ਬਾਬੈਨ ’ਚੋਂ ਬੇਰੁਜ਼ਗਾਰੀ ਦੂਰ ਕਰਾਂਗੇ: ਵਿਕਰਮਜੀਤ ਚੀਮਾ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 18 ਨਵੰਬਰ
ਬਲਾਕ ਸਮਿਤੀ ਚੇਅਰਮੈਨ ਵਿਕਰਮਜੀਤ ਚੀਮਾ ਦਾ ਪਿੰਡ ਬਿੰਟ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਤੇ ਸਮਰਥਨ ਦੇਣ ਦਾ ਭਰੋਸਾ ਦਿੱਤਾ। ਸ੍ਰੀ ਚੀਮਾ ਨੇ ਕਿਹਾ ਕਿ ਬਾਬੈਨ ਵਿਚ ਬੱਸ ਸਟੈਂਡ ਤੇ ਲੜਕੀਆਂ ਦੇ ਕਾਲਜ ਦੀ ਮੰਗ ਚਿਰੌਕਣੀ ਹੈ ਪਰ ਅਜੇ ਤੱਕ ਇਹ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ, ਜਿਸ ਕਾਰਨ ਬਾਬੈਨ ਦੀ ਤਰੱਕੀ ਵਿਚ ਖੜੋਤ ਆ ਗਈ ਹੈ ਤੇ ਖੇਤਰ ਵਿਕਾਸ ਦੇ ਮਾਮਲੇ ਵਿਚ ਕਾਫੀ ਪਛੜ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਕਿਸੇ ਵੀ ਸਰਕਾਰ ਨੇ ਖੇਤਰ ਦੀ ਸਾਰ ਨਹੀਂ ਪੁੱਛੀ। ਸ੍ਰੀ ਚੀਮਾ ਨੇ ਕਿਹਾ ਕਿ ਉਨ੍ਹਾਂ ਦਾ ਰਾਜਨੀਤੀ ਵਿਚ ਆਉਣ ਦਾ ਉਦੇਸ਼ ਸਿਰਫ ਹਲਕੇ ਦੇ ਲੋਕਾਂ ਦੀ ਨਿਰ ਸੁਆਰਥ ਸੇਵਾ ਕਰਨਾ ਹੈ। ਉਨ੍ਹਾਂ ਕਿਹਾ ਜੇ ਲੋਕਾਂ ਨੇ ਉਨ੍ਹਾਂ ਨੂੰ ਮੌਕਾ ਦਿੱਤਾ ਤਾਂ ਉਹ ਉਨ੍ਹਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਹੀ ਕੰਮ ਕਰ ਕੇ ਦਿਖਾਉਣਗੇ ਤੇ ਹਲਕੇ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਦੂਰ ਕਰਨ ਦਾ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਹਰ ਪਿੰਡ ਵਿਚ ਲੋਕਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਤੇ ਨੌਜਵਾਨਾਂ ਵਿਚ ਉਨ੍ਹਾਂ ਲਈ ਇਕ ਵੱਖਰਾ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਲਾਡਵਾ ਹਲਕੇ ਦੇ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਉਹ ਉਸ ਨੂੰ ਆਪਣਾ ਅਸ਼ੀਰਵਾਦ ਦੇ ਕੇ ਉਸ ਦੇ ਹੱਥ ਮਜ਼ਬੂਤ ਕਰਨ। ਉਨ੍ਹਾਂ ਕਿਹਾ ਕਿ ਉਹ ਹਲਕੇ ਦੀਆਂ ਸਮੱਸਿਆਵਾਂ ਤੋਂ ਭਲੀ ਭਾਂਤ ਜਾਣੂ ਹਨ ਤੇ ਹਲਕੇ ਨੂੰ ਵਿਕਾਸ ਵੱਲ ਲਿਜਾਣ ਦਾ ਕੰਮ ਕਰਨਗੇ। ਇਸ ਮੌਕੇ ਦਰਸ਼ਨ ਸਿੰਘ, ਧਰਮ ਪਾਲ, ਅਸ਼ੋਕ ਅਲੀ,ਪਵਨ ਕੁਮਾਰ, ਲਖਮੀ ਚੰਦ, ਬ੍ਰਿਜ ਮੋਹਨ ਆਦਿ ਤੋਂ ਇਲਾਵਾ ਕਈ ਪੇਂਡੂ ਮੌਜੂਦ ਸਨ।