ਸ਼ਾਹਕੋਟ ਦੇ ਵਿਕਾਸ ਤੇ ਅਮਨ-ਸ਼ਾਂਤੀ ਲਈ ਕੰਮ ਕਰਾਂਗੇ: ਸ਼ੇਰੋਵਾਲੀਆ
ਸ਼ਾਹਕੋਟ, 22 ਦਸੰਬਰ
ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਵਾਰਡ ਨੰਬਰ 11 ਤੋਂ ਜੇਤੂ ਕਾਂਗਰਸੀ ਉਮੀਦਵਾਰ ਰੁਚੀ ਅਗਰਵਾਲ ਦੀ ਰਿਹਾਇਸ਼ ’ਤੇ ਨਵੇਂ ਚੁਣੇ ਗਏ ਕੌਂਸਲਰਾਂ ਨਾਲ ਪ੍ਰੈੱਸ ਕਾਨਫਰੰਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨਫ਼ਰਤ, ਦਹਿਸ਼ਤ, ਦੁਸ਼ਮਣੀ ਅਤੇ ਬਦਲਾਖੋਰੀ ਵਾਲੀ ਰਾਜਨੀਤੀ ਕਰਨ ਦੀ ਬਜਾਇ ਹਮੇਸ਼ਾ ਪਿਆਰ, ਮੁਹੱਬਤ, ਵਿਕਾਸ, ਅਮਨ ਅਤੇ ਸ਼ਾਂਤੀ ਦੀ ਰਾਜਨੀਤੀ ਕਰਦੀ ਹੈ। ਨਗਰ ਪੰਚਾਇਤ ਦੀਆਂ ਚੋਣਾਂ ’ਚ ਸ਼ਾਹਕੋਟੀਆਂ ਨੇ ‘ਆਪ’ ਦੀ ਦਹਿਸ਼ਤ ਨੂੰ ਨਕਾਰਦਿਆਂ ਕਾਂਗਰਸ ਦੇ ਵਿਕਾਸ ਮੁਖੀ ਏਜੰਡੇ ਨੂੰ ਸਵੀਕਾਰਦਿਆਂ ਨੌਂ ਕਾਂਗਰਸੀ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿਤਾ ਕੇ ਕਾਂਗਰਸ ਦੇ ਕੀਤੇ ਵਿਕਾਸ ਦੇ ਕੰਮਾਂ ਉੱਪਰ ਮੋਹਰ ਲਾਈ ਹੈ। ਉਨ੍ਹਾਂ ਕਿਹਾ ਕਿਹਾ ਕਿ ਕਸਬਾ ਵਾਸੀਆਂ ਵੱਲੋਂ ਕਾਂਗਰਸ ਦੇ ਵਿਕਾਸ ਮੁਖੀ ਏਜੰਡੇ ਦੇ ਦਿੱਤੇ ਸਾਥ ਦਾ ਉਹ ਕਸਬੇ ਦਾ ਦੁੱਗਣਾ ਵਿਕਾਸ ਕਰ ਕੇ ਮੁੱਲ ਉਤਾਰਨਗੇ। ਉਨ੍ਹਾਂ ਕਿਹਾ ਕਿ ਕਸਬੇ ਦੇ ਵਿਕਾਸ ਦੇ ਨਾਲ-ਨਾਲ ਉਹ ਕਸਬੇ ਅੰਦਰ ਸ਼ਾਂਤੀ ਤੇ ਭਾਈਚਾਂਰਕ ਸਾਂਝ ਕਾਇਮ ਕਰਨ ਦੇ ਯਤਨ ਕਰਨਗੇ। ਉਨ੍ਹਾਂ ਕਿਹਾ ਕਿ 9 ਜੇਤੂ ਕੌਂਸਲਰਾਂ ਅਤੇ 4 ਹਾਰੇ ਉਮੀਦਵਾਰਾਂ ਨਾਲ ਉਹ ਮੀਟਿੰਗ ਕਰ ਕੇ ਕਸਬੇ ਦੇ ਅਧੂਰੇ ਵਿਕਾਸ ਅਤੇ ਰਹਿੰਦੇ ਵਿਕਾਸ ਕੰਮਾਂ ਨੂੰ ਕਰਵਾਉਣ ਲਈ ਯੋਜਨਾ ਘੜਨਗੇ। ਉਨ੍ਹਾਂ ‘ਆਪ’ ਦੇ ਹਲਕਾ ਇੰਚਾਰਜ ਉੱਪਰ ਉਮੀਦਵਾਰਾਂ, ਉਨ੍ਹਾਂ ਦੇ ਹਮਾਇਤੀਆਂ ਅਤੇ ਵੋਟਰਾਂ ਨੂੰ ਡਰਾਉਣ ਤੇ ਧਮਕਾਉਣ ਦੇ ਦੋਸ਼ ਲਗਾਉਂਦਿਆਂ ਕਸਬਾ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕ ਦਬਾਅ ਤੇ ਦਹਿਸ਼ਤ ਵਾਲੀ ਰਾਜਨੀਤੀ ਨੂੰ ਨਕਾਰ ਕੇ ਹਮੇਸ਼ਾ ਪਿਆਰ ਤੇ ਮੁਹੱਬਤ ਵਾਲੀ ਰਾਜਨੀਤੀ ਕਰਨ ਵਾਲਿਆਂ ਨੂੰ ਹੀ ਸਵੀਕਾਰਦੇ ਹਨ। ਇਸ ਮੌਕੇ ਅਸ਼ਵਿੰਦਰਪਾਲ ਸਿੰਘ ਖਹਿਰਾ, ਕਾਂਗਰਸ ਦੇ ਸਾਰੇ ਜੇਤੂ ਤੇ ਅਜੇਤੂ ਉਮੀਦਵਾਰ ਅਤੇ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ।