ਗੜਿਆਂ ਕਾਰਨ ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਛੇਤੀ ਦੇਵਾਂਗੇ: ਧਾਲੀਵਾਲ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 9 ਮਾਰਚ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਰਾਜਾਸਾਂਸੀ ਤੇ ਅਜਨਾਲਾ ਹਲਕੇ ਵਿੱਚ ਬੀਤੇ ਦਿਨੀਂ ਪਏ ਗੜਿਆਂ ਕਾਰਨ ਬਾਕੀ ਫ਼ਸਲਾਂ ਦੇ ਨਾਲ-ਨਾਲ ਪਸ਼ੂਆਂ ਦੇ ਚਾਰੇ ਵੀ ਤਬਾਹ ਹੋ ਗਏ ਸਨ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਵਿੱਚ ਗਿਰਦਾਵਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਛੇਤੀ ਹੀ ਕਿਸਾਨਾਂ ਨੂੰ ਫ਼ਸਲਾਂ ਦਾ ਮੁਆਵਜ਼ਾ ਜਾਰੀ ਕਰ ਦਿੱਤਾ ਜਾਵੇਗਾ। ਇੱਕ ਸਵਾਲ ਦੇ ਜਵਾਬ ਵਿੱਚ ਮੰਤਰੀ ਨੇ ਕਿਹਾ ਕਿ ਮੁਆਵਜ਼ੇ ਦੀ ਵੰਡ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਿਫ਼ਾਰਸ਼ ਜਾਂ ਕਾਣੀ ਵੰਡ ਨਹੀਂ ਹੋਵੇਗੀ। ਜਿਸ ਕਿਸਾਨ ਦਾ ਜਿੰਨਾ ਨੁਕਸਾਨ ਹੋਇਆ ਹੈ, ਉਸ ਹਿਸਾਬ ਨਾਲ ਉਸ ਦੇ ਖਾਤੇ ਵਿੱਚ ਪੈਸੇ ਪਾ ਦਿੱਤੇ ਜਾਣਗੇ।
ਕੈਬਨਿਟ ਮੰਤਰੀ ਧਾਲੀਵਾਲ ਨੇ ਪਿਛਲੇ ਦਿਨੀਂ ਕਿਸਾਨਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਭਰੋਸਾ ਦਿੱਤਾ ਸੀ ਕਿ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਤਹਿਤ ਅੱਜ ਉਨ੍ਹਾਂ ਨੇ ਪੰਜਾਬ ਐਗਰੋ ਦੇ ਫੋਡਰ ਸਟੌਕ ਤੋਂ ਕਿਸਾਨਾਂ ਨੂੰ ਲਗਪਗ 2500 ਪਸ਼ੂਆਂ ਲਈ ਚਾਰਾ ਵੰਡਿਆ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਸਰਵੇਖਣ ਅਨੁਸਾਰ ਕੁਦਰਤੀ ਆਫ਼ਤ ਗੜਿਆਂ ਕਾਰਨ ਇਸ ਇਲਾਕੇ ’ਚ 3600 ਪਸ਼ੂ ਚਾਰੇ ਦੀ ਥੁੜ੍ਹ ਤੋਂ ਪ੍ਰਭਾਵਿਤ ਹੋਏ ਹਨ। ਸਰਕਾਰ ਵੱਲੋਂ ਹੁਣ ਤੱਕ 2500 ਪਸ਼ੂਆਂ ਨੂੰ ਚਾਰਾ ਵੰਡ ਦਿੱਤਾ ਗਿਆ ਹੈ ਤੇ ਬਾਕੀ ਪਸ਼ੂਆਂ ਨੂੰ ਵੀ ਚਾਰਾ ਜਲਦੀ ਭਿਜਵਾ ਦਿੱਤਾ ਜਾਵੇਗਾ। ਇਸ ਮੌਕੇ ਪੰਜਾਬ ਐਗਰੋ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਬਿਜਲੀ ਘਰ ਨੂੰ ਅਪਗ੍ਰੇਡ ਕਰਨ ਦਾ ਨੀਂਹ ਪੱਥਰ ਰੱਖਿਆ
ਅਜਨਾਲਾ (ਸੁਖਦੇਵ ਸਿੰਘ): ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਵਿੱਚ ਪਹਿਲਾਂ ਲੱਗੇ 66 ਕੇਵੀ ਗਰਿੱਡ ਸਬ-ਸਟੇਸ਼ਨ ਤੋਂ ਬਿਜਲੀ ਦੀ ਸਪਲਾਈ ਨਿਰੰਤਰ ਚਾਲੂ ਰੱਖਣ ਲਈ 34.74 ਕਰੋੜ ਦੀ ਲਾਗਤ ਨਾਲ 220 ਕੇਵੀਏ ਅਪਗ੍ਰੇਡ ਕਰਨ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਬੋਲਦਿਆਂ ਸ੍ਰੀ ਧਾਲੀਵਾਲ ਨੇ ਕਿਹਾ ਕਿ 60 ਸਾਲਾਂ ਬਾਅਦ ਅਜਨਾਲਾ ਸਥਿਤ ਬਿਜਲੀ ਘਰ ਦਾ ਗਰਿੱਡ ਅਪਗ੍ਰੇਡ ਹੋਣ ਨਾਲ ਇਸ ਇਲਾਕੇ ਵਿੱਚ ਸਨਅਤਾਂ ਲੱਗਣ ਦੀ ਆਸ ਬੱਝੀ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਅਗਲੇ ਇੱਕ ਸਾਲ ਤੱਕ ਮੁਕੰਮਲ ਹੋਣ ਨਾਲ ਬਿਜਲੀ ਘਰ 66 ਕੇਵੀ ਅਜਨਾਲਾ, 66 ਕੇਵੀ ਚੱਕ ਡੋਗਰਾ, 66 ਕੇਵੀ ਗੱਗੋਮਾਹਲ, 66 ਕੇਵੀ ਰਮਦਾਸ ਅਤੇ 66 ਕੇਵੀ ਡਿਆਲ ਭੜੰਗ ਜੋ ਪਹਿਲਾਂ 220 ਕੇਵੀ ਫ਼ਤਹਿਗੜ੍ਹ ਚੂੜੀਆਂ ਤੋਂ ਚੱਲਦੇ ਸਨ ਹੁਣ ਇਹ 220 ਕੇਵੀਏ ਅਜਨਾਲਾ ਤੋਂ ਚੱਲਣਗੇ। ਇਸ ਨਾਲ ਲਗਪਗ 115 ਪਿੰਡਾਂ ਦੇ ਘਰਾਂ ਨੂੰ ਵੱਡਾ ਫ਼ਾਇਦਾ ਹੋਣ ਦੇ ਨਾਲ-ਨਾਲ ਇਸ ਖੇਤਰ ਦੇ ਪਿੰਡਾਂ ਦੀ ਬਿਜਲੀ ਸਪਲਾਈ ਵਿੱਚ ਵੀ ਸੁਧਾਰ ਹੋਵੇਗਾ।