ਖਿਡਾਰੀਆਂ ਨੂੰ ਕੋਈ ਘਾਟ ਨਹੀਂ ਆਉਣ ਦੇਵਾਂਗੇ: ਬਲਕਾਰ ਸਿੰਘ
ਪੱਤਰ ਪ੍ਰੇਰਕ
ਜਲੰਧਰ, 13 ਅਗਸਤ
ਰਾਏਜਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿੱਚ ਜਾਰੀ ਉੱਤਰ ਭਾਰਤ ਦੇ ਬੈਡਮਿੰਟਨ ਮਹਾਕੁੰਭ ਯੋਨੈਕਸ-ਸਨਰਾਈਜ਼ ਨਾਰਥ ਜ਼ੋਨ ਇੰਟਰ-ਸਟੇਟ ਬੈਡਮਿੰਟਨ ਚੈਂਪੀਅਨਸ਼ਿਪ ਵਿਅਕਤੀਗਤ ਮੁਕਾਬਲਿਆਂ ਦੇ ਫਾਈਨਲ ਦੇ ਨਾਲ ਹੀ ਅੱਜ ਸਮਾਪਤ ਹੋ ਗਈ। ਜੇਤੂਆਂ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਇਨਾਮ ਵੰਡੇ। ਡਿਸਟ੍ਰਿਕਟ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਨੇ ਦੱਸਿਆ ਕਿ ਵਿਅਕਤੀਗਤ ਮੁਕਾਬਲਿਆਂ ਵਿੱਚ ਪੁਰਸ਼ ਫਾਈਨਲ ਮੁਕਾਬਲਿਆਂ ਵਿੱਚ ਹਰਿਆਣਾ ਦੇ ਰਵੀ ਜੇਤੂ ਬਣੇ।
ਉਨ੍ਹਾਂ ਹਰਿਆਣਾ ਦੇ ਹੀ ਭਰਤ ਰਾਘਵ ਨੂੰ ਹਰਾਇਆ ਜਦਕਿ ਮਹਿਲਾ ਵਰਗ ਵਿੱਚ ਪੰਜਾਬ ਦੀ ਤਨਵੀ ਸ਼ਰਮਾ ਨੇ ਹਰਿਆਣਾ ਦੀ ਅਨਮੋਲ ਖਰਬ ਨੂੰ ਹਰਾ ਕੇ ਫਾਈਨਲ ਜਿੱਤਿਆ। ਪੁਰਸ਼ਾਂ ਦੇ ਜੋੜੀ ਵਰਗ ਦੇ ਫਾਈਨਲ ਵਿੱਚ ਰਾਜਸਥਾਨ ਦੇ ਸ਼ੁਭਮ ਪਟੇਲ ਅਤੇ ਵੇਦਾਂਤ ਸ਼ਰਮਾ ਨੇ ਦਿੱਲੀ ਦੇ ਹਰਸ਼ ਰਾਣਾ ਅਤੇ ਨਿਤਿਨ ਕੁਮਾਰ ਨੂੰ 21-19, 21-16 ਨਾਲ ਹਰਾ ਕੇ ਖਿਤਾਬ ਜਿੱਤਿਆ। ਦਿੱਲੀ ਦੀ ਟੀਮ ਸੈਕਿੰਡ ਰਹੀ।
ਮਹਿਲਾਵਾਂ ਦੇ ਜੋੜੀ ਵਰਗ ਫਾਈਨਲ ਵਿੱਚ ਹਰਿਆਣਾ ਦੀ ਦੇਵਿਕਾ ਸਿਹਾਗ ਅਤੇ ਰਿੱਧੀ ਕੌਰ ਤੂਰ ਦੀ ਜੋੜੀ ਨੇ ਦਿੱਲੀ ਦੀ ਇਸ਼ਾਨੀ ਵਾਲਦਿਆ ਅਤੇ ਨਵਧਾ ਮੰਗਲਮ ਨੂੰ 18-21, 21-16, 23-21 ਨਾਲ ਹਰਾਇਆ। ਮਿਕਸਡ ਜੋੜੀ ਵਰਗ ਵਿੱਚ ਹਰਿਆਣਾ ਦੀ ਜੋੜੀ ਅਕਸ਼ਿਤ ਮਹਾਜਨ ਅਤੇ ਰਿੱਧੀ ਕੌਰ ਤੂਰ ਨੇ ਦਿੱਲੀ ਦੇ ਨਿਤਿਨ ਤੇ ਨਵਧਾ ਦੀ ਜੋੜੀ ਨੂੰ 11-21, 21-16, 21-13 ਨਾਲ ਹਰਾਇਆ। ਲੜਕੀਆਂ ਦੇ ਇਕੱਲੇ ਅੰਡਰ 19 ਵਰਗ ਵਿੱਚ ਮੇਧਾਵੀ ਨਾਗਰ (ਹਰਿਆਣਾ) ਜੇਤੂ ਬਣਿਆ। ਮਿਕਸ ਡਬਲਜ਼ ਅੰਡਰ 19 ਦੇ ਫਾਈਨਲ ਹਰਿਆਣਾ ਦੇ ਆਰੀਅਨ ਤੇ ਅਨਮੋਲ ਦੀ ਜੋੜੀ ਨੇ ਪੰਜਾਬ ਦੇ ਅਕਸ਼ਿਤ ਤੇ ਮਾਨਿਆ ਰਲ੍ਹਣ ਨੂੰ 14-21, 21-18, 21-15 ਨਾਲ ਹਰਾਇਆ। ਬੀ.ਏ.ਆਈ. ਦੇ ਵਾਈਸ ਪ੍ਰੈਜੀਡੈਂਟ ਅਜੈ ਸਿੰਘਾਨੀਆ ਨੇ ਚੈਂਪੀਅਨਸ਼ਿਪ ਵਿੱਚ ਸਹਿਯੋਗ ਦਿੱਤਾ।