ਸ਼ੁਤਰਾਣਾ ਵਿੱਚ ਨਸ਼ਿਆਂ ਖ਼ਿਲਾਫ਼ ਸ਼ੁਰੂ ਕਰਾਂਗੇ ਜਾਗਰੂਕਤਾ ਮੁਹਿੰਮ: ਮੱਟੂ
ਪੱਤਰ ਪ੍ਰੇਰਕ
ਘੱਗਾ, 6 ਜੂਨ
ਹਲਕਾ ਸ਼ੁਤਰਾਣਾ ਦੇ ਕਸਬਾ ਘੱਗਾ ਦੇ 22 ਸਾਲਾ ਨੌਜਵਾਨ ਗੁਰਦਾਸ ਵਰਮਾ ਦੀ ਪਿਛਲੇ ਦਿਨੀਂ ਨਸ਼ਿਆਂ ਕਾਰਨ ਹੋਈ ਮੌਤ ਤੋਂ ਬਾਅਦ ਹਲਕਾ ਸ਼ੁਤਰਾਣਾ ਦੇ ਲੋਕ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਹਲਕਾ ਸ਼ੁਤਰਾਣਾ ਅੰਦਰ ਆਮ ਲੋਕਾਂ ਦੀ ਮਦਦ ਨਾਲ ਨੌਜਵਾਨ ਲੜਕੇ ਲੜਕੀਆਂ ਨੂੰ ਨਾਲ ਲੈ ਨਸ਼ਿਆਂ ਖਿਲਾਫ਼ ਜਾਗਰੂਕਤਾ ਮੁਹਿੰਮ ਚਲਾਉਣ ਦਾ ਅਹਿਦ ਕੀਤਾ ਹੈ। ਪਿੰਡ ਬਰਾਸ ਦੇ ਨੌਜਵਾਨਾਂ ਵੱਲੋਂ ਡਾ. ਜਤਿੰਦਰ ਸਿੰਘ ਮੱਟੂ ਨੂੰ ਪਿੰਡ ਬਰਾਸ ਦੀ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਵਿੱਚ ਖੋਲ੍ਹੀ ਗਈ ਲਾਇਬਰੇਰੀ ਵਿੱਚ ਨਸ਼ਿਆਂ ਦੇ ਆਦੀ ਨੌਜਵਾਨਾਂ ਵੱਲੋਂ ਨਸ਼ਿਆਂ ਦਾ ਅੱਡਾ ਬਣਾਉਣ ਦੀ ਗੱਲ ਦੱਸੀ ਸੀ। ਇਸ ’ਤੇ ਫੌਰੀ ਐਕਸ਼ਨ ਕਰਦਿਆਂ ਡਾ. ਮੱਟੂ ਨੇ ਪਿੰਡ ਬਰਾਸ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਥਾਣਾ ਘੱਗਾ ਪੁਲੀਸ ਨੂੰ ਇਸ ਬਾਰੇ ਸੁਚੇਤ ਕਰਦਿਆਂ ਪਿੰਡ ਵਿੱਚ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਅਨਸਰਾਂ ਦੀ ਭਾਲ ਕਰ ਕੇ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ। ਡਾ. ਮੱਟੂ ਨੇ ਕਿਹਾ ਕਿ ਹਲਕਾ ਸ਼ੁਤਰਾਣਾ ਅੰਦਰ ਨਸ਼ਿਆਂ ਕਾਰਨ ਕਈ ਮੌਤਾਂ ਹੋ ਚੁੱਕੀਆਂ ਹਨ, ਅਨਪੜ੍ਹਤਾ ਅਤੇ ਬੇਰੁਜ਼ਗਾਰੀ ਕਾਰਨ ਨੌਜਵਾਨ ਇਸ ਦਲਦਲ ਵਿੱਚ ਧੱਕੇ ਚਲੇ ਜਾ ਰਹੇ ਹਨ। ਉਨ੍ਹਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਨਸ਼ਿਆ ਖ਼ਿਲਾਫ਼ ਆਵਾਜ਼ ਚੁੱਕਣ ਲਈ ਰਲ ਕੇ ਹੰਭਲਾ ਮਾਰਨ। ਇਸ ਮੌਕੇ ਪਿੰਡ ਬਰਾਸ ਤੋਂ ਸਤਨਾਮ ਸਿੰਘ, ਗੁਰਦਾਸ ਸਿੰਘ, ਨਿਰਭੈਅ ਸਿੰਘ ਤੇ ਮੰਗਤ ਸਿੰਘ ਹਾਜ਼ਰ ਸਨ।