For the best experience, open
https://m.punjabitribuneonline.com
on your mobile browser.
Advertisement

ਮਿਲਕਫੈੱਡ ਉਤਪਾਦਾਂ ਨੂੰ ਅਹਿਮਦਾਬਾਦ, ਕੋਲਕਾਤਾ ਤੇ ਮੁੰਬਈ ’ਚ ਵੇਚਾਂਗੇ: ਭਗਵੰਤ ਮਾਨ

08:05 AM Aug 23, 2023 IST
ਮਿਲਕਫੈੱਡ ਉਤਪਾਦਾਂ ਨੂੰ ਅਹਿਮਦਾਬਾਦ  ਕੋਲਕਾਤਾ ਤੇ ਮੁੰਬਈ ’ਚ ਵੇਚਾਂਗੇ  ਭਗਵੰਤ ਮਾਨ
ਵੇਰਕਾ ਦੇ ਨਵੇਂ ਉਤਪਾਦ ਜਾਰੀ ਕਰਨ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਅਗਸਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀਆਂ ਸਹਿਕਾਰੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਲਈ ਪਹਿਲਕਦਮੀ ਕਰਦਿਆਂ ਅੱਜ ਵੇਰਕਾ ਫਰੂਟ ਦਹੀਂ, ਫਰੈੱਸ਼ ਕਰੀਮ ਦੀ ਇਕ ਲਿਟਰ ਪੈਕਿੰਗ ਤੇ ਐਕਸਟੈਂਡਿਡ ਸੈਲਫ ਲਾਈਫ ਯੂਐਚਟੀ ਦੁੱਧ ਲਾਂਚ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਮਿਲਕਫੈੱਡ ਦੀ ਮੁੱਖ ਸਮਰੱਥਾ ਵਧੀਆ ਗੁਣਵੱਤਾ ਵਾਲੇ ਦੁੱਧ ਦੀ ਖਰੀਦ ਤੇ ਉੱਚ ਗੁਣਵੱਤਾ ਵਾਲੇ ਦੁੱਧ ਉਤਪਾਦਾਂ ਦੀ ਪੈਦਾਵਾਰ ਵਿੱਚ ਹੈ। ਉਨ੍ਹਾਂ ਕਿਹਾ ਕਿ ਵੇਰਕਾ ਡੇਅਰੀ ਮੁਹਾਲੀ ਵਿਚ ਜੇਆਈਸੀਏ ਤਹਿਤ 325 ਕਰੋੜ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ ਬੁਨਿਆਦੀ ਢਾਂਚੇ ਵਾਲਾ ਪੰਜ ਐਲਐਲਪੀਡੀ ਸਮਰੱਥਾ ਦਾ ਨਵਾਂ ਦੁੱਧ ਪ੍ਰੋਸੈਸਿੰਗ ਪਲਾਂਟ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਪਲਾਂਟ ’ਚ 50 ਐਮਟੀਪੀਡੀ ਦਹੀਂ, 4 ਐਮਟੀਪੀਡੀ ਘਿਓ ਤੇ 50 ਐਮਟੀਪੀਡੀ ਮੱਖਣ ਤਿਆਰ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਮਿਲਕਫੈੱਡ ਨੂੰ ਅਹਿਮਦਾਬਾਦ, ਕੋਲਕਾਤਾ, ਮੁੰਬਈ ਅਤੇ ਜੈਪੁਰ ਦੇ ਬਾਜ਼ਾਰਾਂ ’ਚ ਸ਼ੁਰੂ ਕਰਨ ਲਈ ਕੰਮ ਕਰ ਰਹੀ ਹੈ। ਮਿਲਕਫੈੱਡ ਨੇ ਦਿੱਲੀ ਤੇ ਐਨਸੀਆਰ ਦੇ ਬਾਜ਼ਾਰਾਂ ’ਚ ਤਾਜ਼ਾ ਦੁੱਧ ਤੇ ਦੁੱਧ ਉਤਪਾਦਾਂ ਨੂੰ ਲਾਂਚ ਕੀਤਾ ਹੈ। ਮਿਲਕਫੈੱਡ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਵੱਖ-ਵੱਖ ਸਟੇਸ਼ਨਾਂ ’ਤੇ 30 ਵੇਰਕਾ ਮਿਲਕ ਬੂਥ ਅਤੇ ਦਿੱਲੀ ਦੀਆਂ ਪ੍ਰਮੁੱਖ ਥਾਵਾਂ ’ਤੇ 100 ਮਿਲਕ ਬੂਥ ਖੋਲ੍ਹ ਚੁੱਕਿਆ ਹੈ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਦੁੱਧ ਵੇਰਕਾ ਨੂੰ ਮੁਹੱਈਆ ਕਰਵਾ ਕੇ ਆਪਣੀ ਆਮਦਨ ’ਚ ਵਾਧਾ ਕਰ ਸਕਦੇ ਹਨ।
ਮੁੱਖ ਮੰਤਰੀ ਨੇ ਮਿਲਕਫੈੱਡ ਨੂੰ ਪੰਜਾਬ ਸਰਕਾਰ ਤੋਂ 100 ਕਰੋੜ ਦੀ ਵਿੱਤੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਵੀ ਹਾਜ਼ਰ ਸਨ।

Advertisement

ਮੁੱਖ ਮੰਤਰੀ ਨੇ ਮੋਗਾ ਦੇ ਨਵੇਂ ਮੇਅਰ ਨੂੰ ਦਿੱਤੀ ਜਿੱਤ ਦੀ ਵਧਾਈ

ਮੋਗਾ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ।

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿੱਚ ਮੋਗਾ ਨਗਰ ਨਿਗਮ ਉੱਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੋਣ ’ਤੇ ‘ਆਪ’ ਦੇ ਨਵੇਂ ਮੇਅਰ ਬਲਜੀਤ ਸਿੰਘ ਚਾਨੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਜਿੱਤ ਦੀ ਵਧਾਈ ਦਿੱਤੀ। ਇਸ ਮੌਕੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੌਂਸ, ਸ਼ਹਿਰ ਦੇ ਕੌਂਸਲਰ ਤੇ ਹੋਰ ਪਾਰਟੀ ਆਗੂ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਮੋਗਾ ਦੇ ਨਵੇਂ ਮੇਅਰ ਨੂੰ ਭਰੋਸਾ ਦਿੱਤਾ ਕਿ ਨਗਰ ਨਿਗਮ ਮੋਗਾ ਨੂੰ ਵਿਕਾਸ ਲਈ ਲੋੜੀਂਦੇ ਫੰਡ ਮੁਹੱਈਆ ਕਰਵਾਏ ਜਾਣਗੇ। ਭਗਵੰਤ ਮਾਨ ਨੇ ਸੂਬੇ ਦਾ ਪਹਿਲਾ ਯੂਪੀਐੱਸਸੀ ਸਿਖਲਾਈ ਕੇਂਦਰ ਮੋਗਾ ਵਿੱਚ ਬਣਾਉਣ ਦਾ ਭਰੋਸਾ ਦਿੱਤਾ ਹੈ। ਵਿਧਾਇਕਾ ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ ਬਹੁਤ ਹੀ ਸਾਧਾਰਨ ਪਰਿਵਾਰ ਵਿੱਚੋਂ ਹਨ। ਉਹ ਗੱਡੀਆਂ ਦੀ ਡੈਂਟਿੰਗ ਦਾ ਕੰਮ ਕਰਨ ਦੇ ਨਾਲ-ਨਾਲ ਸਮਾਜ ਸੇਵਾ ਵੀ ਕਰਦੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਨੂੰ ਸਿਆਸਤ ਵਿੱਚ ਆਉਣ ਦਾ ਮੌਕਾ ਦਿੰਦੀ ਹੈ। ਇਸੇ ਕਰ ਕੇ ਅੱਜ ਬਲਜੀਤ ਸਿੰਘ ਮੇਅਰ ਬਣੇ ਹਨ। ਦੂਜੇ ਪਾਸੇ ਰਵਾਇਤੀ ਪਾਰਟੀਆਂ ’ਚ ਪੈਸੇ ਵਾਲੇ ਲੋਕਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ, ਇਸ ਲਈ ਇਨ੍ਹਾਂ ਦੇ ਜ਼ਿਆਦਾਤਰ ਵਿਧਾਇਕ ਅਤੇ ਸੰਸਦ ਮੈਂਬਰ ਅਮੀਰ ਘਰਾਣਿਆਂ ਵਿੱਚੋਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਆਗੂ ਲੋਕਾਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਕਰ ਰਹੇ ਹਨ ਤਾਂ ਜੋ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਯਕੀਨੀ ਬਣਾਇਆ ਜਾ ਸਕੇ।

Advertisement

Advertisement
Author Image

sukhwinder singh

View all posts

Advertisement