜਾ ਸਪੱਸ਼ਟ ਸੰਕੇਤ ਹੈ ਕਿ ਜੇ ਲੋੜ ਪਈ ਤਾਂ ਹਥਿਆਰਾਂ ਅਤੇ ਉਪਕਰਣਾਂ ਦੀ ਪੂਰੀ ਤਾਕਤ ਨਾਲ ਵਰਤੋਂ ਕੀਤੀ ਜਾਵੇਗੀ। ਸੁਕਨਾ ਆਧਾਰਿਤ 33 ਕੋਰ ਨੂੰ ‘ਤ੍ਰਿਸ਼ਕਤੀ ਕੋਰ’ ਵਜੋਂ ਜਾਣਿਆ ਜਾਂਦਾ ਹੈ ਅਤੇ ਇਹ ਸਿੱਕਮ ਸੈਕਟਰ ’ਚ ਚੀਨ ਨਾਲ ਲਗਦੀ ਅਸਲ ਕੰਟਰੋਲ ਰੇਖਾ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੈ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਨੇ ਹਥਿਆਰਾਂ ਦੀ ਪੂਜਾ ਸਬੰਧੀ ਤਸਵੀਰਾਂ ‘ਐਕਸ’ ’ਤੇ ਸਾਂਝੀਆਂ ਕੀਤੀਆਂ। ਇਸ ਪ੍ਰੋਗਰਾਮ ’ਚ ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ, ਮਨੋਨੀਤ ਰੱਖਿਆ ਸਕੱਤਰ ਆਰਕੇ ਸਿੰਘ, ਪੂਰਬੀ ਕਮਾਂਡ ਦੇ ਜੀਓਸੀ ਲੈਫ਼ਟੀਨੈਂਟ ਜਨਰਲ ਰਾਮਚੰਦਰ ਤਿਵਾੜੀ, ਸਰਹੱਦੀ ਸੜਕ ਸੰਗਠਨ ਦੇ ਡਾਇਰੈਕਟਰ ਜਨਰਲ ਲੈਫ਼ਟੀਨੈਂਟ ਜਨਰਲ ਰਘੂ ਸ੍ਰੀਨਿਵਾਸਨ, ਤ੍ਰਿਸ਼ਕਤੀ ਕੋਰ ਦੇ ਜੀਓਸੀ ਲੈਫ਼ਟੀਨੈਂਟ ਜਨਰਲ ਜ਼ੁਬਿਨ ਏ. ਮਿਨਵਾਲਾ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। ਰਾਜਨਾਥ ਸਿੰਘ ਨੇ ਕਲਸ਼, ਸ਼ਸਤਰ ਅਤੇ ਵਾਹਨ ਪੂਜਾ ਕੀਤੀ। ਉਨ੍ਹਾਂ ਸੁਕਨਾ ਫੌਜੀ ਸਟੇਸ਼ਨ ’ਤੇ ਜਵਾਨਾਂ ਨਾਲ ਵੀ
ਗੱਲਬਾਤ ਕੀਤੀ। -ਪੀਟੀਆਈ