For the best experience, open
https://m.punjabitribuneonline.com
on your mobile browser.
Advertisement

ਸਨਅਤ ਨੂੰ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਵਾਂਗੇ: ਬਿੱਟੂ

07:48 AM Jun 25, 2024 IST
ਸਨਅਤ ਨੂੰ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਵਾਂਗੇ  ਬਿੱਟੂ
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਸਨਮਾਨਦੇ ਹੋਏ ਕਾਰੋਬਾਰੀ ਤੇ ਸਨਅਤਕਾਰ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਜੂਨ
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਜ਼ਿਲ੍ਹਾ ਲੁਧਿਆਣਾ ਦੇ ਦੌਰੇ ਸਮੇਂ ਕਿਹਾ ਕਿ ਕਾਰੋਬਾਰੀਆਂ ਤੇ ਵਪਾਰੀਆਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਤੇ ਇੰਡਸਟਰੀ ਨੂੰ ਪੰਜਾਬ ਤੋਂ ਪਲਾਇਨ ਨਹੀਂ ਕਰਨ ਦਿੱਤਾ ਜਾਵੇਗਾ। ਸੂਬੇ ਦੀ ਸਨਅਤ ਨੂੰ ਪ੍ਰਫੁੁੱਲਤ ਕਰ ਕੇ ਕਾਰੋਬਾਰ ਵਧਾਉਣ ਲਈ ਕੰਮ ਕੀਤਾ ਜਾਵੇਗਾ। ਉਨ੍ਹਾਂ ਲੁਧਿਆਣਾ ’ਚ ਕਾਰੋਬਾਰੀਆਂ ਤੇ ਵਪਾਰੀਆਂ ਨਾਲ ਮੁਲਾਕਾਤ ਕੀਤੀ। ਇਸ ਪ੍ਰੋਗਰਾਮ ’ਚ ਵਪਾਰੀਆਂ ਨੇ ਪਹਿਲਾਂ ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਬਣਨ ’ਤੇ ਵਧਾਈ ਦਿੱਤੀ ਤੇ ਸਨਮਾਨਿਤ ਕੀਤਾ।
ਮੀਟਿੰਗ ’ਚ ਵਪਾਰੀਆਂ ਨੇ ਸ੍ਰੀ ਬਿੱਟੂ ਨੂੰ ਚੋਣਾਂ ਤੋਂ ਪਹਿਲਾਂ ਲੁਧਿਆਣਾ ਪੁੱਜੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਪੀਯੂਸ਼ ਗੋਇਲ ਦੀ ਮੀਟਿੰਗ ’ਚ ਚੁੱਕੇ ਮੁੱਦੇ ਤੇ ਮੰਗਾਂ ਯਾਦ ਕਰਵਾਈਆਂ ਤੇ ਸ੍ਰੀ ਬਿੱਟੂ ਨੂੰ ਦੱਸਿਆ ਕਿ ਪੰਜਾਬ ’ਚ ਛੋਟੇ ਵਪਾਰ ਲਗਤਾਰ ਖਤਮ ਹੋਣ ਦੀ ਕਗਾਰ ’ਤੇ ਹਨ। ਛੋਟੀ ਤੇ ਵੱਡੀ ਇੰਡਸਟਰੀ ਬੰਦ ਹੋਣ ਦੀ ਕੰਢੇ ਹੈ। ਇਸ ਤੋਂ ਇਲਾਵਾ ਐਮਐਸਐਮਈ ਦੇ ਦਾਇਰੇ ’ਚ ਜੋ ਜੋ ਵਪਾਰ ਆਉਂਦੇ ਹਨ, ਉਨ੍ਹਾਂ ਦੀ ਹਾਲਤ ਕਾਫ਼ੀ ਖ਼ਰਾਬ ਹੋ ਚੁੱਕੀ ਹੈ। ਇਸ ਬਾਬਤ ਕਾਰੋਬਾਰੀਆਂ ਤੇ ਵਪਾਰੀਆਂ ਨੇ ਰਾਜ ਮੰਤਰੀ ਬਿੱਟੂ ਨੂੰ ਇੱਕ ਮੰਗ ਪੱਤਰ ਵੀ ਦਿੱਤਾ।
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸਨਅਤਕਾਰਾਂ, ਕਾਰੋਬਾਰੀਆਂ ਤੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਉਹ ਪੂਰੀਆਂ ਜ਼ਰੂਰ ਕਰਵਾਉਣਗੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਛੋਟੀ ਵੱਡੀ ਕਿਸੇ ਵੀ ਇੰਡਸਟਰੀ ਨੂੰ ਲੁਧਿਆਣਾ ਕੀ, ਪੰਜਾਬ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਹਰ ਇੰਡਸਟਰੀ ਨੂੰ ਰਾਹਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇੰਡਸਟਰੀ ਲਈ ਵਿਸ਼ੇਸ਼ ਪੈਕੇਜ ਦੀ ਉਹ ਕੇਂਦਰ ਸਰਕਾਰ ਤੋਂ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਲੁਧਿਆਣਾ ਦੀ ਇੰਡਸਟਰੀ ਲਈ ਹਰ ਯੋਗ ਕਦਮ ਚੁੱਕੇਗੀ। ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ’ਚ ਫਿਰੋਜ਼ਪੁਰ ਰੇਲਵੇ ਡਿਵੀਜ਼ਨਲ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਵੀ ਕੀਤੀ। ਮੀਟਿੰਗ ’ਚ ਸ੍ਰੀ ਬਿੱਟੂ ਨੇ ਰੇਲਵੇ ਵੱਲੋਂ ਚੱਲ ਰਹੇ ਸਾਰੇ ਰੇਲ ਪ੍ਰਾਜੈਕਟਾਂ ਬਾਰੇ ’ਚ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ‘ਅੰਮ੍ਰਿਤ ਭਾਰਤ ਸਕੀਮ’ ਤਹਿਤ ਪੰਜਾਬ ਦੇ 30 ਰੇਲਵੇ ਸਟੇਸ਼ਨ ਵਿਕਸਿਤ ਕੀਤੇ ਜਾ ਰਹੇ ਹਨ, ਜਿਸ ’ਚ ਲੁਧਿਆਣਾ, ਅੰਮ੍ਰਿਤਸਰ ਅਤੇ ਬਠਿੰਡਾ ਦੇ ਸਟੇਸ਼ਨ ਵੀ ਸ਼ਾਮਲ ਹਨ। ਇਨ੍ਹਾਂ ’ਚ 1103 ਕਰੋੜ ਦੀ ਲਾਗਤ ਨਾਲ ਕੰਮ ਸ਼ੁਰੂ ਹੋ ਚੁੱਕਾ ਹੈ। ਸ੍ਰੀ ਬਿੱਟੂ ਨੇ ਦੱਸਿਆ ਕਿ ਲੁਧਿਆਣਾ, ਅੰਮ੍ਰਿਤਸਰ ਤੇ ਬਠਿੰਡਾ ਵਰਗੇ ਸ਼ਹਿਰ ਦੇ ਰੇਲਵੇ ਸਟੇਸ਼ਨ ਇਸ ਤਰ੍ਹਾਂ ਵਿਕਸਿਤ ਹੋਣਗੇ ਕਿ ਯਾਤਰੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ।
ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਪੰਜਾਬ ਦਾ ਮਾਲਵਾ ਖੇਤਰ ਜੋ ਸੂਬੇ ਦੀ ਰਾਜਧਾਨੀ ਤੋਂ ਪਛੜਿਆ ਹੋਇਆ ਹੈ ਤੇ ਇਸਨੂੰ ਜੋੜਨ ਲਈ 55 ਕਿਲੋਮੀਟਰ ਤੱਕ ਦਾ ਪਟਿਆਲਾ-ਰਾਜਪੁਰਾ ਲਿੰਕ ਨੂੰ ਚੰਡੀਗੜ੍ਹ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ 312 ਕਰੋੜ ਦਾ ਹੈ ਜਿਸ ਲਈ ਉਨ੍ਹਾਂ ਨੇ ਰੇਲਵੇ ਮੰਤਰੀ ਅਸ਼ਵਨੀ ਕਸ਼ਯਪ ਨਾਲ ਵੀ ਗੱਲ ਕੀਤੀ ਹੈ। ਜਲਦੀ ਹੀ ਇਸਦਾ ਕੰਮ ਸ਼ੁਰੂ ਹੋ ਜਾਵੇਗਾ, ਜਿਸ ਤੋਂ ਬਾਅਦ ਮਾਲਵਾ ਨਾਲ ਜੁੜੇ ਲੋਕ ਆਪਣੇ ਕਾਰੋਬਾਰ ਲਈ ਚੰਡੀਗੜ੍ਹ ਆ ਜਾ ਸਕਣਗੇ।

Advertisement

Advertisement
Author Image

sukhwinder singh

View all posts

Advertisement
Advertisement
×