ਸਰਕਾਰ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ: ਵੜਿੰਗ
ਜੋਗਿੰਦਰ ਸਿੰਘ ਓਬਰਾਏ
ਖੰਨਾ, 22 ਦਸੰਬਰ
ਇੱਥੇ ਨਗਰ ਕੌਂਸਲ ਦੇ ਵਾਰਡ ਨੰਬਰ-2 ਵਿੱਚ ਹੋਈ ਜ਼ਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਮੌਕੇ ਮਸ਼ੀਨ ਤੋੜਨ ਤੋਂ ਖ਼ਫ਼ਾ ਕਾਂਗਰਸੀ ਆਗੂਆਂ ਤੇ ਕਾਰਕੁਨਾਂ ਨੇ ਅੱਜ ਇੱਥੇ ਚਾਰ ਘੰਟਿਆਂ ਤਕ ਜਰਨੈਲੀ ਸੜਕ ਅਤੇ ਲਿੰਕ ਰੋਡ ’ਤੇ ਧਰਨਾ ਲਗਾਇਆ। ਇਸ ਦੌਰਾਨ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਵੜਿੰਗ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਡਾ. ਅਮਰ ਸਿੰਘ ਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਵੀ ਮੌਜੂਦ ਸਨ। ਆਗੂਆਂ ਮੰਗ ਕੀਤੀ ਕਿ ਮਸ਼ੀਨਾਂ ਤੋੜਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ। ਇਸ ਦੌਰਾਨ ਚੋਣ ਕਮਿਸ਼ਨ ਦੇ ਅਧਿਕਾਰੀ ਵੱਲੋਂ 23 ਦਸੰਬਰ ਨੂੰ ਵਾਰਡ ਨੰਬਰ-2 ਦੇ ਬੂਥ ਨੰਬਰ ਚਾਰ ’ਤੇ ਮੁੜ ਵੋਟਾਂ ਪਾਉਣ ਦਾ ਨੋਟਿਸ ਜਾਰੀ ਕੀਤਾ ਗਿਆ। ਇਸ ਉਪਰੰਤ ਕਾਂਗਰਸੀਆਂ ਨੇ ਧਰਨਾ ਸਮਾਪਤ ਕੀਤਾ। ਇੱਥੇ ਜ਼ਿਮਨੀ ਚੋਣ ਵਿੱਚ ਕਾਂਗਰਸ ਵੱਲੋਂ ਸਤਨਾਮ ਚੌਧਰੀ, ‘ਆਪ’ ਵੱਲੋਂ ਵਿੱਕੀ ਮਸ਼ਾਲ, ਭਾਜਪਾ ਵੱਲੋਂ ਹਸਨਜੋਤ ਸਿੰਘ ਚੰਨੀ ਅਤੇ ਅਕਾਲੀ ਦਲ ਵੱਲੋਂ ਮਨਦੀਪ ਸਿੰਘ ਗੱਬਰ ਚੋਣ ਲੜ ਰਹੇ ਸਨ। ਕਾਂਗਰਸੀ ਆਗੂਆਂ ਨੇ ਦੱਸਿਆ ਕਿ ਸ਼ਾਮ ਸਮੇਂ ਗਿਣਤੀ ਦੌਰਾਨ ਚਾਰ ਨੰਬਰ ਬੂਥ ’ਤੇ ‘ਆਪ’ ਦੇ ਕਾਰਕੁਨਾਂ ਨੇ ਮਸ਼ੀਨ ਤੋੜ ਦਿੱਤੀ ਸੀ। ਇਸ ਮੌਕੇ ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ ਨੇ ਕਿਹਾ ਕਿ ਵਾਰਡ ਨੰਬਰ-2 ਵਿੱਚ ਹੋਈ ਘਟਨਾ ਨਿੰਦਣਯੋਗ ਹੈ। ਪ੍ਰਸ਼ਾਸਨ ਨੂੰ ਨਿਰਪੱਖ ਜਾਂਚ ਕਰ ਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।