ਭਾਰਤ-ਪਾਕਿ ਵਿਚਾਲੇ ਦੁਵੱਲਾ ਵਪਾਰ ਮੁੜ ਖੋਲ੍ਹਾਂਗੇ: ਸੰਧੂ
ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿ਼ਤਸਰ, 1 ਅਪਰੈਲ
ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਆਪਣੇ ਸਿਆਸੀ ਪ੍ਰਚਾਰ ਦੀ ਸ਼ੁਰੂਆਤ ਕਰਦਿਆਂ ਖੁਲਾਸਾ ਕੀਤਾ ਕਿ ਉਹ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਦੇ ਸਰਵਪੱਖੀ ਵਿਕਾਸ ਲਈ ਕੇਂਦਰ ਸਰਕਾਰ ਤੋਂ ਵਿਸ਼ੇਸ਼ ਆਰਥਿਕ ਪੈਕੇਜ ਲਿਆਉਣਗੇ। ਅੱਜ ਇਕ ਪ੍ਰੈੱਸ ਮਿਲਣੀ ਦੌਰਾਨ ਆਪਣੇ ਏਜੰਡੇ ਬਾਰੇ ਸਪੱਸ਼ਟ ਕਰਦਿਆਂ ਸੰਯੁਕਤ ਰਾਜ ਵਿੱਚ ਸਾਬਕਾ ਰਾਜਦੂਤ ਰਹੇ ਸ੍ਰੀ ਸੰਧੂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਹ ਅਟਾਰੀ-ਵਾਹਗਾ ਸਰਹੱਦ ਦੇ ਜ਼ਮੀਨੀ ਮਾਰਗ ਰਾਹੀਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੁਵੱਲੇ ਵਪਾਰ ਨੂੰ ਮੁੜ ਖੋਲ੍ਹਣ, ਫਿਰੋਜ਼ਪੁਰ-ਮੱਖੂ ਰੇਲ ਲਿੰਕ ਦੇ ਕੰਮ ਨੂੰ ਤੇਜ਼ ਕਰਨ ਅਤੇ ਹਵਾਈ ਜਹਾਜ਼ ਰਾਹੀਂ ਕਾਰਗੋ ਸਹੂਲਤ ਨੂੰ ਵਧਾਉਣ ਵਰਗੇ ਤਰਜੀਹੀ ਕੰਮ ਕਰਵਾਉਣਗੇ।
ਸਾਬਕਾ ਰਾਜਦੂਤ ਨੇ ਕਿਹਾ ਕਿ ਅੰਮ੍ਰਿਤਸਰ ਦਾ ਆਰਥਿਕ ਵਿਕਾਸ ਦੱਖਣ ਪੂਰਬੀ ਏਸ਼ੀਆ ਅਤੇ ਇੰਡੋ-ਪੈਸੀਫਿਕ ਖਾੜੀ ਦੇ ਦੇਸ਼ਾਂ ਜਿਵੇਂ ਯੂ.ਏ.ਈ ਅਤੇ ਸਾਊਦੀ ਅਰਬ ਨਾਲ ਬਿਹਤਰ ਸੰਪਰਕ ਨਾਲ ਕਈ ਗੁਣਾ ਵਧ ਸਕਦਾ ਹੈ, ਜਿਸ ਨਾਲ ਸਥਾਨਕ ਘਰੇਲੂ ਉਤਪਾਦਾਂ ਦੇ ਨਿਰਯਾਤ, ਉਦਯੋਗ, ਸੈਰ-ਸਪਾਟਾ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਵਿਕਾਸ ਦੇ ਦਰਵਾਜ਼ੇ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੰਗੀ ਸੋਚ ਤੇ ਪਹੁੰਚ ਕਾਰਨ ਅਮਰੀਕਾ-ਭਾਰਤ ਸਬੰਧ ਸਾਂਝੇਦਾਰੀ ਵਿੱਚ ਤਬਦੀਲ ਹੋ ਗਏ ਹਨ। ਮਾਈਕ੍ਰੋਸਾਫਟ, ਮਾਈਕ੍ਰੋਨ, ਸੈੱਲ ਫੋਨ ਵਰਗੀਆਂ ਕਈ ਕੌਮਾਂਤਰੀ ਕੰਪਨੀਆਂ ਨੇ ਭਾਰਤ ਵਿੱਚ ਨਿਵੇਸ਼ ਕਰਨ ਲਈ ਦਿਲਚਸਪੀ ਦਿਖਾਈ ਹੈ। ਉਹ ਚਾਹੁੰਦੇ ਹਨ ਕਿ ਅੰਮ੍ਰਿਤਸਰ ਨੂੰ ਇਸ ਸਾਂਝ ਦਾ ਹਿੱਸਾ ਬਣਾਇਆ ਜਾਵੇ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਸੰਪਰਕ ਕਰ ਕੇ ਅੰਮ੍ਰਿਤਸਰ ਵਿੱਚ ਅਮਰੀਕੀ ਕੌਂਸਲੇਟ ਦਫਤਰ ਸਥਾਪਤ ਕਰਨ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨੂੰ ‘ਪੰਜਾਬੀ ਜੁੱਤੀਆਂ’, ‘ਖਾਣ-ਪੀਣ’, ‘ਓਸੀਐੱਮ ਕੱਪੜੇ’ ਅਤੇ ਗਹਿਣਿਆਂ ਵਰਗੇ ਘਰੇਲੂ ਉਤਪਾਦਨ ਦੇ ਰੂਪ ਵਿੱਚ ਇੱਕ ਬਰਾਂਡ ਵਜੋਂ ਸਥਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਮਾਮਲਿਆਂ ਵਿੱਚ ਆਪਣੇ 38 ਸਾਲਾਂ ਦੇ ਲੰਬੇ ਤਜਰਬੇ ਦਾ ਲਾਭ ਲੈ ਕੇ ਵਿਕਾਸ ਲਈ ਯਤਨ ਕੀਤੇ ਜਾਣਗੇ।