ਮੁਕਾਬਲੇ ਦੌਰਾਨ ਕਾਬੂ ਬਦਮਾਸ਼ਾਂ ਕੋਲੋਂ ਅਸਲਾ ਬਰਾਮਦ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 27 ਅਪਰੈਲ
ਇਥੇ ਫ਼ਿਰੋਜ਼ਪੁਰ ਛਾਉਣੀ ਵਿਚ ਸ਼ਨਿੱਚਰਵਾਰ ਸ਼ਾਮੀਂ ਨਾਕਾ ਤੋੜ ਕੇ ਭੱਜੇ ਜਿਹੜੇ ਤਿੰਨ ਬਦਮਾਸ਼ਾਂ ਨੂੰ ਪੁਲੀਸ ਨੇ ਮੁਕਾਬਲੇ ਮਗਰੋਂ ਕਾਬੂ ਕਰ ਲਿਆ ਸੀ, ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਗਏ ਹਨ।
ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਨੇ ਅੱਜ ਦੱਸਿਆ ਕਿ ਇਹ ਬਦਮਾਸ਼ ਲੰਘੇ ਬੁੱਧਵਾਰ ਨੂੰ ਸ਼ਹਿਰ ਦੀ ਵਾਰਡ ਨੰਬਰ 6 ਦੇ ਨਗਰ ਕੌਂਸਲਰ ਕਪਿਲ ਕੁਮਾਰ ਉਰਫ਼ ਮੌਂਟੀ ਉੱਪਰ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਇਹ ਹਮਲਾ ਰੰਜਿਸ਼ਨ ਕੀਤਾ ਗਿਆ ਸੀ,ਪਰ ਇਸ ਦਾ ਪੂਰਾ ਖੁਲਾਸਾ ਪੜਤਾਲ ਮੁਕੰਮਲ ਹੋਣ ਮਗਰੋਂ ਹੀ ਕੀਤਾ ਜਾਵੇਗਾ।
ਮੁਲਜ਼ਮਾਂ ਦੀ ਪਛਾਣ ਰਾਜਨ ਉਰਫ਼ ਕਾਲੀ, ਗੌਰਵ ਉਰਫ਼ ਕ੍ਰਿਸ਼ ਅਤੇ ਜਸ਼ਨ ਉਰਫ਼ ਤੇਜੀ ਵਾਸੀਆਨ ਬਸਤੀ ਗੋਲ ਬਾਗ ਵਜੋਂ ਕੀਤੀ ਗਈ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਦੇਸੀ ਪਿਸਤੌਲ .315 ਬੋਰ, ਇੱਕ ਦੇਸੀ ਪਿਸਤੌਲ .30 ਬੋਰ, ਇੱਕ ਬਿਨਾਂ ਮਾਰਕੇ ਵਾਲਾ ਪਿਸਤੌਲ (ਲੋਹੇ ਦੀ ਬਾਡੀ), ਇੱਕ ਪਿਸਤੌਲ .30 ਬੋਰ (ਜਿਸ ’ਤੇ 05 ਏਐੱਸ ਚਾਈਨਾ ਇਨ ਲਿਖਿਆ ਸੀ), 14 ਜ਼ਿੰਦਾ ਰੌਂਦ 9 ਐਮ.ਐਮ., .32 ਬੋਰ ਦੇ 2 ਜ਼ਿੰਦਾ ਰੌਂਦ, .30 ਬੋਰ ਦੇ 2 ਖਾਲੀ ਰੌਂਦ ਅਤੇ ਬਿਨਾਂ ਨੰਬਰ ਵਾਲਾ ਹੀਰੋ ਡੀਲਕਸ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲੀਸ ਨੇ ਇਨ੍ਹਾਂ ਵਿੱਚੋਂ ਰਾਜਨ ਨੂੰ ਸਹੀ ਸਲਾਮਤ ਕਾਬੂ ਕਰ ਲਿਆ ਸੀ ਜਦਕਿ ਬਾਕੀ ਦੋ ਬਦਮਾਸ਼ ਪੁਲੀਸ ਦੀ ਜਵਾਬੀ ਫ਼ਾਇਰਿੰਗ ਵਿਚ ਜ਼ਖ਼ਮੀ ਹੋ ਗਏ ਸਨ, ਜੋ ਹੁਣ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਇਸ ਦੌਰਾਨ ਐਸਐਸਪੀ ਨੇ ਬੀਤੇ ਮੰਗਲਵਾਰ ਨੂੰ ਸ਼ਹਿਰ ਅੰਦਰ ਵਾਪਰੇ ਦੂਹਰੇ ਕਤਲ ਕਾਂਡ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਪੁਲੀਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਗਗਨਦੀਪ ਸਿੰਘ ਉਰਫ਼ ਦੀਪੂ ਵਾਸੀ ਪਿੰਡ ਨਿਹਾਲਾ ਕਿਲਚਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਉਸ ਦੇ ਤਿੰਨ ਹੋਰਨਾਂ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਵਾਰਦਾਤ ਵੀ ਪੁਰਾਣੀ ਰੰਜਿਸ਼ ਦਾ ਨਤੀਜਾ ਸੀ, ਪਰ ਇਸ ਦੀ ਜਾਂਚ ਮੁਕੰਮਲ ਹੋਣ ਮਗਰੋਂ ਹੀ ਸਾਰੀ ਸਥਿਤੀ ਸਪਸ਼ਟ ਹੋ ਸਕੇਗੀ। ਉਨ੍ਹਾਂ ਦਾਅਵਾ ਕੀਤਾ ਕਿ ਬਾਕੀ ਮੁਲਜ਼ਮਾਂ ਨੂੰ ਵੀ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।