ਮਾਹਿਰਾਂ ਦੀ ਰਾਇ ਮਗਰੋਂ ਵਿਦਿਅਕ ਸੰਸਥਾਵਾਂ ਖੋਲ੍ਹਣ ਬਾਰੇ ਲਵਾਂਗੇ ਫ਼ੈਸਲਾ: ਕੰਵਰਪਾਲ
ਦੇਵਿੰਦਰ ਸਿੰਘ
ਯਮੁਨਾਨਗਰ, 27 ਜੁਲਾਈ
ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਨੇ ਕਿਹਾ ਕਿ ਮਾਹਿਰਾਂ ਦੀ ਰਾਇ ਮਗਰੋਂ ਹੀ ਸੂਬੇ ਦੇ ਸਕੂਲ ਅਤੇ ਕਾਲਜ ਖੋਲ੍ਹਣ ਦਾ ਫ਼ੈਸਲਾ ਲਿਆ ਜਾਵੇਗਾ। ਉਹ ਅੱਜ ਇੱਥੇ ਮਹਾਰਾਜਾ ਅਗਰਸੈਨ ਚੌਂਕ ਜਗਾਧਰੀ ਤੋਂ ਬੂੜੀਆ ਚੌਂਕ ਤੱਕ ਸੜਕ ਉਸਾਰੀ, ਨਾਲਾ ਢੱਕਣ, ਪਾਣੀ ਦੀ ਨਿਕਾਸੀ ਅਤੇ ਹੋਰ ਵਿਕਾਸ ਕੰਮਾਂ ਦਾ ਨੀਂਹ ਪੱਥਰ ਰੱਖਣ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਇਸ ਕਾਰਜ ’ਤੇ ਦੋ ਕਰੋੜ ਰੁਪਏ ਦੇ ਲਗਪਗ ਖ਼ਰਚਾ ਆਉਣ ਦੀ ਸੰਭਾਵਨਾ ਹੈ ਅਤੇ ਛੇ ਮਹੀਨਿਆਂ ਵਿੱਚ ਇਹ ਕੰਮ ਨੇਪਰੇ ਚੜ੍ਹ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਵਿਕਾਸ ਕੰਮਾਂ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਦੌਰਾਨ ਸਿੱਖਿਆ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ’ਤੇ ਅਮਲ ਕਰਕੇ ਹੀ ਕਰੋਨਾ ਵਰਗੀ ਕੌਮਾਂਤਰੀ ਮਹਾਮਾਰੀ ’ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਮੌਕੇ ਨਗਰ ਨਿਗਮ ਦੇ ਮੇਅਰ ਮਦਨ ਚੌਹਾਨ, ਨਗਰ ਨਿਗਮ ਦੇ ਅਡੀਸ਼ਨਲ ਕਮਿਸ਼ਨਰ ਭਾਰਤ ਭੂਸ਼ਨ ਕੌਸ਼ਿਕ, ਕਾਰਜਕਾਰੀ ਇੰਜਨੀਅਰ ਰਵੀ ਓਬਰਾਏ, ਭਾਜਪਾ ਦੇ ਵਿਪੁਲ, ਸਤੀਸ਼ ਚੋਪਾਲ, ਪੰਕਜ ਮੰਗਲਾ, ਰਾਹੁਲ ਗੜ੍ਹੀ, ਨਿਸ਼ਚਲ ਚੌਧਰੀ ਅਤੇ ਵਿਵੇਕ ਗਰਗ ਮੌਜੂਦ ਸਨ ।