For the best experience, open
https://m.punjabitribuneonline.com
on your mobile browser.
Advertisement

ਪਿੰਡਾਂ ’ਚ ਵੋਟ ਮੰਗਣ ਆਉਣ ਵਾਲੇ ਭਾਜਪਾ ਆਗੂਆਂ ਦਾ ਵਿਰੋਧ ਕਰਾਂਗੇ: ਉਗਰਾਹਾਂ

07:05 AM Apr 16, 2024 IST
ਪਿੰਡਾਂ ’ਚ ਵੋਟ ਮੰਗਣ ਆਉਣ ਵਾਲੇ ਭਾਜਪਾ ਆਗੂਆਂ ਦਾ ਵਿਰੋਧ ਕਰਾਂਗੇ  ਉਗਰਾਹਾਂ
ਸੰਗਰੂਰ ’ਚ ਭਾਜਪਾ ਆਗੂ ਅਰਵਿੰਦ ਖੰਨਾ ਦੀ ਕੋਠੀ ਅੱਗੇ ਪ੍ਰਦਰਸ਼ਨ ਕਰਦੇ ਹੋਏ ਕਿਸਾਨ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 15 ਅਪਰੈਲ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਹਜ਼ਾਰਾਂ ਕਿਸਾਨਾਂ ਵੱਲੋਂ ਅੱਜ ਮਾਰਚ ਕਰਦਿਆਂ ਭਾਜਪਾ ਦੇ ਸੂਬਾਈ ਆਗੂ ਅਰਵਿੰਦ ਖੰਨਾ ਦੀ ਕੋਠੀ ਅੱਗੇ ਉਨ੍ਹਾਂ ਦਾ ਪੁਤਲਾ ਫ਼ੂਕਦਿਆਂ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਆਗੂਆਂ ਦਾ ਡਟ ਕੇ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ। ਪ੍ਰਦਰਸ਼ਨਕਾਰੀ ਕਿਸਾਨ ਲੰਘੇ ਕੱਲ੍ਹ ਮਾਲੇਰਕੋਟਲਾ ਵਿੱਚ ਅਰਵਿੰਦ ਖੰਨਾ ਦਾ ਵਿਰੋਧ ਕਰਨ ਮੌਕੇ ਪੁਲੀਸ ਵਲੋਂ ਕਥਿਤ ਲਾਠੀਚਾਰਜ ਕਰਨ ਅਤੇ ਹਿਰਾਸਤ ’ਚ ਲੈ ਕੇ ਪੁਲੀਸ ਥਾਣਿਆਂ ਅੰਦਰ ਬੰਦ ਕਰਨ ਤੋਂ ਖਫ਼ਾ ਸਨ। ਕਿਸਾਨਾਂ ਵੱਲੋਂ ਭਾਜਪਾ ਅਤੇ ਮਲੇਰਕੋਟਲਾ ਪੁਲੀਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਤੋਂ ਪਹਿਲਾਂ ਅੱਜ ਵੱਡੀ ਤਾਦਾਦ ’ਚ ਕਿਸਾਨ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਅਨਾਜ਼ ਮੰਡੀ ’ਚ ਇਕੱਠੇ ਹੋਏ ਜਿੱਥੇ ਰੈਲੀ ਕੀਤੀ ਗਈ। ਇਸ ਤੋਂ ਬਾਅਦ ਰੋਸ ਮਾਰਚ ਕਰਦਿਆਂ ਕਿਸਾਨ ਅਰਵਿੰਦ ਖੰਨਾ ਦੀ ਕੋਠੀ ਅੱਗੇ ਪੁੱਜੇ ਜਿਥੇ ਉਨ੍ਹਾਂ ਦਾ ਪੁਤਲਾ ਫ਼ੂਕਦਿਆਂ ਪ੍ਰਦਰਸ਼ਨ ਕੀਤਾ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬ ਭਰ ਵਿਚ ਭਾਜਪਾ ਆਗੂਆਂ ਕੋਲੋਂ 11 ਸਵਾਲ ਪੁੱਛੇ ਜਾ ਰਹੇ ਹਨ ਪਰ ਭਾਜਪਾ ਆਗੂ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਤੋਂ ਭੱਜ ਰਹੇ ਹਨ। ਬੀਤੇ ਕੱਲ੍ਹ ਮਾਲੇਰਕੋਟਲਾ ਵਿੱਚ ਭਾਜਪਾ ਆਗੂ ਅਰਵਿੰਦ ਖੰਨਾ ਮੀਟਿੰਗ ਕਰਨ ਪੁੱਜੇ ਹੋਏ ਸਨ ਜਿੱਥੇ ਕਿਸਾਨ ਸਵਾਲ ਪੁੱਛਣ ਲਈ ਪੁੱਜੇ ਸਨ ਪਰ ਪੁਲੀਸ ਵੱਲੋਂ ਕਿਸਾਨਾਂ ਉਪਰ ਲਾਠੀਚਾਰਜ ਕੀਤਾ ਗਿਆ ਅਤੇ ਕਿਸਾਨਾਂ ਨੂੰ ਵਹੀਕਲਾਂ ਸਮੇਤ ਥਾਣਿਆਂ ਅੰਦਰ ਡੱਕ ਦਿੱਤਾ ਗਿਆ। ਇਸ ਜਬਰ ਦੇ ਖ਼ਿਲਾਫ਼ ਅੱਜ ਸੰਗਰੂਰ, ਮਾਲੇਰਕੋਟਲਾ ਤੇ ਬਰਨਾਲਾ ਜ਼ਿਲ੍ਹਿਆਂ ਦੇ ਹੈੱਡਕੁਆਰਟਰਾਂ ’ਤੇ ਰੋਸ ਪ੍ਰਦਰਸ਼ਨ ਕੀਤੇ ਗਏ ਹਨ। ਸ੍ਰੀ ਉਗਰਾਹਾਂ ਨੇ ਕਿਹਾ ਕਿ ਪੁਲੀਸ ਦੇ ਜਬਰ ਨਾਲ ਕਿਸਾਨਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਭਾਜਪਾ ਆਗੂ ਪਿੰਡਾਂ ’ਚ ਜਿਥੇ ਕਿਤੇ ਵੀ ਵੋਟ ਮੰਗਣ ਜਾਣਗੇ ਉਥੇ ਕਿਸਾਨਾਂ ਵਲੋਂ ਡਟਵਾਂ ਵਿਰੋਧ ਕੀਤਾ ਜਾਵੇਗਾ। ਸ੍ਰੀ ਉਗਰਾਹਾਂ ਨੇ ਕਿਹਾ ਕਿ ਅਰਵਿੰਦ ਖੰਨਾ ਨਾਲ ਕਿਸਾਨਾਂ ਦੀ ਕੋਈ ਨਿੱਜੀ ਲੜਾਈ ਨਹੀਂ ਹੈ ਸਗੋਂ ਲੜਾਈ ਭਾਜਪਾ ਨਾਲ ਹੈ। ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਪਿੰਡਾਂ ’ਚ ਪੁੱਜਣ ਵਾਲੇ ਭਾਜਪਾ ਆਗੂਆਂ ਨੂੰ ਕਿਸਾਨੀ ਮਸਲਿਆਂ ਬਾਰੇ ਸਵਾਲ ਪੁੱਛੇ ਜਾਣ। ਇਸ ਮੌਕੇ ਸੂਬਾ ਆਗੂ ਜਗਤਾਰ ਸਿੰਘ ਕਾਲਾਝਾੜ, ਗੋਬਿੰਦਰ ਸਿੰਘ ਮੰਗਵਾਲ, ਬਹਾਲ ਸਿੰਘ ਢੀਂਡਸਾ, ਦਰਸ਼ਨ ਸਿੰਘ ਚੰਗਾਲੀਵਾਲਾ, ਜਗਤਾਰ ਸਿੰਘ ਲੱਡੀ, ਜਸਵੀਰ ਸਿੰਘ ਗੱਗੜਪੁਰ ਆਦਿ ਸ਼ਾਮਲ ਸਨ।

