ਕੂੜੇ ਦੀ ਸਮੱਸਿਆ ਹੱਲ ਕਰਾਂਗੇ: ਚੱਢਾ
ਬਲਵਿੰਦਰ ਰੈਤ
ਨੂਰਪੁਰ ਬੇਦੀ, 14 ਜਨਵਰੀ
ਵਿਧਾਇਕ ਦਿਨੇਸ਼ ਚੱਢਾ ਵੱਲੋਂ ਪਿੰਡ ਸਿੰਘਪੁਰ ਵਿੱਚ ਲਗਾਇਆ ਸੌਲਿਡ ਵੇਸਟ ਮੈਨੇਜਮੈਂਟ ਪਲਾਂਟ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਪਲਾਂਟ ਦਾ ਉਦਘਾਟਨ ਪਿੰਡ ਦੇ 12 ਸਾਲਾ ਬੱਚੇ ਰਣਜੀਤ ਸਿੰਘ ਰਾਣਾ ਦੇ ਹੱਥੋਂ ਕਰਵਾਇਆ। ਉਨ੍ਹਾਂ ਕਿਹਾ ਕਿ ਕੂੜੇ ਦੀ ਸਮੱਸਿਆ ਹੱਲ ਕਰਵਾਈ ਜਾਵੇਗੀ।
ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਚੱਢਾ ਨੇ ਦੱਸਿਆ ਕਿ ਇਸ ਪ੍ਰਾਜੈਕਟ ’ਤੇ 7.7 ਲੱਖ ਰੁਪਏ ਦੀ ਲਾਗਤ ਆਈ ਹੈ। ਇਹ ਪਲਾਂਟ ਲੱਗਣ ਨਾਲ ਪਿੰਡ ਸਿੰਘਪੁਰ ਦੇ ਘਰਾਂ ਦੇ ਕੂੜੇ ਦੀ ਸਮੱਸਿਆ ਦਾ ਪੂਰਨ ਤੌਰ ’ਤੇ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਕੂੜਾ ਆਲੇ-ਦੁਆਲੇ ਨਹੀਂ ਸੁੱਟਣਾ ਪਵੇਗਾ ਬਲਕਿ ਇਸ ਪਲਾਂਟ ਦੇ ਰਾਹੀਂ ਕੂੜੇ ਦਾ ਨਿਬੇੜਾ ਕੀਤਾ ਜਾਵੇਗਾ। ਵਿਧਾਇਕ ਨੇ ਦੱਸਿਆ ਕਿ ਹਲਕੇ ਦੇ ਵੱਡੀ ਗਿਣਤੀ ਪਿੰਡਾਂ ਵਿੱਚ ਕੂੜਾ ਸੁੱਟਣ ਲਈ ਕੋਈ ਢੁੱਕਵੀਂ ਥਾਂ ਉਪਲੱਬਧ ਨਾ ਹੋਣ ਕਾਰਨ ਘਰਾਂ ਦਾ ਕੂੜਾ ਖੁੱਲ੍ਹੇ ’ਚ ਸੁੱਟਣ ਕਾਰਨ ਗੰਦਗੀ ਫੈਲਦੀ ਸੀ। ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਪਤਵੰਤਿਆਂ ਨੇ ਪਲਾਂਟ ਲਗਾਉਣ ਲਈ ਵਿਧਾਇਕ ਦਾ ਧੰਨਵਾਦ ਕੀਤਾ।
ਇਸ ਮੌਕੇ ਬਾਬਾ ਸਰੂਪ ਸਿੰਘ ਡੂਮੇਵਾਲ, ਸਰਪੰਚ ਦਲਜੀਤ ਕੌਰ, ਨੰਬਰਦਾਰ ਬਲਵੰਤ ਰਾਣਾ, ਜਸਪਾਲ ਕੌਰ, ਹਰਵਿੰਦਰ ਕੌਰ, ਨੀਲਮ ਰਾਣੀ, ਜਤਿੰਦਰ ਸਿੰਘ, ਐਡਵੋਕੇਟ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।