ਅੰਬੇਡਕਰ ਦਾ ਅਪਮਾਨ ਸਹਿਣ ਨਹੀਂ ਕਰਾਂਗੇ: ਸ਼ੈਲਜਾ
ਪੱਤਰ ਪ੍ਰੇਰਕ
ਟੋਹਾਣਾ, 23 ਦਸੰਬਰ
ਇਥੇ ਅਖਿਲ ਭਾਰਤੀ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਤੇ ਸਿਰਸਾ ਤੋਂ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਇਥੇ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਜਨਭਾਵਨਾਵਾਂ ਦਾ ਨਿਰਾਦਰ ਕਰ ਰਹੀ ਹੈ। ਧੰਨਵਾਦੀ ਦੌਰੇ ਸਮੇਂ ਉਨ੍ਹਾਂ ਕਿਹਾ ਕਿ ਇਥੋਂ ਥੋੜੀ ਦੂਰ ਖਨੌਰੀ ਬਾਰਡਰ ’ਤੇ ਐੱਮਐੱਸਪੀ ਦੇ ਦੋ ਸਾਲ ਪਹਿਲਾਂ ਵਾਅਦੇ ’ਤੇ ਅਮਲ ਨਾ ਹੋਣ ਕਾਰਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਭੁੱਖ ਹੜਤਾਲ ’ਤੇ ਹਨ। ਉਨ੍ਹਾਂ ਦਾ ਜੀਵਨ ਖਤਰੇ ਵਿੱਚ ਹੈ ਤੇ ਉਨ੍ਹਾਂ ਨੂੰ ਬਚਾਉਣ ਲਈ ਲੋਕ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿ ਕਿ ਉਹ ਵੀ ਸ੍ਰੀ ਡੱਲੇਵਾਲ ਨੂੰ ਮਿਲਣ ਜਾ ਰਹੇ ਹਨ। ਕਿਸਾਨਾਂ ਨੂੰ ਬੀਜ, ਖਾਦਾਂ ਨਹੀਂ ਮਿਲ ਰਹੀਆਂ, ਬੀਜ ਕੰਪਨੀਆਂ ਤੇ ਸਰਕਾਰ ਦੀ ਲਗਾਮ ਢਿੱਲੀ ਹੋ ਚੁੱਕੀ ਹੈ। ਸ਼ੈਲਜਾ ਨੇ ਕਿਹਾ ਕਿ ਭਾਜਪਾ ਜਾਤੀਵਾਦ ਨੂੰ ਹਵਾ ਦੇ ਰਹੀ ਹੈ, ਸੰਵਿਧਾਨ ਨਿਰਮਾਤਾ ਡਾ. ਅੰਬੇਡਕਰ ਨੂੰ ਅਪਮਾਨਿਤ ਕੀਤਾ ਜਾ ਰਿਹਾ ਹੈ, ਗ੍ਰਹਿਮੰਤਰੀ ਨੂੰ ਮੁਆਫ਼ੀ ਮੰਗਣ ਤੇ ਤਿਆਗ-ਪੱਤਰ ਦੇਣ ਲਈ ਜ਼ੋਰ ਪਾਉਣ ਦੀ ਬਜਾਏ ਪ੍ਰਧਾਨਮੰਤਰੀ ਉਸਦੀ ਪਿੱਠ ’ਤੇ ਆ ਗਏ ਹਨ। ਸ਼ੈਲਜਾ ਨੇ ਜ਼ੋਰ ਦੇ ਕੇ ਕਿਹਾ ਕਿ ਸੰਘਰਸ਼ ਜਾਰੀ ਰਹੇਗਾ ਹਮੇਸ਼ਾ ਜਿੱਤ ਸੱਚ ਦੀ ਹੋਈ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਦਾ ਪੱਖ ਵੀ ਵਰਕਰਾਂ ਸਾਹਮਣੇ ਰੱਖਿਆ। ਉਨ੍ਹਾਂ ਕਿਹਾ ਕਿ ਸਿਰਸਾ ਹਲਕੇ ਦੇ ਜਨਤਕ ਮੁੱਦੇ ਹਮੇਸ਼ਾ ਸੰਸਦ ਅਤੇ ਮੀਡੀਆਂ ਵਿੱਚ ਉਠਾਉਂਦੇ ਆਏ ਹਾਂ। ਵੱਡਾ ਮੁੱਦਾ ਘੱਗਰ ਦਾ ਹੜ੍ਹ ਤੇ ਦੂੁਸ਼ਿਤ ਪਾਣੀ ਜੋ ਕੈਂਸਰ ਬਿਮਾਰੀ ਫੈਲਾ ਰਿਹਾ ਹੈ, ਰੇਲ ਦਾ ਮੁੱਦਾ ਅਗਰੋਹਾ- ਫਤਿਹਾਬਾਦ ਨੂੰ ਰੇਲ ਲਾਈਨ ਨਾਲ ਜੋੜਨ ਤੇ ਇਸ ਖਿੱਤੇ ਦੀਆਂ ਕਿਸਾਨ, ਮਜਦੂਰ, ਵਪਾਰੀਆਂ ਦੀਆਂ ਮੰਗਾਂ ਹਨ ਜਿਨ੍ਹਾਂ ਨੂੰ ਹੱਲ ਕਰਨਾ ਸਮੇਂ ਦੀ ਲੋੜ ਹੈ। ਭਾਜਪਾ ਸਰਕਾਰ 10 ਸਾਲ ਬੀਤਣ ਤੋਂ ਬਾਅਦ ਵੀ ਕੋਈ ਹੱਲ ਨਹੀਂ ਕੀਤਾ। ਇਥੇ ਨਸ਼ੇ ਦੀ ਲਤ ਵੱਧਦੀ ਜਾ ਰਹੀ ਹੈ ਜਿਸ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੀਆਂ ਤਕਲੀਫ਼ਾ ਸੁਣਕੇ ਮਾਮਲਾ ਸਰਕਾਰ ਸਾਹਮਣੇ ਰੱਖਣਗੇ।