For the best experience, open
https://m.punjabitribuneonline.com
on your mobile browser.
Advertisement

ਅਤਿਵਾਦ ਦੀ ਕਿਸੇ ਵੀ ਕੋਸ਼ਿਸ਼ ਦਾ ਮੂੰਹ ਤੋੜ ਜਵਾਬ ਦੇਵਾਂਗੇ: ਮੋਦੀ

07:18 AM Jul 27, 2024 IST
ਅਤਿਵਾਦ ਦੀ ਕਿਸੇ ਵੀ ਕੋਸ਼ਿਸ਼ ਦਾ ਮੂੰਹ ਤੋੜ ਜਵਾਬ ਦੇਵਾਂਗੇ  ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਾਸ ਵਿੱਚ ਕਾਰਗਿਲ ਵਾਰ ਮੈਮੋਰੀਅਲ ’ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ। -ਫੋਟੋ: ਪੀਟੀਆਈ
Advertisement

* ਸ਼ਿਨਕੁਨ ਲਾ ਸੁਰੰਗ ਪ੍ਰਾਜੈਕਟ ਲਈ ‘ਪਹਿਲਾ ਬਲਾਸਟ’ ਕੀਤਾ

Advertisement

ਦਰਾਸ (ਕਾਰਗਿਲ), 26 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਗਿਲ ਵਿਜੈ ਦਿਵਸ ਦੀ 25ਵੀਂ ਵਰ੍ਹੇਗੰਢ ਮੌਕੇ ਅੱਜ ਇਸਲਾਮਾਬਾਦ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਗੁਆਂਢੀ ਮੁਲਕ ਪ੍ਰਸੰਗਿਕ ਬਣੇ ਰਹਿਣ ਲਈ ਅਤਿਵਾਦ ਤੇ ਲੁਕਵੀਂ ਜੰਗ ਦਾ ਸਹਾਰਾ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫੌਜੀ ਅਤਿਵਾਦ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਪੂਰੀ ਤਾਕਤ ਨਾਲ ਕੁਚਲ ਦੇਣਗੇ। ਦਰਾਸ ਵਿਚ ਕਾਰਗਿਲ ਯਾਦਗਾਰ ’ਤੇ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ 1999 ਦੀ ਜੰਗ ਵਿਚ ਸੱਚ ਸਾਹਮਣੇ ‘ਝੂਠ-ਫਰੇਬ ਤੇ ਅਤਿਵਾਦ’ ਨੂੰ ਗੋਡੇ ਟੇਕਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਆਪਣੇ ਅਤੀਤ ਵਿਚੋਂ ਕੁਝ ਨਹੀਂ ਸਿੱਖਿਆ। ਸ੍ਰੀ ਮੋਦੀ ਨੇ ਅਗਨੀਪਥ ਸਕੀਮ ਦੀ ਨੁਕਤਾਚੀਨੀ ਲਈ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਇਸ ਯੋਜਨਾ ਦਾ ਮੁੱਖ ਮੰਤਵ ਫੌਜ ਨੂੰ ਹਮੇਸ਼ਾ ਜੰਗ ਲਈ ਤਿਆਰ-ਬਰ-ਤਿਆਰ ਰੱਖਣਾ ਹੈ। ਉਨ੍ਹਾਂ ਕਿਹਾ ਕਿ ਅਗਨੀਪਥ ਸਕੀਮ ਫੌਜ ਵੱਲੋਂ ਕੀਤੇ ਜ਼ਰੂਰੀ ਸੁਧਾਰਾਂ ਦੀ ਮਿਸਾਲ ਹੈ। ਉਨ੍ਹਾਂ ਵਿਰੋਧੀ ਧਿਰਾਂ ’ਤੇ ਫੌਜ ਦੀ ਭਰਤੀ ਪ੍ਰਕਿਰਿਆ ’ਤੇ ਸਿਆਸਤ ਖੇਡਣ ਦਾ ਦੋਸ਼ ਲਾਇਆ। ਉਨ੍ਹਾਂ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਕਿ ਅਗਨੀਪਥ ਸਕੀਮ ਪੈਨਸ਼ਨ ਦਾ ਪੈਸਾ ਬਚਾਉਣ ਲਈ ਲਿਆਂਦੀ ਗਈ ਹੈ।

ਕਾਰਗਿਲ ਜੰਗੀ ਯਾਦਗਾਰ ਵਿੱਚ ਹਥਿਆਰ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਏਐੱਨਆਈ

