ਪੰਜਾਬ ’ਚ ਭਾਜਪਾ ਨੂੰ ਇਕਲੌਤਾ ਬਦਲ ਬਣਾਵਾਂਗੇ: ਜਾਖੜ
* ਅਕਾਲੀ ਦਲ ਨਾਲ ਗੱਠਜੋੜ ਬਾਰੇ ਟਿੱਪਣੀ ਤੋਂ ਕੀਤਾ ਗੁਰੇਜ਼
ਸੁੰਦਰ ਨਾਥ ਆਰੀਆ
ਅਬੋਹਰ/ਨਵੀਂ ਦਿੱਲੀ, 5 ਜੁਲਾਈ
ਪੰਜਾਬ ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਿਹਾ ਕਿ ਲੋਕਤੰਤਰ ਵਿੱਚ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਅਤੇ ਪਾਰਟੀ ਨੂੰ ਸੂਬੇ ਦੇ ਸਾਰੇ 13 ਲੋਕ ਸਭਾ ਅਤੇ 117 ਵਿਧਾਨ ਸਭਾ ਹਲਕਿਆਂ ਵਿੱਚ ਇਕਲੌਤੇ ਬਦਲ ਵਜੋਂ ਸਥਾਪਤ ਕਰਨ ’ਤੇ ਉਨ੍ਹਾਂ ਦਾ ਮੁੱਖ ਜ਼ੋਰ ਰਹੇਗਾ। ਨਵੀਂ ਦਿੱਲੀ ਵਿੱਚ ਪਾਰਟੀ ਹੈੱਡਕੁਆਰਟਰ ਵਿੱਚ ਭਾਜਪਾ ਪ੍ਰਧਾਨ ਜੇਪੀ ਨੱਢਾ ਨਾਲ ਧੰਨਵਾਦੀ ਮੀਟਿੰਗ ਮਗਰੋਂ ਸ੍ਰੀ ਜਾਖੜ ਨੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਸਤੰਬਰ 2020 ਵਿੱਚ ਐੱਨਡੀਏ ਨੂੰ ਛੱਡਣ ਵਾਲੇ ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਗੱਠਜੋੜ ਦੀਆਂ ਸੰਭਾਵਨਾਵਾਂ ਬਾਰੇ ਕੋਈ ਸਿੱਧੀ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ। ੳੁਨ੍ਹਾਂ ਕਿਹਾ, ‘‘ਪੰਜਾਬ ਵਿੱਚ ਕਿਸੇ ਵੀ ਗੱਠਜੋੜ ਬਾਰੇ ਫ਼ੈਸਲਾ ਹਾਈਕਮਾਂਡ ਨੇ ਕਰਨਾ ਹੈ। ਮੇਰੀ ਜ਼ਿੰਮੇਵਾਰੀ ਭਾਜਪਾ ਨੂੰ 117 ਸੀਟਾਂ ’ਤੇ ਮਜ਼ਬੂਤ ਕਰਨਾ ਹੈ। ਮੈਂ ਪੰਜਾਬ ਵਿੱਚ ਭਾਜਪਾ ਨੂੰ ਮਜ਼ਬੂਤ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹਾਂ।’’ ਕਾਂਗਰਸ ਦੇ ਗੱਠਜੋੜ ਬਾਰੇ ਬਿਆਨ ’ਤੇ ਸ੍ਰੀ ਜਾਖੜ ਨੇ ਕਿਹਾ ਕਿ ਉਸ ਨੂੰ ਤਾਂ ਆਪਣੇ ਗੱਠਜੋੜ ਬਾਰੇ ਪਤਾ ਨਹੀਂ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਭਾਜਪਾ ਹਾਈਕਮਾਂਡ ਵਿਚਾਲੇ ਗੱਠਜੋੜ ਦੀ ਚਰਚਾ ਚੱਲ ਰਹੀ ਹੈ। ਪੰਜਾਬ ਵਿੱਚ ਕਰੀਬ ਦੋ ਸਾਲਾਂ ਬਾਅਦ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗੱਠਜੋੜ ਹੋ ਸਕਦਾ ਹੈ। ਕੌਮੀ ਰਾਜਧਾਨੀ ਵਿੱਚ ਜੇਪੀ ਨੱਢਾ ਨੂੰ ਮਿਲਣ ਮਗਰੋਂ ਜਾਖੜ ਨੇ ਦਾਅਵਾ ਕੀਤਾ, ‘‘ਕਰਜ਼ੇ ਦੇ ਵਧਦੇ ਬੋਝ ਅਤੇ ਨਿਘਰਦੀ ਅਮਨ-ਕਾਨੂੰਨ ਦੀ ਹਾਲਤ ਕਾਰਨ ਪੰਜਾਬ ਅੱਜ ਬਹੁਤ ਹੀ ਤਰਸਯੋਗ ਹਾਲਤ ਵਿੱਚ ਹੈ।’’ ਉਨ੍ਹਾਂ ਦੋਸ਼ ਲਾਇਆ ਕਿ ਪੂਰੇ ਪੰਜਾਬ ਵਿੱਚ ਡਰ ਦਾ ਮਾਹੌਲ ਹੈ ਅਤੇ ਸੂਬੇ ਵਿੱਚ ਕੋਈ ਵੀ ਵਿਅਕਤੀ ਸੁਰੱਖਿਅਤ ਮਹਿਸੂਸ ਨਹੀਂ ਕਰਦਾ। ਪਿਛਲੇ ਸਾਲ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਜਾਖੜ ਨੇ ਕਿਹਾ, ‘‘ਆਮ ਆਦਮੀ ਪਾਰਟੀ ਨੂੰ ਫਤਵਾ ਦੇਣ ਵਾਲੇ ਲੋਕ ਅੱਜ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।’’ ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਭਾਜਪਾ ਹੀ ਪੰਜਾਬ ਵਿੱਚ ਇਕਲੌਤਾ ‘ਭਰੋਸੇਯੋਗ ਬਦਲ’ ਹੈ ਕਿਉਂਕਿ ਕਾਂਗਰਸ ਸਮੇਤ ਹੋਰ ਕਿਸੇ ਵਿਰੋਧੀ ਧਿਰ ਕੋਲ ਲੋਕਾਂ ਦੀ ਆਵਾਜ਼ ਚੁੱਕਣ ਦੀ ਨਾ ਤਾਂ ‘ਸਮਰੱਥਾ’ ਹੈ ਅਤੇ ਨਾ ਹੀ ‘ਆਤਮਵਿਸ਼ਵਾਸ’ ਹੈ। ਜਾਖੜ ਨੇ ਦੋਸ਼ ਲਾਇਆ, ‘‘ਅਖੌਤੀ ਮਾਨਤਾ ਪ੍ਰਾਪਤ ਵਿਰੋਧੀ ਧਿਰ ਕਾਂਗਰਸ ‘ਆਪ’ ਸਰਕਾਰ ਅੱਗੇ ਝੁਕ ਗਈ ਹੈ।’’ ਭਾਜਪਾ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ (ਕਾਂਗਰਸੀ ਆਗੂਆਂ) ਨੂੰ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨ ਦੀ ਚੁਣੌਤੀ ਦਿੰਦੇ ਹਨ, ਪਰ ਉਹ ਅਜਿਹਾ ਨਹੀਂ ਕਰ ਸਕਦੇ ਕਿਉਂਕਿ ‘ਆਪ’ ਆਗੂ ਕਹਿੰਦੇ ਹਨ ਕਿ ਉਨ੍ਹਾਂ ਕੋਲ ਹਰ ਕਿਸੇ ਦਾ ਹਿਸਾਬ ਹੈ ਅਤੇ ਉਹ ਉਨ੍ਹਾਂ ਨੂੰ ਸਲਾਖਾਂ ਪਿੱਛੇ ਸੁੱਟ ਦੇਣਗੇ। -ਪੀਟੀਆਈ
ਅੱਜ ਦਰਬਾਰ ਸਾਹਿਬ ਮੱਥਾ ਟੇਕਣਗੇ ਜਾਖੜ
ਅੰਮ੍ਰਿਤਸਰ (ਟ.ਨ.ਸ.): ਪੰਜਾਬ ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਸੁਨੀਲ ਜਾਖੜ ਭਲਕੇ 6 ਜੁਲਾਈ ਨੂੰ ਸਵੇਰੇ ਦਿੱਲੀ ਤੋਂ ਸਿੱਧੇ ਅੰਮ੍ਰਿਤਸਰ ਪਹੁੰਚ ਰਹੇ ਹਨ, ਜਿੱਥੇ ਉਹ ਸ੍ਰੀ ਦਰਬਾਰ ਸਾਹਿਬ ਸਣੇ ਹੋਰ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਣਗੇ। ਭਾਜਪਾ ਦੇ ਸੂਬਾ ਮੀਡੀਆ ਸਕੱਤਰ ਜਨਾਰਧਨ ਸ਼ਰਮਾ ਨੇ ਆਖਿਆ ਕਿ ਪੰਜਾਬ ਭਾਜਪਾ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਸੁਨੀਲ ਜਾਖੜ ਆਪਣਾ ਅਹੁਦਾ ਸੰਭਾਲਣ ਤੋਂ ਪਹਿਲਾਂ 6 ਜੁਲਾਈ ਨੂੰ ਸਵੇਰੇ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ। ਉਨ੍ਹਾਂ ਨਾਲ ਭਾਜਪਾ ਪੰਜਾਬ ਦੇ ਸੂਬਾ ਇੰਚਾਰਜ ਵਿਜੇ ਰੂਪਾਣੀ, ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਰਹਿਣਗੇ। ਉਨ੍ਹਾਂ ਦੱਸਿਆ ਕਿ ਸ੍ਰੀ ਜਾਖੜ ਸਵੇਰੇ 10 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣਗੇ। ਇਸ ਤੋਂ ਬਾਅਦ ੳੁਹ ਦੁਪਹਿਰ 12:15 ਵਜੇ ਸ੍ਰੀ ਦੁਰਗਿਆਣਾ ਮੰਦਿਰ ਅਤੇ ਦੁਪਹਿਰ 1:30 ਵਜੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕਰਨਗੇ।