ਇੰਡੀਆ ਗੱਠਜੋੜ ਨੂੰ ਕੇਂਦਰ ’ਚ ਸਰਕਾਰ ਬਣਾਉਣ ਲਈ ਬਾਹਰੋਂ ਹਮਾਇਤ ਦੇਵਾਂਗੇ: ਮਮਤਾ
ਕੋਲਕਾਤਾ, 15 ਮਈ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਕੇਂਦਰ ’ਚ ਸਰਕਾਰ ਬਣਾਉਣ ਲਈ ‘ਇੰਡੀਆ’ ਗੱਠਜੋੜ ਨੂੰ ਬਾਹਰੋਂ ਹਮਾਇਤ ਦੇਵੇਗੀ ਅਤੇ ਨਾਲ ਹੀ ਭਾਜਪਾ ਸਰਕਾਰ ਦੇ ਸੱਤਾ ’ਚੋਂ ਲਾਂਭੇ ਹੋਣ ਮਗਰੋਂ ਸੀਏਏ, ਐੱਨਆਰਸੀ ਤੇ ਯੂਸੀਸੀ ਰੱਦ ਕਰਨ ਦਾ ਅਹਿਦ ਕੀਤਾ। ਇਸ ਦੌਰਾਨ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ਼ਾਰਿਆਂ ’ਤੇ ਚੱਲਣ ਵਾਲੀ ‘ਕਠਪੁਤਲੀ’ ਕਰਾਰ ਦਿੱਤਾ।
ਲੋਕ ਸਭਾ ਚੋਣਾਂ ’ਚ ਭਾਜਪਾ ਵੱਲੋਂ 400 ਸੀਟਾਂ ਹਾਸਲ ਕਰਨ ਦੇ ਟੀਚੇ ’ਤੇ ਖਦਸ਼ਾ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਲੋਕ ਭਗਵਾ ਪਾਰਟੀ ਨੂੰ ਪੂਰੀ ਤਰ੍ਹਾਂ ਨਕਾਰ ਦੇਣਗੇ। ਮਮਤਾ ਬੈਨਰਜੀ ਨੇ ਕਿਹਾ, ‘‘ਭਾਜਪਾ 400 ਸੀਟਾਂ ਜਿੱਤਣ ਦਾ ਦਾਅਵਾ ਕਰ ਰਹੀ ਹੈ ਪਰ ਲੋਕ ਕਹਿ ਰਹੇ ਨੇ ਅਜਿਹਾ ਨਹੀਂ ਹੋਵੇਗਾ। ਇੰਡੀਆ ਗੱਠਜੋੜ ਨੂੰ ਕੇਂਦਰ ’ਚ ਸਰਕਾਰ ਬਣਾਉਣ ਲਈ ਅਸੀਂ (ਟੀਐੱਮਸੀ) ਬਾਹਰੋਂ ਸਮਰਥਨ ਦੇਵਾਂਗੇ।’’ ਹੁਗਲੀ ਜ਼ਿਲ੍ਹੇ ਦੇ ਚਿਲਸੁਰ੍ਹਾ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਹਾਲਾਂਕਿ ਟੀਐੱਮਸੀ ਮੁਖੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਪੱਛਮੀ ਬੰਗਾਲ ’ਚ ਕਾਂਗਰਸ ਅਤੇ ਸੀਪੀਆਈ (ਐੱਮ) ਨੂੰ ਹਮਾਇਤ ਨਹੀਂ ਦੇ ਰਹੀ, ਕਿਉਂਕਿ ਇਨ੍ਹਾਂ ਦੋਵਾਂ ਪਾਰਟੀਆਂ ਨੇ ਹੱਥ ਮਿਲਾਏ ਹਨ ਤੇ ਸੂਬੇ ’ਚ ਭਾਜਪਾ ਦੀ ਮਦਦ ਕਰ ਰਹੀਆਂ ਹਨ।
ਰੈਲੀ ਦੌਰਾਨ ਬੈਨਰਜੀ ਚੋਣ ਅਮਲ ਦੋ ਮਹੀਨੇ ਤੋਂ ਵੱਧ ਸਮਾਂ ਲਈ ਨਿਰਧਾਰਿਤ ਕਰਨ ’ਤੇ ਚੋਣ ਕਮਿਸ਼ਨ ਦੀ ਆਲੋਚਨਾ ਕੀਤੀ ਅਤੇ ਦੋਸ਼ ਲਾਇਆ ਕਿ ਅਤਿ ਦੀ ਗਰਮੀ ’ਚ ਲੋਕਾਂ ਨੂੰ ਹੋਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਨਜ਼ਰਅੰਦਾਜ਼ ਕਰਦਿਆਂ ਭਗਵਾ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਇਹ ਫ਼ੈਸਲਾ ਲਿਆ ਗਿਆ ਹੈ।
ਉਨ੍ਹਾਂ ਕਿਹਾ, ‘‘ਚੋਣ ਕਮਿਸ਼ਨ ਇੱਕ ਕਠਪੁਤਲੀ ਹੈ ਅਤੇ ਮੋਦੀ ਦੇ ਨਿਰਦੇਸ਼ਾਂ ’ਤੇ ਕੰਮ ਕਰਦੀ ਹੈ। ਢਾਈ ਮਹੀਨਿਆਂ ਤੋਂ ਮਤਦਾਨ ਹੋ ਰਿਹਾ ਹੈ। ਕੀ ਤੁਹਾਨੂੰ (ਚੋਣ ਕਮਿਸ਼ਨ ਨੂੰ) ਆਮ ਲੋਕਾਂ ਦੀਆਂ ਮੁਸ਼ਕਲਾਂ ਦਾ ਅਹਿਸਾਸ ਹੋਇਆ ਹੈ।’’ -ਪੀਟੀਆਈ