ਸ੍ਰੀ ਮੋਦੀ ਨੇ ਦਰਾਸ ਵਿਚ ਭਾਰਤ ਦੇ ਸਿਖਰਲੇ ਫੌਜੀ ਅਧਿਕਾਰੀਆਂ ਦੀ ਮੌਜੂਦਗੀ ਵਿਚ ਕਿਹਾ, ‘‘ਅੱਜ ਮੈਂ ਜਿਸ ਥਾਂ ਤੋਂ ਬੋਲ ਰਿਹਾ ਹਾਂ, ਉਥੋਂ ਅਤਿਵਾਦ ਦੇ ਆਕਾ ਮੇਰੀ ਆਵਾਜ਼ ਸਿੱਧੀ ਸੁਣ ਸਕਦੇ ਹਨ। ਮੈਂ ਅਤਿਵਾਦ ਦੇ ਇਨ੍ਹਾਂ ਸਰਪ੍ਰਸਤਾਂ ਨੂੰ ਕਹਿਣਾ ਚਾਹਾਂਗਾ ਕਿ ਉਨ੍ਹਾਂ ਦੇ ਨਾਪਾਕ ਇਰਾਦੇ ਕਦੇ ਪੂਰੇ ਨਹੀਂ ਹੋਣਗੇ।’’ ਅਤਿਵਾਦ ਦੀ ਨਿਖੇਧੀ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਪਾਕਿਸਤਾਨ ਨੂੰ ਅਤੀਤ ਵਿਚ ਹਮੇਸ਼ਾ ਮੂੰਹ ਦੀ ਖਾਣੀ ਪਈ ਹੈ ਤੇ ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਦਹਿਸ਼ਤਗਰਦਾਂ ਦੇ ਮਾੜੇ ਇਰਾਦੇ ਕਦੇ ਵੀ ਪੂਰੇ ਨਹੀਂ ਹੋਣਗੇ। ਪ੍ਰਧਾਨ ਮੰਤਰੀ ਨੇ ਕਿਹਾ, ‘‘ਪਾਕਿਸਤਾਨ ਨੇ ਆਪਣੇ ਅਤੀਤ ਤੋਂ ਕੋਈ ਸਬਕ ਨਹੀਂ ਲਿਆ ਤੇ ਪ੍ਰਸੰਗਿਕ ਬਣੇ ਰਹਿਣ ਲਈ ਅਤਿਵਾਦ ਤੇ ਲੁਕਵੀਂ ਜੰਗ ਦੀ ਆੜ ਵਿਚ ਜੰਗ ਛੇੜੀ ਰੱਖਦਾ ਹੈ। ਸਾਡੇ ਸੂਰਬੀਰ ਜਵਾਨ ਅਤਿਵਾਦ ਦੀਆਂ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਨੂੰ ਮਧੋਲ ਕੇ ਰੱਖ ਦੇਣਗੇ।’’
ਸ੍ਰੀ ਮੋਦੀ ਨੇ ਕਾਰਗਿਲ ਜੰਗ ਦੌਰਾਨ ਜਾਨਾਂ ਵਾਰਨ ਵਾਲੇ ਫੌਜੀਆਂ ਨੂੰ ਸ਼ਰਧਾਂਜਲੀ ਵੀ ਦਿੱਤੀ। ਸ਼ਰਧਾਂਜਲੀ ਸਮਾਗਮ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਕਾਰਗਿਲ ਜੰਗ ਵਿਚ ਮਿਲੀ ਜਿੱਤ ਕਿਸੇ ਸਰਕਾਰ ਜਾਂ ਕਿਸੇ ਪਾਰਟੀ ਦੀ ਨਹੀਂ ਸੀ। ਇਹ ਜਿੱਤ ਦੇਸ਼ ਦੀ ਸੀ। ਉਨ੍ਹਾਂ ਕਿਹਾ, ‘‘ਭਾਰਤ ਵਿਕਾਸ, ਫਿਰ ਚਾਹੇ ਉਹ ਲੱਦਾਖ ਜਾਂ ਜੰਮੂ ਕਸ਼ਮੀਰ ਦਾ ਹੋਵੇ, ਦੇ ਰਾਹ ਵਿਚ ਆਉਣ ਵਾਲੀ ਹਰ ਚੁਣੌਤੀ ਤੋਂ ਪਾਰ ਪਾਏਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ 5 ਅਗਸਤ ਨੂੰ ਜੰਮੂ ਕਸ਼ਮੀਰ ’ਚੋਂ ਧਾਰਾ 370 ਮਨਸੂਖ ਕੀਤੇ ਨੂੰ ਪੰਜ ਸਾਲ ਪੂਰੇ ਹੋ ਜਾਣਗੇ ਤੇ ਅੱਜ ਜੰਮੂ ਕਸ਼ਮੀਰ ਸੁਪਨਿਆਂ ਨਾਲ ਭਰੇ ਨਵੇਂ ਭਵਿੱਖ ਦੀ ਗੱਲ ਕਰਦਾ ਹੈ। ਉਨ੍ਹਾਂ ਜੰਮੂ ਕਸ਼ਮੀਰ ਦੀ ਤਰੱਕੀ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਹੋਈਆਂ ਜੀ-20 ਬੈਠਕਾਂ ਦੀ ਮਿਸਾਲ ਦਿੱਤੀ। ਸ੍ਰੀ ਮੋਦੀ ਨੇ ਅਗਨੀਪਥ ਸਕੀਮ ਦੇ ਹਵਾਲੇ ਨਾਲ ਕਿਹਾ ਕਿ ਕੁਝ ਲੋਕ ਕੌਮੀ ਸੁਰੱਖਿਆ ਨਾਲ ਜੁੜੇ ਸੰਵੇਦਨਸ਼ੀਲ ਮੁੱਦੇ ’ਤੇ ਸਿਆਸਤ ਖੇਡ ਰਹੇ ਹਨ। ਉਨ੍ਹਾਂ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਕਿ ਇਹ ਸਕੀਮ ਪੈਨਸ਼ਨ ਦਾ ਪੈਸਾ ਬਚਾਉਣ ਲਈ ਲਿਆਂਦੀ ਗਈ ਸੀ। ਉਨ੍ਹਾਂ ਕਿਹਾ, ‘‘ਅਗਨੀਪਥ (ਸਕੀਮ) ਦਾ ਨਿਸ਼ਾਨਾ ਸੁਰੱਖਿਆ ਬਲਾਂ ਨੂੰ ਜਵਾਨ ਬਣਾ ਕੇ ਰੱਖਣਾ ਹੈ...ਇਸ ਦਾ ਮੰਤਵ ਫੌਜ ਨੂੰ ਹਮੇਸ਼ਾ ਜੰਗ ਲਈ ਫਿਟ ਰੱਖਣਾ ਹੈ। ਪਰ ਬਦਕਿਸਮਤੀ ਨਾਲ ਕੁਝ ਲੋਕ ਆਪਣੇ ਨਿੱਜੀ ਹਿੱਤਾਂ ਲਈ ਫੌਜ ਵਿਚ ਸੁਧਾਰਾਂ ਬਾਰੇ ਵੀ ਸਿਆਸਤ ਖੇਡ ਰਹੇ ਹਨ।’’ ਉਨ੍ਹਾਂ ਕਿਹਾ, ‘‘ਦਹਾਕਿਆਂ ਤੱਕ ਸੰਸਦ ਵਿਚ ਚਰਚਾ ਹੋਈ ਤੇ ਹਥਿਆਰਬੰਦ ਬਲਾਂ ਨੂੰ ਜਵਾਨ ਬਣਾਉਣ ਲਈ ਕਈ ਕਮੇਟੀਆਂ ਬਣੀਆਂ। ਭਾਰਤੀ ਫੌਜੀਆਂ ਦੀ ਔਸਤਨ ਉਮਰ ਦਾ ਆਲਮੀ ਔਸਤ ਨਾਲੋਂ ਵੱਧ ਹੋਣਾ ਫ਼ਿਕਰਮੰਦੀ ਦਾ ਵਿਸ਼ਾ ਰਿਹਾ ਹੈ।’’ ਉਨ੍ਹਾਂ ਕਿਹਾ ਇਹ ਮਸਲਾ ਸਾਲਾਂ ਤੱਕ ਕਈ ਕਮੇਟੀਆਂ ਵਿਚ ਰੱਖਿਆ ਗਿਆ, ਪਰ ਕੌਮੀ ਸੁਰੱਖਿਆ ਨੂੰ ਦਰਪੇਸ਼ ਚੁਣੌਤੀ ਨੂੰ ਹੱਲ ਕਰਨ ਦੀ ਇੱਛਾ ਸ਼ਕਤੀ ਪਹਿਲਾਂ ਨਹੀਂ ਦਿਖਾਈ ਗਈ।’’ਸ੍ਰੀ ਮੋਦੀ ਨੇ ਆਪਣੇ ਸੰਬੋਧਨ ਤੋਂ ਪਹਿਲਾਂ ਲੇਹ ਨੂੰ ਜੋੜਦੀ ਨੀਮੂ-ਪਾਦੁਮ-ਡਾਰਚਾ ਰੋਡ ’ਤੇ ਕਰੀਬ 15,800 ਫੀਟ ਦੀ ਉਚਾਈ ’ਤੇ ਬਣਨ ਵਾਲੀ ਸ਼ਿਨਕੁਨ ਲਾ ਸੁਰੰਗ ਪ੍ਰਾਜੈਕਟ ਲਈ ‘ਪਹਿਲਾ ਬਲਾਸਟ’ ਕੀਤਾ। ਉਨ੍ਹਾਂ ਕਿਹਾ, ‘‘ਇਹ ਸੁਰੰਗ ਲੱਦਾਖ ਦੇ ਬਿਹਤਰ ਭਵਿੱਖ ਤੇ ਵਿਕਾਸ ਲਈ ਨਵੀਆਂ ਸੰਭਾਵਨਾਵਾਂ ਦੇ ਦਰ ਖੋਲ੍ਹੇਗੀ।’’ -ਪੀਟੀਆਈ

