ਮੈਡੀਕਲ ਕਾਲਜਾਂ ਤੇ ਹਸਪਤਾਲਾਂ ਨੂੰ ਪੀਜੀਆਈ ਦੇ ਹਾਣ ਦਾ ਬਣਾਵਾਂਗੇ: ਮੰਤਰੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਅਕਤੂਬਰ
ਸਿਹਤ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਗੌਰਮਿੰਟ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ਦਾ ਦੌਰਾ ਕੀਤਾ। ਉਨ੍ਹਾਂ ਸਮੂਹ ਵਿਭਾਗੀ ਮੁਖੀਆਂ ਨੂੰ ਵਿਜ਼ਨ ਦਸਤਾਵੇਜ਼ ਤਿਆਰ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਹੁਣ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਨੂੰ ਪੀਜੀਆਈ ਦੇ ਮਿਆਰ ਦੀਆਂ ਸੰਸਥਾਵਾਂ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਖ-ਵਖ ਵਿਭਾਗਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੇ ਟੈਸਟ ਕਿਸੇ ਬਾਹਰਲੀ ਲੈਬਾਰਟਰੀ ’ਚ ਨਹੀਂ ਜਾਣੇ ਚਾਹੀਦੇ ਅਤੇ ਨਾ ਹੀ ਕੋਈ ਦਵਾਈ ਬਾਹਰੋਂ ਲੈਣ ਲਈ ਲਿਖਿਆ ਜਾਵੇ। ਮੈਡੀਕਲ ਕਾਲਜ ’ਚ ਪੀਜੀਆਈ ਦੀ ਤਰਜ਼ ’ਤੇ ਨਵੇਂ ਕੋਰਸ ਸ਼ੁੁਰੂ ਕਰਨ ਸਮੇਤ ਫੈਕਲਟੀ ਤੇ ਖੋਜਾਰਥੀ ਡਾਕਟਰਾਂ ਵੱਲੋਂ ਸਮਾਜ ਦੀ ਭਲਾਈ ਲਈ ਖੋਜ ਕਾਰਜ ਕਰਨ ’ਤੇ ਜ਼ੋਰ ਦਿੰਦਿਆਂ ਮੰਤਰੀ ਨੇ ਅਧਿਕਾਰੀਆਂ ਤੇ ਵਿਭਾਗੀ ਮੁਖੀਆਂ ਨੂੰ ਵੀ ਨਿਰਦੇਸ਼ ਦਿੱਤੇ।
ਉਨ੍ਹਾਂ ਔਰਤਾਂ ਤੇ ਲੜਕੀਆਂ ’ਚ ਪੀਸੀਓਡੀ, ਲੇਬਰ ਰੂਮ ’ਚ ਹਵਾ ਦੀ ਗੁਣਵੱਤਾ ਦੀ ਟੈਸਟਿੰਗ, ਨੌਜਵਾਨਾਂ ’ਚ ਨਸ਼ਿਆਂ ਤੇ ਆਤਮ ਹੱਤਿਆ ਦੇ ਰੁਝਾਨ, ਪ੍ਰਦੂਸ਼ਿਤ ਹਵਾ ਨਾਲ ਹੋਣ ਵਾਲੀਆਂ ਬਿਮਾਰੀਆਂ, ਕੈਂਸਰ, ਦਿਲ ਦੇ ਰੋਗ, ਮਾਨਸਿਕ ਦਬਾਅ, ਦਵਾਈਆਂ ਦੇ ਬੁਰੇ ਪ੍ਰਭਾਵ, ਨਵ ਜਨਮੇ ਬੱਚਿਆਂ ਦੇ ਕੌਰਡ ਬਲੱਡ ਤੇ ਮਾਵਾਂ ਦੇ ਦੁੱਧ ’ਚ ਕੈਮੀਕਲਾਂ ਦੇ ਪ੍ਰਭਾਵ ਦੇ ਟੈਸਟ, ਪਿੰਡਾਂ ਤੇ ਸ਼ਹਿਰਾਂ ’ਚ ਲੋਕਾਂ ਦੀ ਸਿਹਤ ਨੂੰ ਦਰਪੇਸ਼ ਚੁਣੌਤੀਆਂ ਤੇ ਦੇਸ਼-ਦੁਨੀਆਂ ’ਚ ਹੋ ਰਹੀਆਂ ਨਵੀਆਂ ਖੋਜਾਂ ਆਦਿ ਵਿਸ਼ਿਆਂ ਉਪਰ ਵੀ ਨਿੱਠਕੇ ਕੰਮ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਪੈਥਾਲੋਜੀ ਲੈਬ ਰੈਫਰੈਂਸ ਲੈਬ ਬਣੇਗੀ ਤੇ ਪੀਡੀਆਟ੍ਰਿਕਸ ਵਿਭਾਗ ’ਚ ਐਡਵਾਂਸ ਪੀਡੀਆਟ੍ਰਿਕਸ ਸੈਂਟਰ ਬਣਾਉਣ ਦੀ ਵੀ ਤਜਵੀਜ਼ ਹੈ। ਅਧਿਆਪਕਾਂ ਦੀਆਂ ਤਰੱਕੀਆਂ, ਡਾਕਟਰਾਂ ਸਮੇਤ ਪੈਰਾਮੈਡਿਕਸ ਦੀਆਂ ਖਾਲੀ ਅਸਾਮੀਆਂ ਭਰਨ ਲਈ ਕੋਈ ਦੇਰੀ ਨਾ ਕਰਨ ’ਤੇ ਵੀ ਜ਼ੋਰ ਦਿੱਤਾ।