For the best experience, open
https://m.punjabitribuneonline.com
on your mobile browser.
Advertisement

ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕਰਾਂਗੇ: ਈਟੀਓ

10:21 AM Mar 11, 2024 IST
ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕਰਾਂਗੇ  ਈਟੀਓ
ਵਿਕਾਸ ਕਾਰਜਾਂ ਦਾ ਉਦਘਾਟਨ ਕਰਦੇ ਹੋਏ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ।
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 10 ਮਾਰਚ
ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਅੰਮ੍ਰਿਤਸਰ ਸ਼ਹਿਰ ਦੇ ਦੋ ਵਿਧਾਨਸਭਾ ਹਲਕੇ ਅੰਮ੍ਰਿਤਸਰ ਦੱਖਣੀ ਅਤੇ ਅੰਮ੍ਰਿਤਸਰ ਪੂਰਬੀ ਵਿੱਚ ਕਰੀਬ 35 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਕੰਮਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਇਕ ਪਵਿੱਤਰ ਸ਼ਹਿਰ ਹੈ, ਜਿੱਥੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਲੋਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਉਂਦੇ ਹਨ। ਉਨ੍ਹਾਂ ਕਿਹਾ ਕਿ ਯਾਤਰੂਆਂ ਅਤੇ ਸ਼ਹਿਰਵਾਸੀਆਂ ਦੀ ਸਹੂਲਤ ਲਈ ਸੁਲਤਾਨਵਿੰਡ ਪਿੰਡ ਵਿੱਚ ਦੋ ਮਾਰਗੀ ਪੁਲ ਅਤੇ ਅੰਮ੍ਰਿਤਸਰ ਮਹਿਤਾ ਸੜਕ ਦੀ ਵਿਸ਼ੇਸ਼ ਰਿਪੇਅਰ ਕਰਵਾਈ ਜਾਵੇਗੀ।
ਉਨ੍ਹਾਂ ਪਿੰਡ ਸੁਲਤਾਨਵਿੰਡ ਵਿੱਚ ਬਣਨ ਵਾਲੇ ਦੋ-ਮਾਰਗੀ ਫਲਾਈਓਵਰ ਦਾ ਨੀਂਹ ਪੱਥਰ ਰੱਖਿਆ ਅਤੇ ਕਿਹਾ ਕਿ ਤਾਰਾਂ ਵਾਲੇ ਪੁੱਲ ਤੋਂ ਸੁਲਤਾਨਵਿੰਡ ਪਿੰਡ ਦੇ ਚੌਕ ਉਪਰ ਦੋ ਮਾਰਗੀ ਫਲਾਈਓਵਰ ਦਾ ਨਿਰਮਾਣ ਕੀਤਾ ਜਾਣਾ ਹੈ, ਜਿਸ ’ਤੇ ਲਗਭਗ 33.55 ਕਰੋੜ ਰੁਪਏ ਖਰਚ ਆਉਣਗੇ। ਇਸ ਫਲਾਈਓਵਰ ਦੀ ਲੰਬਾਈ 725 ਮੀਟਰ ਅਤੇ ਚੌੜਾਈ 14 ਮੀਟਰ ਹੋਵੇਗੀ। ਇਸਦੇ ਨਾਲ ਹੀ 5.50 ਮੀਟਰ ਸਰਵਿਸ ਰੋਡ ਫਲਾਈਓਵਰ ਦੇ ਦੋਵੇਂ ਪਾਸੇ ਅਤੇ ਬਰਸਾਤੀ ਪਾਣੀ ਦੇ ਲਈ ਡਰੇਨ ਦੀ ਵਿਵਸਥਾ ਕੀਤੀ ਜਾਵੇਗੀ। ਇਸ ਫਲਾਈਓਵਰ ਦੇ ਨਿਰਮਾਣ ਹੋਣ ਨਾਲ ਇਸ ਰਸਤੇ ਸ਼ਹਿਰ ਵਿਚ ਆਉਣ ਵਾਲੇ ਸ਼ਰਧਾਲੂਆਂ ਅਤੇ ਇਲਾਕਾ ਨਿਵਾਸੀਆਂ ਨੂੰ ਟਰੈਫਿਕ ਜਾਮ ਵਿਚੋਂ ਛੁਟਕਾਰਾ ਮਿਲੇਗਾ।
ਇਹ ਪੁੱਲ 24 ਮਹੀਨੇ ਦੇ ਅੰਦਰ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਹਲਕਾ ਪੂਰਬੀ ਅਧੀਨ ਪੈਂਦੇ ਅੰਮ੍ਰਿਤਸਰ ਮਹਿਤਾ ਸੜਕ ਦੀ ਰਿਪੇਅਰ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਇਸ ਸੜਕ ਦੀ ਲੰਬਾਈ 1.350 ਕਿਲੋਮੀਟਰ ਅਤੇ ਚੌੜਾਈ 31 ਫੁੱਟ ਹੈ, ਦੀ ਰਿਪੇਅਰ ਕੀਤੀ ਜਾਵੇਗੀ। ਇਸ ਕੰਮ ਲਈ ਟੈਂਡਰ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਇਸ ਕਾਰਜ ਨੂੰ 6 ਮਹੀਨੇ ਵਿੱਚ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਸ ਰਿਪੇਅਰ ਦੇ ਕੰਮ ਉਪਰ 120.92 ਲੱਖ ਰੁਪਏ ਖਰਚ ਆਉਣਗੇ। ਇਸ ਸੜਕ ਦੀ ਰਿਪੇਅਰ ਨਾਲ ਇਸ ਸੜਕ ’ਤੇ ਪੈਂਦੇ ਫੋਕਲ ਪੁਆਇੰਟ ਅਤੇ ਸਬਜ਼ੀ ਮੰਡੀ ਵਿੱਚ ਆਵਾਜਾਈ ਵਿੱਚ ਰਾਹਤ ਮਿਲੇਗੀ। ਲੋਕ ਨਿਰਮਾਣ ਮੰਤਰੀ ਨੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿਤੇ ਹਨ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਗੁਣਵੱਤਾ ਦਾ ਖਾਸ ਧਿਆਨ ਰੱਖਿਆ ਜਾਵੇ। ਇਸ ਮੌਕੇ ਹਲਕਾ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਜੀਵਨਜੋਤ ਕੌਰ, ਸਾਬਕਾ ਮੇਅਰ ਕਰਮਜੀਤ ਸਿੰਘ ਰਿੰਟੂ, ‘ਆਪ’ ਦੇ ਦਿਹਾਤੀ ਪ੍ਰਧਾਨ ਬਲਜਿੰਦਰ ਸਿੰਘ ਢਿਲੋਂ ਤੋਂ ਇਲਾਵਾ ਇਲਾਕਾ ਵਾਸੀ ਹਾਜ਼ਰ ਸਨ। ਇਸ ਦੌਰਾਨ ਉਨ੍ਹਾਂ ਖਡੂਰ ਸਾਹਿਬ, ਬਾਬਾ ਬਕਾਲਾ ਤੇ ਜੰਡਿਆਲਾ ਗੁਰੂ ਵਿੱਚ ਵੀ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।

Advertisement

Advertisement
Advertisement
Author Image

sanam grng

View all posts

Advertisement