ਮਨੀਪੁਰ ਸਰਹੱਦ ’ਤੇ ਅਮਨ ਵਿਗੜਨ ਨਹੀਂ ਦੇਵਾਂਗੇ: ਜੈਸ਼ੰਕਰ
ਟ੍ਰਬਿਿਊਨ ਨਿਊਜ਼ ਸਰਵਿਸ/ਪੀਟੀਆਈ
ਨਵੀਂ ਦਿੱਲੀ/ਬੈਂਕਾਕ, 16 ਜੁਲਾਈ
ਮਨੀਪੁਰ ’ਚ ਪਿੱਛੇ ਜਿਹੇ ਕੁਕੀ ਤੇ ਮੈਤੇਈ ਭਾਈਚਾਰਿਆਂ ਵਿਚਾਲੇ ਹੋਈਆਂ ਹਿੰਸਕ ਝੜਪਾਂ ਵਿੱਚ ਮਿਆਂਮਾਰ ਤੋਂ ਹਥਿਆਰਬੰਦ ਦਹਿਸ਼ਤਗਰਦਾਂ ਦੇ ਸ਼ਾਮਲ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਉਣ ਮਗਰੋਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਆਪਣੇ ਮਿਆਂਮਾਰ ਦੇ ਹਮਰੁਤਬਾ ਥਾਨ ਸਵੇ ਕੋਲ ਇਹ ਮੁੱਦਾ ਉਠਾਇਆ ਤੇ ਦੋਵਾਂ ਮੁਲਕਾਂ ਦੀ ਸਾਂਝੀ ਸਰਹੱਦ ’ਤੇ ਅਮਨ ਦੀ ਸਥਿਤੀ ਵਿਗੜਨ ਬਾਰੇ ਚਰਚਾ ਕੀਤੀ। ਜੈਸ਼ੰਕਰ ਇੰਡੋਨੇਸ਼ੀਆ ਦੌਰੇ ਮਗਰੋਂ ਤੋਂ ਥਾਈਲੈਂਡ ਦੇ ਅਧਿਕਾਰਤ ਦੌਰੇ ’ਤੇ ਬੈਂਕਾਕ ਪਹੁੰਚੇ ਸਨ ਅਤੇ ਉਨ੍ਹਾਂ ਨੇ ਥਾਈਲੈਂਡ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਡੌਨ ਪ੍ਰਾਮੁਦਵਨਿਈ ਨਾਲ ਵੀ ਮੁਲਾਕਾਤ ਕੀਤੀ।
ਉਨ੍ਹਾਂ ਸਰਹੱਦੀ ਇਲਾਕਿਆਂ ਵਿੱਚ ਸ਼ਾਂਤੀ ਤੇ ਸਥਿਰਤਾ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਖੇਤਰ ਹਾਲ ਹੀ ਵਿੱਚ ਗੰਭੀਰ ਤੌਰ ’ਤੇ ਅਸ਼ਾਂਤ ਰਿਹਾ ਹੈ ਅਤੇ ਸਥਿਤੀ ਨੂੰ ਹੋਰ ਵਿਗਾੜਨ ਵਾਲੀ ਕਿਸੇ ਵੀ ਕਾਰਵਾਈ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਿਆਂਮਾਰ ਤੋਂ ਅਤਿਵਾਦੀਆਂ ਨੂੰ ਭਾਰਤ ਦੀ ਸਰਹੱਦ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਮਨੁੱਖੀ ਤੇ ਨਸ਼ਿਆਂ ਦੀ ਤਸਕਰੀ ’ਤੇ ਵੀ ਚਿੰਤਾ ਜ਼ਾਹਰ ਕਰਦਿਆਂ ਤਸਕਰੀ ਪੀੜਤਾਂ ਦੀ ਛੇਤੀ ਵਾਪਸੀ ਲਈ ਸਬੰਧਤ ਧਿਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਜੈਸ਼ੰਕਰ ਨੇ ਕਿਹਾ ਕਿ ਗੁਆਂਢੀ ਹੋਣ ਦੇ ਨਾਤੇ ਭਾਰਤ ਮਿਆਂਮਾਰ ’ਚ ਲੋਕਾਂ ਦੀ ਸਥਿਤੀ ਨੂੰ ਲੈ ਕੇ ਫਿਕਰਮੰਦ ਹੈ ਅਤੇ ਡੈਮੋਕ੍ਰੈਟਿਕ ਟਰਾਂਜ਼ਿਟ ਅਮਲ ਦੀ ਹਮਾਇਤ ਕਰਦਾ ਹੈ। ਉਨ੍ਹਾਂ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਸੇ ਦੌਰਾਨ ਥਾਨ ਸਵੇ ਨਾਲ ਵੱਖ-ਵੱਖ ਪ੍ਰਾਜੈਕਟਾਂ, ਖਾਸਕਰ ਭਾਰਤ-ਮਿਆਂਮਾਰ-ਥਾਈਲੈਂਡ ਤਿੰਨ-ਪੱਖੀ ਹਾਈਵੇਅ ਪ੍ਰਾਜੈਕਟ ਦੇ ਕੰਮ ’ਚ ਤੇਜ਼ੀ ਲਿਆਉਣ ਬਾਰੇ ਵੀ ਚਰਚਾ ਕੀਤੀ। ਮੀਕੌਂਗ ਗੰਗਾ ਸਹਿਯੋਗ (ਐੱਮਜੀਸੀ) ਪ੍ਰਣਾਲੀ ਦੀ ਮੀਟਿੰਗ ਮਗਰੋਂ ਜੈਸ਼ੰਕਰ ਨੇ ਟਵੀਟ ਕੀਤਾ, ‘‘ਸਾਡੀ ਗੱਲਬਾਤ ਸੰਪਰਕ ਤਰਜੀਹਾਂ ’ਤੇ ਕੇਂਦਰਤ ਰਹੀ, ਜਿਸ ਦਾ ਵੱਡਾ ਖੇਤਰੀ ਮਹੱਤਵ ਹੈ। ਵਿਸ਼ੇਸ਼ ਤੌਰ ’ਤੇ ਭਾਰਤ-ਮਿਆਂਮਾਰ-ਥਾਈਲੈਂਡ ਤਿੰਨ-ਪੱਖੀ ਰਾਜਮਾਰਗ ਯੋਜਨਾ ਸਣੇ ਹੋਰ ਪ੍ਰਾਜੈਕਟਾਂ ਦਾ ਕੰਮ ਤੇਜ਼ੀ ਨਾਲ ਨਬਿੇੜਨ ਦੀ ਲੋੜ ’ਤੇ ਜ਼ੋਰ ਦਿੱਤਾ, ਜਨਿ੍ਹਾਂ ਨੂੰ ਅਤੀਤ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ।’’ ਜੈਸ਼ੰਕਰ ਨੇ ਸ਼ਨਿਚਰਵਾਰ ਨੂੰ ਕਿਹਾ ਸੀ ਕਿ ਮਿਆਂਮਾਰ ਦੀ ਸਥਿਤੀ ਕਾਰਨ ਭਾਰਤ-ਮਿਆਂਮਾਰ-ਥਾਈਲੈਂਡ ਤਿੰਨ-ਪੱਖੀ ਹਾਈਵੇਅ ਇੱਕ ਬਹੁਤ ਮੁਸ਼ਕਲ ਪ੍ਰਾਜੈਕਟ ਰਿਹਾ ਹੈ ਅਤੇ ਇਸ ਨੂੰ ਮੁੜ ਸ਼ੁਰੂ ਕਰਨ ਦੇ ਤਰੀਕੇ ਲੱਭਣਾ ਸਰਕਾਰ ਦੀ ਤਰਜੀਹ ਹੈ। ਭਾਰਤ, ਥਾਈਲੈਂਡ ਅਤੇ ਮਿਆਂਮਾਰ ਲਗਪਗ 1400 ਕਿਲੋਮੀਟਰ ਲੰਮੇ ਹਾਈਵੇਅ ਪ੍ਰਾਜੈਕਟ ’ਤੇ ਕੰਮ ਕਰ ਰਹੇ ਹਨ। -ਪੀਟੀਆਈ