ਪੰਜਾਬ ਪੁਲੀਸ ’ਚ ਦਸ ਹਜ਼ਾਰ ਮੁਲਾਜ਼ਮ ਭਰਤੀ ਕਰਾਂਗੇ: ਡੀਜੀਪੀ
ਸ਼ਗਨ ਕਟਾਰੀਆ
ਬਠਿੰਡਾ, 23 ਜਨਵਰੀ
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲੀਸ ਵਿੱਚ ਨਫ਼ਰੀ ਦੀ ਕਮੀ ਨੂੰ ਪੂਰਾ ਕਰਨ ਲਈ 10 ਹਜ਼ਾਰ ਮੁਲਾਜ਼ਮ ਭਰਤੀ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਪੁਲੀਸ ਦੇ ਬੁਨਿਆਦੀ ਢਾਂਚੇ ਅਤੇ ਇਮਾਰਤਾਂ ਦੇ ਆਧੁਨਿਕੀਕਰਨ ਲਈ 450 ਕਰੋੜ ਰੁਪਏ ਦਾ ਕਰਜ਼ਾ ਲਿਆ ਜਾਵੇਗਾ। ਇਸ ਤੋਂ ਇਲਾਵਾ ਆਗਾਮੀ ਫਰਵਰੀ ਮਹੀਨੇ ’ਚ ਕਰੀਬ 140 ਪੁਲੀਸ ਸਟੇਸ਼ਨਾਂ ਨੂੰ ਨਵੇਂ ਵਾਹਨ ਦਿੱਤੇ ਜਾਣਗੇ।
ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਬਣੇ ‘ਪੁਲੀਸ ਕਾਨਫਰੰਸ ਹਾਲ’ ਦਾ ਉਦਘਾਟਨ ਕਰਨ ਪੁੱਜੇ ਡੀਜੀਪੀ ਨੇ ਦੱਸਿਆ ਕਿ ਰਾਜ ਅੰਦਰ ਪਿਛਲੇ ਦਿਨੀਂ ਹੋਏ ਗ੍ਰਨੇਡ ਹਮਲਿਆਂ ਦੇ ਮਾਮਲੇ ਸੁਲਝਾ ਕੇ ਇਨ੍ਹਾਂ ਕੇਸਾਂ ਨਾਲ ਸਬੰਧਤ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਸ਼ਿਆਂ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਨਸ਼ੇ ਰੋਕਣ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਸਿੱਖਜ਼ ਫ਼ਾਰ ਜਸਟਿਸ (ਐੱਸਐੱਫਜੇ) ਦੇ ਮੁਖੀ ਗੁਰਪਤਵੰਤ ਪੰਨੂ ਬਾਰੇ ਸ੍ਰੀ ਯਾਦਵ ਨੇ ਕਿਹਾ ਕਿ ਭਾਰਤ ਵਿਰੋਧੀ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।
ਡੀਜੀਪੀ ਵੱਲੋਂ ਪੁਲੀਸ ਰੇਂਜਾਂ ਦੇ ਅਧਿਕਾਰੀਆਂ ਨਾਲ ਮੀਟਿੰਗ
ਡੀਜੀਪੀ ਗੌਰਵ ਯਾਦਵ ਨੇ ਫ਼ਿਰੋਜ਼ਪੁਰ, ਪਟਿਆਲਾ ਅਤੇ ਬਠਿੰਡਾ ਰੇਂਜ ਦੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਸੂਤਰਾਂ ਅਨੁਸਾਰ ਡੀਜੀਪੀ ਨੇ ਮੀਟਿੰਗ ’ਚ ਅਪਰਾਧਾਂ ਅਤੇ ਨਸ਼ਿਆਂ ਨੂੰ ਰੋਕਣ ਲਈ ਸਖ਼ਤ ਆਦੇਸ਼ ਜਾਰੀ ਕੀਤੇ ਗਏ। ਉਨ੍ਹਾਂ ਰੇਂਜਾਂ ਦੇ ਅਧਿਕਾਰੀਆਂ ਨਾਲ ਅਪਰਾਧਕ ਮਾਮਲਿਆਂ ਬਾਰੇ ਵੀ ਚਰਚਾ ਕੀਤੀ। ਇਸ ਤੋਂ ਇਲਾਵਾ ਅਮਨ-ਕਾਨੂੰਨ ਦੇ ਮਾਮਲਿਆਂ ’ਚ ਹੋਰ ਮੁਸਤੈਦੀ ਵਰਤਣ ਅਤੇ ਅਪਰਾਧੀਆਂ ਖ਼ਿਲਾਫ਼ ਸਖ਼ਤੀ ਨਾਲ ਪੇਸ਼ ਆਉਣ ਦੀ ਹਦਾਇਤ ਕੀਤੀ।