For the best experience, open
https://m.punjabitribuneonline.com
on your mobile browser.
Advertisement

ਮਨੀਪੁਰ ਦਾ ਮੁੱਦਾ ਸੰਸਦ ’ਚ ਜ਼ੋਰ-ਸ਼ੋਰ ਨਾਲ ਚੁੱਕਾਂਗੇ: ਰਾਹੁਲ

07:24 AM Jul 12, 2024 IST
ਮਨੀਪੁਰ ਦਾ ਮੁੱਦਾ ਸੰਸਦ ’ਚ ਜ਼ੋਰ ਸ਼ੋਰ ਨਾਲ ਚੁੱਕਾਂਗੇ  ਰਾਹੁਲ
Advertisement

ਨਵੀਂ ਦਿੱਲੀ, 11 ਜੁਲਾਈ
ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਵੱਲੋਂ ਮਨੀਪੁਰ ’ਚ ਸ਼ਾਤੀ ਬਹਾਲੀ ਦਾ ਮੁੱਦਾ ਪੂਰੇ ਜ਼ੋਰ-ਸ਼ੋਰ ਨਾਲ ਸੰਸਦ ’ਚ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਨੀਪੁਰ ਦਾ ਦੁਖਾਂਤ ਖ਼ਤਮ ਕਰਨ ਲਈ ਸਰਕਾਰ ’ਤੇ ਦਬਾਅ ਪਾਇਆ ਜਾਵੇਗਾ। ਉਨ੍ਹਾਂ ਦੁਹਰਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਨੀਪੁਰ ਜਾ ਕੇ ਉਥੇ ਸ਼ਾਂਤੀ ਦੀ ਅਪੀਲ ਕਰਨੀ ਚਾਹੀਦੀ ਹੈ।
ਮਨੀਪੁਰ ਦਾ ਸੋਮਵਾਰ ਨੂੰ ਦੌਰਾ ਕਰਕੇ ਦਿੱਲੀ ਪਰਤੇ ਰਾਹੁਲ ਨੇ ਇਹ ਬਿਆਨ ‘ਐਕਸ’ ’ਤੇ ਸਾਂਝਾ ਕੀਤਾ ਹੈ। ਉਨ੍ਹਾਂ ਮਨੀਪੁਰ ਦੇ ਦੌਰੇ ਦੌਰਾਨ ਲੋਕਾਂ ਨਾਲ ਕੀਤੀ ਗਈ ਗੱਲਬਾਤ ਦਾ ਵੀਡੀਓ ਵੀ ਸਾਂਝਾ ਕੀਤਾ ਹੈ।
ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, ‘‘ਮਨੀਪੁਰ ’ਚ ਹਿੰਸਾ ਸ਼ੁਰੂ ਹੋਣ ਮਗਰੋਂ ਮੈਂ ਤਿੰਨ ਵਾਰ ਉਥੋਂ ਦਾ ਦੌਰਾ ਕੀਤਾ ਹੈ ਪਰ ਬਦਕਿਸਮਤੀ ਨਾਲ ਉਥੋਂ ਦੇ ਹਾਲਾਤ ’ਚ ਕੋਈ ਸੁਧਾਰ ਨਜ਼ਰ ਨਹੀਂ ਆਇਆ। ਅੱਜ ਵੀ ਸੂਬਾ ਦੋ ਹਿੱਸਿਆਂ ’ਚ ਵੰਡਿਆ ਹੋਇਆ ਹੈ। ਘਰ ਸੜ ਰਹੇ ਹਨ, ਬੇਕਸੂਰ ਜਾਨਾਂ ਖ਼ਤਰੇ ’ਚ ਹਨ ਅਤੇ ਹਜ਼ਾਰਾਂ ਪਰਿਵਾਰਾਂ ਨੂੰ ਰਾਹਤ ਕੈਂਪਾਂ ’ਚ ਰਹਿਣ ਲਈ ਮਜਬੂਰ ਹੋਣਾ ਪਿਆ ਹੈ।’’
ਵੀਡੀਓ ’ਚ ਰਾਹੁਲ ਆਖ ਰਹੇ ਹਨ ਕਿ ਉਨ੍ਹਾਂ ਦੀ ਪਾਰਟੀ ਅਤੇ ਸੰਸਦ ਮੈਂਬਰਾਂ ਨੇ ਹੁਣੇ ਜਿਹੇ ਸੰਸਦ ਦੇ ਇਜਲਾਸ ਦੌਰਾਨ ਮਨੀਪੁਰ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਮੁੱਦਾ ਚੁੱਕਿਆ ਸੀ ਅਤੇ ਵਾਅਦਾ ਕੀਤਾ ਕਿ ਉਹ ਇਹ ਮਾਮਲਾ ਸੰਸਦ ਦੇ ਆਉਂਦੇ ਇਜਲਾਸ ’ਚ ਮੁੜ ਚੁਕਣਗੇ। ਮਨੀਪੁਰ ਦੇ ਰਾਹਤ ਕੈਂਪ ’ਚ ਰਾਹੁਲ ਨੇ ਲੋਕਾਂ ਨੂੰ ਕਿਹਾ ਕਿ ਉਹ ਸਰਕਾਰ ’ਤੇ ਦਬਾਅ ਤਾਂ ਪਾ ਸਕਦੇ ਹਨ ਪਰ ਇਹ ਨਹੀਂ ਦੱਸ ਸਕਦੇ ਕਿ ਉਹ ਘਰਾਂ ਨੂੰ ਕਦੋਂ ਪਰਤਣਗੇ ਕਿਉਂਕਿ ਇਸ ਦਾ ਜਵਾਬ ਸਰਕਾਰ ਨੇ ਦੇਣਾ ਹੈ।
ਰਾਹੁਲ ਦੀ ਪੰਜ ਮਿੰਟ ਦੀ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਨੱਥੀ ਕਰਦਿਆਂ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਮਨੀਪੁਰ ’ਚ ਅਸਥਿਰਤਾ ਨੂੰ ਇਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਲੋਕਾਂ ਨੂੰ ਅਜੇ ਵੀ ਹਿੰਸਾ, ਕਤਲਾਂ, ਦੰਗਿਆਂ ਅਤੇ ਉਜਾੜੇ ਦਾ ਡਰ ਸਤਾ ਰਿਹਾ ਹੈ। ਹਜ਼ਾਰਾਂ ਬੇਕਸੂਰ ਲੋਕਾਂ ਨੂੰ ਰਾਹਤ ਕੈਂਪਾਂ ’ਚ ਰਹਿਣ ਲਈ ਮਜਬੂਰ ਹੋਣਾ ਪਿਆ ਹੈ। ‘ਆਖਰ ਪ੍ਰਧਾਨ ਮੰਤਰੀ ਮਨੀਪੁਰ ਬਾਰੇ ਕਦੋਂ ਬੋਲਣਗੇ? ਸਰਕਾਰ ਮਨੀਪੁਰ ’ਚ ਸ਼ਾਂਤੀ ਦੀਆਂ ਕੋਸ਼ਿਸ਼ਾਂ ਕਿਉਂ ਨਹੀਂ ਕਰਦੀ ਹੈ?’ ਜ਼ਿਕਰਯੋਗ ਹੈ ਕਿ ਸੰਸਦ ਦਾ ਬਜਟ ਇਜਲਾਸ 22 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ ਜੋ 12 ਅਗਸਤ ਤੱਕ ਚੱਲੇਗਾ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×