For the best experience, open
https://m.punjabitribuneonline.com
on your mobile browser.
Advertisement

ਵਿਕਾਸ ਕਾਰਜਾਂ ਵਿੱਚ ਅਣਗਹਿਲੀ ਬਰਦਾਸ਼ਤ ਨਹੀਂ ਕਰਾਂਗੇ: ਮਾਣੂੰਕੇ

08:02 AM Jul 05, 2024 IST
ਵਿਕਾਸ ਕਾਰਜਾਂ ਵਿੱਚ ਅਣਗਹਿਲੀ ਬਰਦਾਸ਼ਤ ਨਹੀਂ ਕਰਾਂਗੇ  ਮਾਣੂੰਕੇ
ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 4 ਜੁਲਾਈ
ਇਸ ਸਾਲ ਦੀ ਸ਼ੁਰੂਆਤ ਵਿੱਚ ਅਧਿਕਾਰੀਆਂ ਨੂੰ ਤਾੜਨਾ ਕਰ ਚੁੱਕੇ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਅੱਜ ਮੁੜ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ’ਚ ਅਣਗਹਿਲੀ ਸਹਿਣ ਨਹੀਂ ਕੀਤੀ ਜਾਵੇਗੀ ਅਤੇ ਅਜਿਹਾ ਕਰਨ ਵਾਲੇ ਕਿਸੇ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਉਪ ਮੰਡਲ ਮੈਜਿਸਟਰੇਟ ਗੁਰਬੀਰ ਸਿੰਘ ਕੋਹਲੀ ਦੀ ਮੌਜੂਦਗੀ ’ਚ ਦੇਰੀ ਨਾਲ ਪਹੁੰਚਣ ਵਾਲੇ ਅਧਿਕਾਰੀਆਂ ਦੀ ਕਲਾਸ ਵੀ ਲਾਈ। ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਰਾਏਕੋਟ ਰੋਡ ਉੱਪਰ ਨਵੇਂ ਬਣੇ ਲਾਲਾ ਲਾਜਪਤ ਰਾਏ ਭਵਨ ਦੇ ਨਿਰਮਾਣ ਦਾ ਕੰਮ ਮੁਕੰਮਲ ਕਰਕੇ ਕੌਂਸਲ ਨੂੰ ਸੌਂਪਿਆ ਜਾਵੇ ਅਤੇ ਲੋਕਾਂ ਦੀ ਸਹੂਲਤ ਲਈ ਖੋਲ੍ਹਿਆ ਜਾਵੇ। ਅਖਾੜਾ ਨਹਿਰ ਉੱਪਰ ਨਿਰਮਾਣ ਅਧੀਨ ਨਹਿਰ ਦਾ ਪੁਲ ਤਿਆਰ ਹੋਣ ਬਾਰੇ ਵੀ ਉਨ੍ਹਾਂ ਜਾਣਕਾਰੀ ਹਾਸਲ ਕੀਤੀ। ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਇਸੇ ਸਾਲ ਨਵੰਬਰ ਮਹੀਨੇ ਵਿੱਚ ਇਹ ਪੁਲ ਬਣ ਕੇ ਤਿਆਰ ਹੋ ਜਾਵੇਗਾ। ਵਿਧਾਇਕਾ ਮਾਣੂੰਕੇ ਨੇ ਸਿਵਲ ਹਸਪਤਾਲ ਅਤੇ ਜ਼ੱਚਾ-ਬੱਚਾ ਹਸਪਤਾਲ ਵਿੱਚ ਮਰੀਜ਼ਾਂ ਪ੍ਰਤੀ ਲਾਪ੍ਰਵਾਹੀ ਕਰਨ ਵਾਲੇ ਡਾਕਟਰਾਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਅਣਗਹਿਲੀ ਕਿਸੇ ਵੀ ਕੀਮਤ ਉੱਪਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਚਹਿਰੀਆਂ ਵਿੱਚ ਅਸ਼ਟਾਮਾਂ ਅਤੇ ਐੱਨਓਸੀ ਦੇ ਨਾਮ ਉੱਪਰ ਲੋਕਾਂ ਦੀ ਲੁੱਟ ਕਰਨ ਵਾਲਿਆਂ ਵਿਰੁੱਧ ਅਧਿਕਾਰੀਆਂ ਨੂੰ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕੌਂਸਲ ਦਫ਼ਤਰ ’ਚ ਚੱਲ ਰਹੇ ਬਿਜਲੀ ਵਿਭਾਗ ਦੇ ਨੋਡਲ ਸ਼ਿਕਾਇਤ ਕੇਂਦਰ ਦੀ ਖਸਤਾ ਹਾਲਤ ਬਿਲਡਿੰਗ ਦਾ ਮਾਮਲਾ ਵੀ ਚੁੱਕਿਆ। ਇਸ ਦੌਰਾਨ ਈਓ ਸੁਖਦੇਵ ਸਿੰਘ ਰੰਧਾਵਾ ਨੇ ਅਧਿਕਾਰੀਆਂ ਨਾਲ ਮਿਲ ਕੇ ਇਸ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ। ਨਗਰ ਕੌਂਸਲ ਨੂੰ ਹਦਾਇਤ ਕੀਤੀ ਗਈ ਕਿ ਡਿਸਪੋਜ਼ਲ ਰੋਡ ’ਤੇ ਪਏ ਗੰਦਗੀ ਦੇ ਢੇਰ ਹਟਾਏ ਜਾਣ ਅਤੇ ਨਵੀਂ ਮਸ਼ੀਨ ਨਾਲ ਸੜਕਾਂ ਦੀ ਸਫ਼ਾਈ ਕਰਵਾਈ ਜਾਵੇ ਤੇ ਨਵੀਂ ਜੈਟਿੰਗ ਮਸ਼ੀਨ ਨਾਲ ਸੀਵਰੇਜ ਦੀਆਂ ਪਾਈਪਾਂ ਸਾਫ਼ ਕੀਤੀਆਂ ਜਾਣ। ਸ਼ਹਿਰ ਦੀ ਮੁੱਖ ਸਮੱਸਿਆ ਕਮਲ ਚੌਕ ਅਤੇ ਪੁਰਾਣੀ ਦਾਣਾ ਮੰਡੀ ’ਚ ਖੜ੍ਹਦੇ ਬਰਸਾਤੀ ਪਾਣੀ ਦੇ ਹੱਲ ਲਈ ਬੀਬੀ ਮਾਣੂੰਕੇ ਨੇ ਅਧਿਕਾਰੀਆਂ ਨੂੰ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਜਿਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ 10 ਕਰੋੜ 64 ਲੱਖ ਰੁਪਏ ਦਾ ਪ੍ਰਾਜੈਕਟ ਮਨਜ਼ੂਰ ਹੋ ਕੇ ਵਿੱਤ ਵਿਭਾਗ ਕੋਲ ਗਿਆ ਹੈ ਅਤੇ ਫੰਡ ਜਾਰੀ ਹੋਣ ਉਪਰੰਤ ਤੁਰੰਤ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਵਿਧਾਇਕਾ ਨੇ ਚਿੱਟੇ ਦੇ ਖ਼ਾਤਮੇ ਲਈ ਪੁਲੀਸ ਅਧਿਕਾਰੀਆਂ ਨੂੰ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਅਤੇ ਟਰੈਫਿਕ ਸਮੱਸਿਆ ਨਗਰ ਕੌਂਸਲ ਅਧਿਕਾਰੀਆਂ ਨਾਲ ਮਿਲ ਕੇ ਹੱਲ ਕਰਨ ਲਈ ਕਿਹਾ।

Advertisement

Advertisement
Advertisement
Author Image

joginder kumar

View all posts

Advertisement