ਮੋਦੀ ਦੀਆਂ ਟਿੱਪਣੀਆਂ ਦੀ ਵਿਰੋਧੀ ਧਿਰਾਂ ਵੱਲੋਂ ਆਲੋਚਨਾ

ਨਵੀਂ ਦਿੱਲੀ:

ਵਿਰੋਧੀ ਧਿਰਾਂ ਨੇ ਅੱਜ ਕਾਰਗਿਲ ਵਿਜੈ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ‘ਅਗਨੀਪਥ’ ਯੋਜਨਾ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਾਅਵਿਆਂ ਦੀ ਆਲੋਚਨਾ ਕਰਦਿਆਂ ਇਸ ਯੋਜਨਾ ਨੂੰ ਮੁੜ ਵਿਚਾਰਨ ਦੀ ਮੰਗ ਕੀਤੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਦੇ ਹੋਰ ਆਗੂਆਂ ਨੇ ਪ੍ਰਧਾਨ ਮੰਤਰੀ ’ਤੇ ‘ਅਗਨੀਪਥ’ ਦੇ ਮੁੱਦੇ ’ਤੇ ‘ਘਟੀਆ ਸਿਆਸਤ’ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮੋਦੀ ਦੀ ਇਹ ਟਿੱਪਣੀ ਕਿ ਉਨ੍ਹਾਂ ਦੀ ਸਰਕਾਰ ਨੇ ਫੌਜ ਦੇ ਕਹਿਣ ’ਤੇ ਇਹ ਯੋਜਨਾ ਲਾਗੂ ਕੀਤੀ ਸੀ, ਪੂਰੀ ਤਰ੍ਹਾਂ ਝੂਠ ਹੈ। ਖੜਗੇ ਨੇ ‘ਐਕਸ’ ’ਤੇ ਕਿਹਾ, ‘‘ਬਹੁਤ ਹੀ ਮੰਦਭਾਗਾ ਤੇ ਨਿੰਦਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ ਕਾਰਗਿਲ ਵਿਜੈ ਦਿਵਸ ’ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਰਗੇ ਮੌਕਿਆਂ ’ਤੇ ਵੀ ਘਟੀਆ ਸਿਆਸਤ ਕਰ ਰਹੇ ਹਨ। ਇਸ ਤੋਂ ਪਹਿਲਾਂ ਕਿਸੇ ਪ੍ਰਧਾਨ ਮੰਤਰੀ ਨੇ ਅਜਿਹਾ ਨਹੀਂ ਕੀਤਾ।’’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ‘ਅਗਨੀਪਥ’ ਯੋਜਨਾ ਬਾਰੇ ਪੂਰੀ ਤਰ੍ਹਾਂ ਝੂਠ ਬੋਲ ਰਹੇ ਹਨ ਅਤੇ ਇਸ ਵਿਸ਼ੇ ’ਤੇ ਭਰਮ ਫੈਲਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਯੋਜਨਾ ਖ਼ਿਲਾਫ਼ ਨੌਜਵਾਨਾਂ ਵਿੱਚ ਰੋਸ ਹੈ ਅਤੇ ਕਾਂਗਰਸ ਇਸ ਨੂੰ ਫੌਰੀ ਰੱਦ ਕਰਨ ਦੀ ਮੰਗ ’ਤੇ ਕਾਇਮ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਮੋਦੀ ’ਤੇ ਕਾਰਗਿਲ ਵਿਜੈ ਦਿਵਸ ਮੌਕੇ ‘ਝੂਠ’ ਬੋਲਣ ਦਾ ਦੋਸ਼ ਲਾਇਆ। ਕਾਂਗਰਸ ਸੰਸਦ ਮੈਂਬਰ ਵਿਵੇਕ ਤਨਖਾ ਨੇ ਦਾਅਵਾ ਕੀਤਾ ਕਿ ਇਸ ਯੋਜਨਾ ਨੂੰ ਲਿਆਉਣ ਤੋਂ ਪਹਿਲਾਂ ਖਾਸ ਚਰਚਾ ਨਹੀਂ ਕੀਤੀ ਗਈ। ਕਾਂਗਰਸ ਆਗੂ ਕਾਰਤੀ ਚਿਦੰਬਰਮ ਨੇ ਕਿਹਾ ਕਿ ਅਗਨੀਪਥ ਯੋਜਨਾ ਇੱਕ ਆਰਜ਼ੀ ਆਊਟਸੋਰਸਿੰਗ ਪ੍ਰਬੰਧ ਹੈ। ਸਰਕਾਰ ਨੇ ਪੈਸੇ ਬਚਾਉਣ ਲਈ ਇਹ ਯੋਜਨਾ ਲਿਆਂਦੀ ਹੈ। ਕਾਂਗਰਸ ਸੰਸਦ ਮੈਂਬਰ ਰਣਜੀਤ ਰੰਜਨ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਸੱਤਾ ਵਿੱਚ ਆਉਣ ’ਤੇ ਇਹ ਯੋਜਨਾ ਰੱਦ ਕੀਤੀ ਜਾਵੇਗੀ। ਝਾਰਖੰਡ ਮੁਕਤੀ ਮੋਰਚਾ (ਜੇਜੇਐਮ) ਸੰਸਦ ਮੈਂਬਰ ਮਹੂਆ ਮਾਜੀ ਨੇ ਕਿਹਾ ਕਿ ਇਸ ਯੋਜਨਾ ਦੀ ਸਮੀਖਿਆ ਦੀ ਲੋੜ ਹੈ ਕਿਉਂਕਿ ਇਹ ਅਗਨੀਵੀਰਾਂ ਨੂੰ ਸਮਾਜਿਕ ਸੁਰੱਖਿਆ ਨਹੀਂ ਦਿੰਦੀ। ਤ੍ਰਿਣਮੂਲ ਕਾਂਗਰਸ ਦੀ ਰਾਜ ਸਭਾ ਮੈਂਬਰ ਡੋਲਾ ਸੇਨ ਨੇ ਪ੍ਰਧਾਨ ਮੰਤਰੀ ਦੀ ਇਸ ਟਿੱਪਣੀ ਨੂੰ ਰੱਦ ਕਰ ਦਿੱਤਾ ਕਿ ਅਗਨੀਵੀਰ ਯੋਜਨਾ ਦਾ ਮਕਸਦ ਬਲਾਂ ਨੂੰ ਜਵਾਨ ਰੱਖਣਾ ਹੈ। ਸਪਾ ਆਗੂ ਧਰਮੇਂਦਰ ਯਾਦਵ ਨੇ ਕਿਹਾ ਕਿ ਅਗਨੀਪਥ ਨਾਲੋਂ ਭਰਤੀ ਦਾ ਪੁਰਾਣਾ ਪ੍ਰਬੰਧ ਹੀ ਬਿਹਤਰ ਹੈ।ਉਧਰ, ਭਾਜਪਾ ਦੇ ਸੰਸਦ ਮੈਂਬਰ ਰਵੀ ਕਿਸ਼ਨ ਨੇ ਇਸ ਮਾਮਲੇ ’ਤੇ ਵਿਰੋਧੀਆਂ ’ਤੇ ਭਰਮ ਫੈਲਾਉਣ ਦਾ ਦੋਸ਼ ਲਾਇਆ। -ਪੀਟੀਆਈ

Advertisement
Tags :
Author Image

joginder kumar

View all posts

Advertisement
Advertisement
×