Advertisement

ਮਾਲੇਰਕੋਟਲਾ ਵਿੱਚ ਭਾਜਪਾ ਆਗੂ ਦਾ ਪੁਤਲਾ ਫੂਕਿਆ

ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਜ਼ਿਲ੍ਹਾ ਮਾਲੇਰਕੋਟਲਾ ਇਕਾਈ ਦੇ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਦੀ ਅਗਵਾਈ ਹੇਠ ਸਥਾਨਕ ਦਾਣਾ ਮੰਡੀ ਤੋਂ ਮਾਲੇਰਕੋਟਲਾ ਭਾਜਪਾ ਦੇ ਗਰੇਵਾਲ ਚੌਕ ਨੇੜੇ ਸਥਿਤ ਦਫ਼ਤਰ ਤੱਕ ਮਾਰਚ ਕਰਕੇ ਭਾਜਪਾ ਦਫ਼ਤਰ ਅੱਗੇ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਅਰਵਿੰਦ ਖੰਨਾ ਦਾ ਪੁਤਲਾ ਫੂਕਿਆ। ਦਾਣਾ ਮੰਡੀ ’ਚ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੁਲਵਿੰਦਰ ਸਿੰਘ ਭੂਦਾਨ ਅਤੇ ਜ਼ਿਲ੍ਹਾ ਜਨਰਲ ਸਕੱਤਰ ਕੇਵਲ ਸਿੰਘ ਭੜੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਯੂਨੀਅਨ ਨੇ 14 ਅਪਰੈਲ ਨੂੰ ਭਾਜਪਾ ਮਾਲੇਰਕੋਟਲਾ ਵੱਲੋਂ ਆਯੋਜਿਤ ਬੂਥ ਸੰਮੇਲਨ ’ਚ ਸ਼ਿਰਕਤ ਕਰਨ ਆ ਰਹੇ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਅਰਵਿੰਦ ਖੰਨਾ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਗਟ ਕਰਨਾ ਸੀ ਅਤੇ ਕਿਸਾਨੀ ਮਸਲਿਆਂ ਬਾਰੇ ਕੁਝ ਸਵਾਲ ਪੁੱਛਣੇ ਸਨ ਪਰ ਪੰਜਾਬ ਸਰਕਾਰ ਦੀ ਸ਼ਹਿ ’ਤੇ ਜ਼ਿਲ੍ਹਾ ਪੁਲੀਸ ਨੇ ਭਾਜਪਾ ਦੇ ਬੂਥ ਸੰਮੇਲਨ ਨੇੜੇ ਇਕੱਤਰ ਹੋਏ ਕਿਸਾਨਾਂ ’ਤੇ ਲਾਠੀਚਾਰਜ ਕੀਤਾ ,ਜਿਸ ਨਾਲ ਕਈ ਕਿਸਾਨਾਂ ਦੀਆਂ ਪੱਗਾਂ ਵੀ ਲੱਥ ਗਈਆਂ। ਇਸ ਦੇ ਵਿਰੋਧ ’ਚ ਅੱਜ ਕਿਸਾਨਾਂ ਵੱਲੋਂ ਭਾਜਪਾ ਮਾਲੇਰਕੋਟਲਾ ਦੇ ਦਫ਼ਤਰ ਅੱਗੇ ਭਾਜਪਾ ਆਗੂ ਅਰਵਿੰਦ ਖੰਨਾ ਦਾ ਪੁਤਲਾ ਫੂਕਿਆ ਜਾ ਰਿਹਾ ਹੈ। ਆਗੂਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਕਿਸਾਨਾਂ ਪ੍ਰਤੀ ਰਵੱਈਏ ਨੇ ਸਾਬਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਹੀ ਹੈ। ਆਗੂਆਂ ਐਲਾਨ ਕੀਤਾ ਕਿ ਪਿੰਡਾਂ ਅੰਦਰ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ।

Advertisement
Author Image

Advertisement
Advertisement
×