ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਵਾਂਗੇ: ਬਲਬੀਰ ਸਿੰਘ
ਸਰਬਜੀਤ ਸਿੰਘ ਭੰਗੂ
ਪਟਿਆਲਾ, 15 ਜੂਨ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੂੰ ਨਾਲ ਲੈ ਕੇ ਪਟਿਆਲਾ ਦਿਹਾਤੀ ਹਲਕੇ ਦੇ ਦਰਜਨ ਦੇ ਕਰੀਬ ਮੁਹੱਲਿਆਂ ਦਾ ਦੌਰਾ ਕਰਕੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਉਨ੍ਹਾਂ ਆਪਣੀ ਟੀਮਾਂ ਨਾਲ ਵੱਖ-ਵੱਖ ਕਲੋਨੀਆਂ ਦਾ ਦੌਰਾ ਕਰਦਿਆਂ ਸੜਕਾਂ ਅਤੇ ਡਰੇਨੇਜ ਵਿਵਸਥਾ ਦਾ ਨਿਰੀਖਣ ਵੀ ਕੀਤਾ।
ਲੋਕਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਗੱਲੋਂ ਵਚਨਬੱਧ ਹੈ ਕਿ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਸਮਾਂਬੱਧ ਨਿਪਟਾਰਾ ਕੀਤਾ ਜਾਵੇ। ਸਿਹਤ ਮੰਤਰੀ ਨੇ ਫੁਲਕੀਆਂ ਐਨਕਲੇਵ, ਆਨੰਦ ਨਗਰ ਏ ਤੇ ਬੀ, ਰਣਜੀਤ ਨਗਰ, ਫਰੈਂਡਜ਼ ਐਨਕਲੇਵ, ਕੋਹਿਨੂਰ ਐਨਕਲੇਵ, ਗੋਬਿੰਦ ਬਾਗ, ਹੀਰਾ ਨਗਰ, ਪੁਰਾਣਾ ਬਿਸ਼ਨ ਨਗਰ, ਨਿਊ ਬਿਸ਼ਨ ਨਗਰ, ਦੀਨ ਦਿਆਲ ਉਪਾਧਿਆ ਨਗਰ ਤੇ ਹੋਰ ਕਲੋਨੀਆਂ ’ਚ ਲੋਕਾਂ ਨਾਲ ਮੁਲਾਕਾਤ ਕਰਕੇ ਚੱਲ ਰਹੇ ਕੰਮਾਂ ਬਾਰੇ ਪ੍ਰਤੀਕਿਰਿਆ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਲੰਘੇ ਵਰ੍ਹੇ ਹੜ੍ਹਾਂ ਕਰਕੇ ਹੋਏ ਨੁਕਸਾਨ ਦੇ ਮੱਦੇਨਜ਼ਰ ਇਨ੍ਹਾਂ ਕਲੋਨੀਆਂ ਨੂੰ ਹੜ੍ਹਾਂ ਵਰਗੀ ਸਥਿਤੀ ਤੋਂ ਬਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਡਾ. ਬਲਬੀਰ ਸਿੰਘ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਪਿਛਲੀ ਵਾਰ ਬਰਸਾਤ ਤੇ ਹੜ੍ਹਾਂ ਦੌਰਾਨ ਪਛਾਣ ਕੀਤੀਆਂ ਥਾਵਾਂ ਵਿੱਚੋਂ ਪਾਣੀ ਦੀ ਨਿਕਾਸੀ ਤੇ ਹੜ੍ਹਾਂ ਤੋਂ ਬਚਾਅ ਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰ ਲਏ ਜਾਣ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਮੁਤਾਬਕ ਚੋਣਾਂ ਕਰਕੇ ਰੁਕੇ ਸਾਰੇ ਕੰਮ ਤੇਜ਼ੀ ਨਾਲ ਮੁਕੰਮਲ ਕੀਤੇ ਜਾਣਗੇ।
ਸਿਹਤ ਮੰਤਰੀ ਦੇ ਇਸ ਦੌਰੇ ਦੌਰਾਨ ਕਰਨਲ ਜੇ.ਵੀ., ਨਗਰ ਨਿਗਮ ਦੇ ਐਕਸੀਐਨ ਗੁਰਜੀਤ ਸਿੰਘ ਵਾਲੀਆ, ਸਥਾਨਕ ਆਗੂ ਚਰਨਜੀਤ ਸਿੰਘ ਐਸ.ਕੇ., ਦਵਿੰਦਰ ਕੌਰ, ਮਨਜੀਤ ਸਿੰਘ ਵਿਰਦੀ, ਮੋਹਿਤ ਕੁਮਾਰ, ਸੰਤੋਖ ਸਿੰਘ ਸ਼ੋਕੀ, ਜਤਿੰਦਰ ਕੌਰ ਐਸ.ਕੇ, ਕਮਲਜੀਤ ਸਿੰਘ, ਇਨਾਇਤ ਅਲੀ ਤੇ ਹੋਰ ਮੌਜੂਦ ਸਨ।