ਭਾਜਪਾ ਨੂੰ ਪਿੰਡਾਂ ’ਚ ਨਹੀਂ ਵੜਨ ਦਿਆਂਗੇ: ਧਨੇਰ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 15 ਮਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਇਕੱਤਰਤਾ ਪਿੰਡ ਸ਼ੇਖਦੌਲਤ ਵਿੱਚ ਬਲਾਕ ਪ੍ਰਧਾਨ ਜਗਜੀਤ ਸਿੰਘ ਦੀ ਅਗਵਾਈ ਹੇਠ ਹੋਈ। ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਵੀ ਇਸ ’ਚ ਉਚੇਚੇ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ 21 ਮਈ ਨੂੰ ਜਗਰਾਉਂ ਦੀ ਨਵੀਂ ਦਾਣਾ ਮੰਡੀ ਵਿੱਚ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਕਿਸਾਨ ਮਹਾਪੰਚਾਇਤ ਦੀ ਸਫ਼ਲਤਾ ਲਈ ਵਿਚਾਰ ਵਟਾਂਦਰਾ ਕਰਦਿਆਂ ਬਲਾਕ ਦੇ ਸਾਰੇ ਪਿੰਡਾਂ ’ਚ ਜ਼ੋਰਦਾਰ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ। ਭਾਜਪਾ ਨੂੰ ਪਿੰਡਾਂ ਵਿੱਚ ਨਾ ਵੜਨ ਦੇਣ ਦਾ ਅਹਿਦ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਹਰਾਓ, ਕਾਰਪੋਰੇਟ ਭਜਾਓ, ਦੇਸ਼ ਬਚਾਓ ਦੇ ਨਾਅਰੇ ਹੇਠ ਕੀਤੀ ਜਾ ਰਹੀ ਮਹਾਪੰਚਾਇਤ ਖੇਤੀ ਕਿਤੇ ਨੂੰ ਬਚਾਉਣ, ਐੱਮਐੱਸਪੀ ਲਾਗੂ ਕਰਵਾਉਣ, ਮਜ਼ਦੂਰਾਂ ਕਿਸਾਨਾਂ ਦੇ ਕਰਜ਼ੇ ਰੱਦ ਕਰਾਉਣ ਲਈ ਹੋ ਰਹੀ ਹੈ। ਉਨ੍ਹਾਂ ਪਿੰਡਾਂ ’ਚ ਭਾਜਪਾ ਦਾ ਦਾਖ਼ਲਾ ਬੰਦ ਕਰਨ ਦੀ ਲੜਾਈ ਦੌਰਾਨ ਵਿਛੋੜਾ ਦੇ ਗਏ ਬਲਾਕ ਸੱਕਤਰ ਗੁਰਮੇਲ ਸਿੰਘ ਭਰੋਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਦੀ ਥਾਂ ’ਤੇ ਕੁਲਵੰਤ ਸਿੰਘ ਗਾਲਿਬ ਨੂੰ ਬਲਾਕ ਸੱਕਤਰ ਚੁਣਿਆ ਗਿਆ। ਇਸ ਸਮੇਂ ਪਿੰਡ ਸ਼ੇਖਦੌਲਤ ਇਕਾਈ ਦੀ ਵੀ ਚੋਣ ਕੀਤੀ ਗਈ ਜਿਸ ’ਚ ਚਰਨਜੀਤ ਸਿੰਘ ਨੂੰ ਪ੍ਰਧਾਨ, ਨਿਰਮਲ ਸਿੰਘ ਸੀਨੀਅਰ ਮੀਤ ਪ੍ਰਧਾਨ, ਕਰਮਜੀਤ ਸਿੰਘ ਮੀਤ ਪ੍ਰਧਾਨ ਚੁਣੇ ਗਏ। ਇਸ ਤੋਂ ਇਲਾਵਾ ਸਕੱਤਰ ਹਰਪਾਲ ਸਿੰਘ, ਸਹਾਇਕ ਸਕੱਤਰ ਜਸਵੰਤ ਸਿੰਘ ਨੰਬਰਦਾਰ, ਬਲਵਿੰਦਰ ਸਿੰਘ, ਹਰਦਿਆਲ ਸਿੰਘ, ਗੁਰਜੀਤ ਸਿੰਘ, ਸੁਖਮੰਦਰ ਸਿੰਘ, ਗੁਰਨਾਮ ਸਿੰਘ, ਕੁਲਵੀਰ ਸਿੰਘ, ਕੁਲਵੰਤ ਸਿੰਘ ਕਮੇਟੀ ਮੈਂਬਰ ਚੁਣੇ ਗਏ।