For the best experience, open
https://m.punjabitribuneonline.com
on your mobile browser.
Advertisement

ਸਨੌਰ ਦੇ ਪਿੰਡਾਂ ਨੂੰ ਟਾਂਗਰੀ ਦੀ ਮਾਰ ਤੋਂ ਬਚਾਉਣ ਲਈ ਪੱਕਾ ਹੱਲ ਕਰਾਂਗੇ: ਜੌੜਾਮਾਜਰਾ

06:43 AM Aug 23, 2024 IST
ਸਨੌਰ ਦੇ ਪਿੰਡਾਂ ਨੂੰ ਟਾਂਗਰੀ ਦੀ ਮਾਰ ਤੋਂ ਬਚਾਉਣ ਲਈ ਪੱਕਾ ਹੱਲ ਕਰਾਂਗੇ  ਜੌੜਾਮਾਜਰਾ
ਕਿਸਾਨ ਆਗੂਆਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇਮਾਜਰਾ।
Advertisement

ਸੁਰਿੰਦਰ ਸਿੰਘ ਚੌਹਾਨ/ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 22 ਅਗਸਤ
ਪੰਜਾਬ ਦੇ ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਐਲਾਨ ਕੀਤਾ ਹੈ ਕਿ ਸਨੌਰ ਹਲਕੇ ਦੇ ਸੈਂਕੜੇ ਪਿੰਡਾਂ ਨੂੰ ਟਾਂਗਰੀ ਨਦੀ ਦੀ ਮਾਰ ਤੋਂ ਬਚਾਉਣ ਲਈ ਟਾਂਗਰੀ ਨਦੀ ਦੀ ਨਿਸ਼ਾਨਦੇਹੀ ਕਰਵਾ ਕੇ ਪੱਕਾ ਹੱਲ ਕੀਤਾ ਜਾਵੇਗਾ ਅਤੇ ਕਿਸਾਨਾਂ ਨੂੰ ਇਸ ਸੰਕਟ ਵਿੱਚੋਂ ਬਾਹਰ ਕੱਢਿਆ ਜਾਵੇਗਾ। ਕੈਬਨਿਟ ਮੰਤਰੀ ਜੌੜਾਮਾਜਰਾ ਅੱਜ ਦੇਵੀਗੜ੍ਹ-ਪਿਹੋਵਾ ਰੋਡ ’ਤੇ ਟਾਂਗਰੀ ਨਦੀ ਨੇੜੇ ਗੁਰਦੁਆਰਾ ਭਗਤ ਧੰਨਾ ਜੀ ਵਿਖੇ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਸਥਾਨਕ ਵਸਨੀਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਲਾਰਿਆਂ ਵਿੱਚ ਵਿਸ਼ਵਾਸ ਨਹੀਂ ਕਰਦੀ ਸਗੋਂ ਕੰਮ ਕਰ ਕੇ ਦਿਖਾਉਂਦੀ ਹੈ, ਇਸ ਲਈ ਝੋਨੇ ਦੇ ਸੀਜ਼ਨ ਤੋਂ ਤੁਰੰਤ ਬਾਅਦ ਟਾਂਗਰੀ ਨਦੀ ਦੀ ਨਿਸ਼ਾਨਦੇਹੀ ਕਰਵਾ ਕੇ ਇਸ ਦੇ ਵਿੰਗ-ਵਲ ਕੱਢ ਕੇ ਇਸ ਨੂੰ ਸਿੱਧਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਇਸ ਗੱਲੋਂ ਗੰਭੀਰ ਹਨ ਕਿ ਕਿਸਾਨਾਂ ਤੇ ਉਨ੍ਹਾਂ ਦੀਆਂ ਫਸਲਾਂ ਨੂੰ ਹੜ੍ਹਾਂ ਦੀ ਮਾਰ ਤੋਂ ਪੱਕੇ ਤੌਰ ’ਤੇ ਬਚਾਇਆ ਜਾਵੇ, ਜਿਸ ਲਈ ਜਲ ਸਰੋਤ ਵਿਭਾਗ ਨੂੰ ਟਾਂਗਰੀ ਨਦੀ ਦੇ ਸਥਾਈ ਹੱਲ ਲਈ ਤਜਵੀਜ਼ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਜੌੜਾਮਾਜਰਾ ਨੇ ਕਿਹਾ ਕਿ ਟਾਂਗਰੀ ਤੋਂ ਇਲਾਵਾ ਘੱਗਰ, ਮਾਰਕੰਡਾ ਤੇ ਹੋਰ ਨਦੀਆਂ ਦਾ ਪਾਣੀ ਮਾਰ ਪਹੁੰਚਾਉਂਦਾ ਹੈ, ਜਿਸ ਲਈ ਪੰਜਾਬ ਸਰਕਾਰ ਇਨ੍ਹਾਂ ਦੇ ਪੱਕੇ ਹੱਲ ਲਈ ਪੂਰੀ ਤਰ੍ਹਾਂ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਕਿਸਾਨਾਂ ਦੇ ਵਫ਼ਦ ਨੇ ਮਿਲ ਕੇ ਮੰਗ ਪੱਤਰ ਦਿੱਤਾ ਸੀ ਕਿ ਟਾਂਗਰੀ ਨਦੀ ਦੀ ਸਫਾਈ ਕਰਵਾਈ ਜਾਵੇ ਕਿਉਂਕਿ ਹਰਿਆਣਾ ਨੇ ਜਨਸੂਈ ਹੈੱਡ ਤੋਂ ਹੋਰ ਨਦੀਆਂ ਦਾ ਪਾਣੀ ਐੱਸਵਾਈਐੱਲ ਵਿੱਚ ਪਾ ਕੇ ਟਾਂਗਰੀ ਨਦੀ ਵਿੱਚ ਪਾਉਣ ਦਾ ਪ੍ਰਾਜੈਕਟ ਉਲੀਕਿਆ ਹੈ, ਜਿਸ ਕਰ ਕੇ ਟਾਂਗਰੀ ਨਦੀ ਆਉਂਦੇ ਸਮੇਂ ਵਿੱਚ ਹੋਰ ਵੱਡਾ ਨੁਕਸਾਨ ਕਰੇਗੀ। ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਜ਼ਮੀਨ ਗ੍ਰਹਿਣ ਕਰ ਕੇ ਟਾਂਗਰੀ ਨੂੰ ਸਿੱਧਾ ਕੀਤਾ ਕੀਤਾ ਜਾਵੇਗਾ। ਜੌੜਾਮਾਜਰਾ ਨੇ ਅਧਿਕਾਰੀਆਂ ਨਾਲ ਬੈਠਕ ਕੀਤੀ ਤੇ ਟਾਂਗਰੀ ਦੇ ਪੱਕੇ ਹੱਲ ਲਈ ਚਰਚਾ ਕੀਤੀ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਝੋਨੇ ਦੀ ਕਟਾਈ ਉਪਰੰਤ ਇਸ ਦੀ ਨਿਸ਼ਾਨਦੇਹੀ ਕਰ ਕੇ ਨਦੀ ਦੀ ਲਾਈਨਿੰਗ ਤੇ ਪੁਟਾਈ ਕੀਤੀ ਜਾਵੇ। ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਦੇ ਵੀ ਸਨੌਰ ਹਲਕੇ ਦੇ ਦਹਾਕਿਆਂ ਪੁਰਾਣੇ ਮਸਲੇ ਵੱਲ ਧਿਆਨ ਨਹੀਂ ਦਿੱਤਾ।

Advertisement

Advertisement
Advertisement
Author Image

sukhwinder singh

View all posts

Advertisement