ਲੋਕਾਂ ਦੀਆਂ ਦੁਆਵਾਂ ਨਾਲ ਲੜਾਈ ਜਿੱਤਾਂਗੇ: ਵਿਨੇਸ਼ ਫੋਗਾਟ
ਚੰਡੀਗੜ੍ਹ, 8 ਸਤੰਬਰ
ਪਹਿਲਵਾਨ ਤੇ ਕਾਂਗਰਸ ਉਮੀਦਵਾਰ ਵਿਨੇਸ਼ ਫੋਗਾਟ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਪਣੀ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਅੱਜ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਦੀਆਂ ਦੁਆਵਾਂ ਨਾਲ ਹਰ ਲੜਾਈ ਜਿੱਤਣ ਦੀ ਉਮੀਦ ਹੈ। ਫੋਗਾਟ (30) ਨੂੰ ਅਗਾਮੀ ਵਿਧਾਨ ਸਭਾ ਚੋਣਾਂ ਲਈ ਜੁਲਾਨਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਹਰਿਆਣਾ ਦੀ 90 ਮੈਂਬਰੀ ਵਿਧਾਨ ਸਭਾ ਲਈ 5 ਅਕਤੂਬਰ ਨੂੰ ਵੋਟਾਂ ਪੈਣਗੀਆਂ ਜਦਕਿ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ। ਜੁਲਾਨਾ ਪਹੁੰਚਣ ’ਤੇ ਫੋਗਾਟ ਦਾ ਨਿੱਘਾ ਸਵਾਗਤ ਕੀਤਾ ਗਿਆ। ਬਜ਼ੁਰਗਾਂ, ਔਰਤਾਂ ਅਤੇ ਵੱਖ-ਵੱਖ ਖਾਪਾਂ ਦੇ ਮੈਂਬਰਾਂ ਸਮੇਤ ਉਨ੍ਹਾਂ ਦੇ ਸਮਰਥਕਾਂ ਨੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਆਸ਼ੀਰਵਾਦ ਦਿੱਤਾ।
ਕਾਂਗਰਸ ਨੇ ਸ਼ੁੱਕਰਵਾਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਲਈ 32 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਜਿਸ ਵਿੱਚ ਵਿੱਚ ਵਿਨੇਸ਼ ਫੋਗਾਟ ਦਾ ਨਾਮ ਵੀ ਸ਼ਾਮਲ ਸੀ। ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਸਾਬਕਾ ਮੁਖੀ ਅਤੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਬ੍ਰਿਜਭੂਸ਼ਨ ਸ਼ਰਨ ਸਿੰਘ ਖਿਲਾਫ਼ ਪਹਿਲਵਾਨਾਂ ਦੇ ਵਿਰੋਧ ਵਿੱਚ ਸਭ ਤੋਂ ਮੋਹਰੀ ਰਹੇ ਓਲੰਪੀਅਨ ਪਹਿਲਵਾਨ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਸ਼ੁੱਕਰਵਾਰ ਨੂੰ ਕਾਂਗਰਸ ਵਿੱਚ ਸ਼ਾਮਲ ਹੋ ਗਏ। -ਪੀਟੀਆਈ
ਰੇਲਵੇ ਵੱਲੋਂ ਵਿਨੇਸ਼ ਤੇ ਬਜਰੰਗ ਨੂੰ ਸੇਵਾਮੁਕਤ ਕਰਨ ਦੀ ਪ੍ਰਕਿਰਿਆ ਸ਼ੁਰੂ
ਨਵੀਂ ਦਿੱਲੀ: ਉੱਤਰੀ ਰੇਲਵੇ ਨੇ ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਦੇ ਅਸਤੀਫ਼ੇ ਸਵੀਕਾਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਦੋਵਾਂ ਖਿਡਾਰੀਆਂ ਨੂੰ ‘ਜਲਦੀ’ ਹੀ ਅਹੁਦੇ ਤੋਂ ਮੁਕਤ ਕੀਤੇ ਜਾਣ ਦੀ ਸੰਭਾਵਨਾ ਹੈ। ਰੇਲਵੇ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਪੂਨੀਆ ਅਤੇ ਫੋਗਾਟ ਹਾਲ ਹੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਹਨ। ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, “ਰੇਲਵੇ ਕਰਮਚਾਰੀ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਤਿੰਨ ਮਹੀਨਿਆਂ ਦੇ ਨੋਟਿਸ ਪੀਰੀਅਡ ਦੌਰਾਨ ਸੇਵਾਵਾਂ ਦੇਣ ਦਾ ਪ੍ਰਬੰਧ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਅਹੁਦੇ ਤੋਂ ਮੁਕਤ ਕਰਨ ਦੀ ਕਵਾਇਦ ’ਚ ਅੜਿੱਕਾ ਨਹੀਂ ਬਣੇਗਾ ਕਿਉਂਕਿ ਅਸੀਂ ਉਨ੍ਹਾਂ ਦੇ ਮਾਮਲੇ ਵਿੱਚ ਨੇਮਾਂ ’ਚ ਢਿੱਲ ਦੇਣ ਦਾ ਫ਼ੈਸਲਾ ਕੀਤਾ ਹੈ।’’ -ਪੀਟੀਆਈ