ਕਮਜ਼ੋਰ ਵਰਗ ਸਰਕਾਰੀ ਸਕੀਮਾਂ ਦੇ ਸਭ ਤੋਂ ਵੱਡੇ ਲਾਭਪਾਤਰੀ: ਮੋਦੀ
ਨਵੀਂ ਦਿੱਲੀ, 13 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਅਨੁਸੂਚਿਤ ਜਾਤੀ, ਅਨੁਸੂਚਿਤ ਕਬੀਲੇ ਤੇ ਹੋਰ ਪੱਛੜੇ ਵਰਗਾਂ ਨਾਲ ਸਬੰਧਤ ਹਾਸ਼ੀਆਗਤ ਤੇ ਕਮਜ਼ੋਰ ਵਰਗਾਂ ਦੇ ਲੋਕ ਉਨ੍ਹਾਂ ਦੀ ਸਰਕਾਰ ਵੱਲੋਂ ਚਲਾਈਆਂ ਭਲਾਈ ਸਕੀਮਾਂ ਦੇ ਸਭ ਤੋਂ ਵੱਡੇ ਲਾਭਪਾਤਰੀ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਕਾਂਗਰਸ ਸਰਕਾਰਾਂ ਨੇ ਇਨ੍ਹਾਂ ਵਰਗਾਂ ਨੂੰ ਅਣਗੌਲਿਆ ਕਰੀ ਰੱਖਿਆ ਤੇ ਦੇਸ਼ ਦੀ ਤਰੱਕੀ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਕਦੇ ਨਹੀਂ ਵਡਿਆਇਆ।
ਇਥੇ ਪੀਐੱਮ-ਸੂਰਜ ਕੌਮੀ ਪੋਰਟਲ ਦੀ ਸ਼ੁਰੂਆਤ ਮੌਕੇ ਬੋਲਦਿਆਂ ਸ੍ਰੀ ਮੋਦੀ ਨੇ ਰਾਮ ਨਾਥ ਕੋਵਿੰਦ ਤੇ ਦਰੋਪਦੀ ਮੁਰਮੂ ਦੀ ਰਾਸ਼ਟਰਪਤੀ ਵਜੋਂ ਚੋਣ ਦਾ ਹਵਾਲਾ ਦਿੱਤਾ, ਜੋ ਕ੍ਰਮਵਾਰ ਦਲਿਤ ਤੇ ਆਦਿਵਾਸੀ ਭਾਈਚਾਰਿਆਂ ਨਾਲ ਸਬੰਧਤ ਹਨ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਭਾਜਪਾ ਨੇ ਆਪਣੀਆਂ ਕੋਸ਼ਿਸ਼ਾਂ ਨਾਲ ਇਨ੍ਹਾਂ ਕਮਜ਼ੋਰ ਵਰਗਾਂ ਦੀ ਸਿਖਰਲੇ ਅਹੁਦਿਆਂ ਤੱਕ ਪਹੁੰਚ ਯਕੀਨੀ ਬਣਾਈ ਤੇ ਇਹ ਯਤਨ ਅੱਗੋਂ ਵੀ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਨੇ ਇਨ੍ਹਾਂ ਦੀ ਹਾਰ ਯਕੀਨੀ ਬਣਾਉਣ ਲਈ ਪੂਰੀ ਤਾਣ ਲਈ। ਵਿਰੋਧੀ ਧਿਰ ’ਤੇ ਤਨਜ਼ ਕਸਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਕੋਈ ਇਹ ਗੱਲ ਕਿਵੇਂ ਆਖ ਸਕਦਾ ਹੈ ਕਿ ਮੇਰਾ ਕੋਈ ਪਰਿਵਾਰ ਨਹੀਂ ਹੈ ਜਦੋਂ ਮੇਰੇ ਕੋਲ ਤੁਹਾਡੇ ਵਰਗੇ ਭੈਣ-ਭਰਾ ਹਨ।’’ ਉਨ੍ਹਾਂ ਕਿਹਾ ਕਿ ਮੁਫ਼ਤ ਰਾਸ਼ਨ, ਮੁਫ਼ਤ ਮੈਡੀਕਲ ਇਲਾਜ, ਪੱਕੇ ਮਕਾਨ, ਪਖਾਨੇ ਤੇ ਉੱਜਵਲਾ ਗੈਸ ਕੁਨੈਕਸ਼ਨ ਜਿਹੀਆਂ ਸਕੀਮਾਂ ਦੇ ਸਭ ਤੋਂ ਵੱਡੇ ਲਾਭਪਾਤਰੀ ਕਮਜ਼ੋਰ ਵਰਗ ਹਨ। ਪ੍ਰਧਾਨ ਮੰਤਰੀ ਨੇ ਕਿਹਾ, ‘‘ਐੱਸਸੀ, ਐੱਸਟੀ ਤੇ ਓਬੀਸੀ... ਗਰੀਬਾਂ ਲਈ ਬਣਾਈਆਂ ਸਰਕਾਰ ਦੀਆਂ ਭਲਾਈ ਸਕੀਮਾਂ ਦੇ ਸਭ ਤੋਂ ਵੱਡੇ ਲਾਭਪਾਤਰੀ ਹਨ। ਹੁਣ ਅਸੀਂ ਇਨ੍ਹਾਂ ਸਕੀਮਾਂ ਨੂੰ ਇਕ ਦੂਜੇ ਨਾਲ ਜੋੜਨ ਦੇ ਟੀਚੇ ’ਤੇ ਕੰਮ ਕਰ ਰਹੇ ਹਾਂ।’’ ਸ੍ਰੀ ਮੋਦੀ ਵੱਲੋਂ ਅੱਜ ਲਾਂਚ ਕੀਤੇ ਪ੍ਰਧਾਨ ਮੰਤਰੀ ਸਮਾਜਿਕ ਉੱਥਾਨ ਤੇ ਰੁਜ਼ਗਾਰ ਅਧਾਰਿਤ ਜਨਕਲਿਆਣ (ਪੀਐੱਮ-ਸੂਰਜ) ਨੈਸ਼ਨਲ ਪੋਰਟਲ ਦਾ ਮੁੱਖ ਨਿਸ਼ਾਨਾ ਅਨੁਸੂਚਿਤ ਜਾਤਾਂ ਤੇ ਪੱਛੜੇ ਵਰਗਾਂ ਅਤੇ ਸੈਨੀਟੇਸ਼ਨ ਵਰਕਰਾਂ ਸਣੇ ਵਿਅਕਤੀ ਵਿਸ਼ੇਸ਼ ਨੂੰ ਦੇਸ਼ ਭਰ ਵਿਚ ਕਰੈਡਿਟ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਕਮਜ਼ੋਰ ਵਰਗਾਂ ਦੇ ਇਕ ਲੱਖ ਲਾਭਪਾਤਰੀਆਂ ਨੂੰ ਹੁਣ ਤੱਕ 720 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੂਰਜ ਪੋਰਟਲ ਤੋਂ ਸਮਾਜ ਦੇ ਹਾਸ਼ੀਆਗਤ ਵਰਗਾਂ ਨੂੰ ਠੀਕ ਉਸੇ ਤਰ੍ਹਾਂ ਵਿੱਤੀ ਸਹਾਇਤਾ ਮਿਲੇਗੀ ਜਿਵੇਂ ਹੋਰਨਾਂ ਸਰਕਾਰੀ ਸਕੀਮਾਂ ਤਹਿਤ ਸਿੱਧਾ ਲਾਭ ਤਬਦੀਲ (ਡੀਬੀਟੀ) ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਪੂਰਾ ਅਮਲ ਦਲਾਲਾਂ, ਕਮਿਸ਼ਨਾਂ ਤੇ ਸਿਫਾਰਸ਼ਾਂ ਤੋਂ ਮੁਕਤ ਹੋਵੇਗਾ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਸਫ਼ਾਈ ਸੇਵਕਾਂ ਨੂੰ ਵੰਡੇ ਆਯੂਸ਼ਮਾਨ ਭਾਰਤ ਕਾਰਡਾਂ ਤੇ ਪੀਪੀਏ ਕਿੱਟਾਂ; ਐੱਸਸੀ, ਐੱਸਟੀ ਤੇ ਓਬੀਸੀ ਨੌਜਵਾਨਾਂ ਲਈ ਵਜ਼ੀਫ਼ੇ ਦੀ ਰਾਸ਼ੀ ਵਿਚ ਕੀਤੇ ਵਾਧੇ, ਮੈਡੀਕਲ ਸੀਟਾਂ ਵਿਚ ਓਬੀਸੀ ਲਈ 27 ਫੀਸਦ ਰਾਖਵਾਂਕਰਨ ਆਦਿ ਦਾ ਵੀ ਜ਼ਿਕਰ ਕੀਤਾ। -ਪੀਟੀਆਈ
ਗੁਜਰਾਤ ਤੇ ਅਸਾਮ ਵਿਚ ਸੈਮੀਕੰਡਕਟਰ ਪਲਾਂਟਾਂ ਦਾ ਨੀਂਹ ਪੱਥਰ ਰੱਖਿਆ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤਿੰਨ ਨਵੇਂ ਸੈਮੀਕੰਡਕਟਰ (ਚਿੱਪ) ਪਲਾਂਟਾਂ- ਦੋ ਗੁਜਰਾਤ ਤੇ ਇਕ ਅਸਾਮ- ਦਾ ਨੀਂਹ ਪੱਥਰ ਰੱਖਿਆ। ਸ੍ਰੀ ਮੋਦੀ ਸੈਮੀਕੰਡਕਟਰ ਪਲਾਂਟਾਂ ਦੇ ਨੀਂਹ ਪੱਥਰ ਲਈ ਰੱਖੇ ਸਮਾਗਮ ‘ਇੰਡੀਆ’ਜ਼ ਟੈਕੇਡ: ਚਿਪਜ਼ ਫਾਰ ਵਿਕਸਤ ਭਾਰਤ’ ਵਿਚ ਵਰਚੁਅਲੀ ਸ਼ਾਮਲ ਹੋਏ। ਇਨ੍ਹਾਂ ਪਲਾਂਟਾਂ ਦੀ ਸਥਾਪਤੀ ’ਤੇ 1.25 ਲੱਖ ਕਰੋੜ ਰੁਪਏ ਦੀ ਲਾਗਤ ਆਏਗੀ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਕੈਬਨਿਟ ਨੇ ਪਿਛਲੇ ਮਹੀਨੇ ਤਿੰਨ ਹੋਰ ਸੈਮੀਕੰਡਕਟਰ ਯੂਨਿਟਾਂ ਦੀ ਸਥਾਪਤੀ ਨੂੰ ਰਸਮੀ ਪ੍ਰਵਾਨਗੀ ਦਿੱਤੀ ਸੀ। ਇਨ੍ਹਾਂ ਤਿੰਨਾਂ ਯੂਨਿਟਾਂ ਦੀ ਅਗਲੇ 100 ਦਿਨਾਂ ਵਿਚ ਉਸਾਰੀ ਸ਼ੁਰੂ ਹੋ ਜਾਵੇਗੀ। ਸੀਜੀ ਪਾਵਰ ਵੱਲੋਂ ਰੈਨੇਸਾਸ ਇਲੈਕਟ੍ਰੋਨਿਕਸ ਕਾਰਪੋਰੇਸ਼ਨ ਜਾਪਾਨ ਤੇ ਸਟਾਰਜ਼ ਮਾਈਕਰੋਇਲੈਕਟ੍ਰੋਨਿਕਸ, ਥਾਈਲੈਂਡ ਦੇ ਸਹਿਯੋਗ ਨਾਲ ਗੁਜਰਾਤ ਦੇ ਸਾਨੰਦ ਵਿਚ ਸੈਮੀਕੰਡਕਟਰ ਯੂਨਿਟ ਸਥਾਪਿਤ ਕੀਤਾ ਜਾਵੇਗਾ। ਇਸ ਯੂਨਿਟ ’ਤੇ 7600 ਕਰੋੜ ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ ਹੈ। ਉਧਰ ਅਸਾਮ ਵਿੱਚ ਲੱਗਣ ਵਾਲਾ ਸੈਮੀਕੰਡਕਟਰ ਯੂਨਿਟ ਟਾਟਾ ਸੈਮੀਕੰਡਕਟਰ ਅਸੈਂਬਲੀ ਤੇ ਟੈਸਟ ਪ੍ਰਾਈਵੇਟ ਲਿਮਟਿਡ (ਟੀਸੈਟ) ਵੱਲੋਂ ਲਾਇਆ ਜਾਣਾ ਹੈ। 27000 ਕਰੋੜ ਦੀ ਲਾਗਤ ਨਾਲ ਲੱਗਣ ਵਾਲੇ ਯੂਨਿਟ ਵਿਚ ਪ੍ਰਤੀ ਦਿਨ 4.8 ਕਰੋੜ ਚਿੱਪਾਂ ਦਾ ਨਿਰਮਾਣ ਕੀਤਾ ਜਾਵੇਗਾ। ਇਹ ਯੂਨਿਟ ਲੱਗਣ ਨਾਲ 20 ਹਜ਼ਾਰ ਸਿੱਧੀਆਂ ਨੌਕਰੀਆਂ ਤੇ ਲਗਪਗ 60 ਹਜ਼ਾਰ ਅਸਿੱਧੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। -ਪੀਟੀਆਈ