ਵਪਾਰੀਆਂ ਨੂੰ ਸਹੂਲਤਾਂ ਦੇਣ ’ਚ ਕੋਈ ਕਸਰ ਨਹੀਂ ਛੱਡਾਂਗੇ: ਮਾਨ
ਐਨਪੀ. ਧਵਨ/ਸਰਬਜੀਤ ਸਾਗਰ
ਪਠਾਨਕੋਟ/ਦੀਨਾਨਗਰ, 25 ਫਰਵਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਕੀਤੀ ਗਈ ਦੂਜੀ ਸਰਕਾਰ-ਵਪਾਰ ਮਿਲਣੀ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਰਹੱਦੀ ਕਸਬੇ ਨੂੰ ਵਿਸ਼ੇਸ਼ ਉਦਯੋਗਿਕ ਅਤੇ ਵਪਾਰਕ ਪੈਕੇਜ ਦੇਣ ਦੀ ਸੰਭਾਵਨਾ ਤਲਾਸ਼ੇਗੀ। ਉਨ੍ਹਾਂ ਕਿਹਾ ਕਿ ਉਹ ਪਠਾਨਕੋਟ ਹਵਾਈ ਅੱਡੇ ਤੋਂ ਦਿੱਲੀ ਲਈ ਉਡਾਣਾਂ ਸ਼ੁਰੂ ਕਰਨ ਦਾ ਮੁੱਦਾ ਨਿੱਜੀ ਤੌਰ ’ਤੇ ਭਾਰਤ ਸਰਕਾਰ ਕੋਲ ਉਠਾਉਣਗੇ। ਜਦ ਕਿ ਇਸ ਖੇਤਰ ਵਿੱਚ ਸੈਰ-ਸਪਾਟਾ ਸਨਅਤ ਨੂੰ ਹੁਲਾਰਾ ਦੇਣ ਲਈ ਪਹਿਲਾਂ ਹੀ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ, ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਮੁੱਖ ਸਕੱਤਰ ਅਨੁਰਾਗ ਵਰਮਾ, ਡਿਪਟੀ ਕਮਿਸ਼ਨਰ ਅਦਿੱਤਿਆ ਉਪਲ, ਜ਼ਿਲ੍ਹਾ ਪ੍ਰਧਾਨ ਠਾਕੁਰ ਅਮਿਤ ਸਿੰਘ ਮੰਟੂ, ਚੇਅਰਮੈਨ ਪੀਟੀਡੀਸੀ ਵਿਭੂਤੀ ਸ਼ਰਮਾ, ਜ਼ਿਲ੍ਹਾ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਗੁਪਤਾ, ਵਪਾਰ ਮੰਡਲ ਦੇ ਆਗੂ ਐਲਆਰ ਸੋਢੀ, ਸੁਨੀਲ ਮਹਾਜਨ, ਮਨਿੰਦਰ ਸਿੰਘ ਲੱਕੀ, ਅਨਿਲ ਤ੍ਰੇਹਨ ਅਤੇ ਹੋਰ ਅਧਿਕਾਰੀ ਤੇ ਆਗੂ ਹਾਜ਼ਰ ਸਨ।
ਮੁੱਖ ਮੰਤਰੀ ਨੇ ਭਾਜਪਾ ਆਗੂ ਅਤੇ ਸਥਾਨਕ ਸੰਸਦ ਮੈਂਬਰ ਸਨੀ ਦਿਓਲ ਉਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇੱਥੋਂ ਚੁਣੇ ਜਾਣ ਦੇ ਬਾਵਜੂਦ ਉਹ ਪਠਾਨਕੋਟ ਦੀ ਭੂਗੋਲਿਕਤਾ ਤੋਂ ਅਣਜਾਣ ਹਨ ਅਤੇ ਉਹ ਸ਼ਰਤ ਲਾ ਸਕਦੇ ਹਨ ਕਿ ਸਨੀ ਦਿਓਲ ਨੂੰ ਇਹ ਪਤਾ ਨਹੀਂ ਹੋਣਾ ਕਿ ਪਠਾਨਕੋਟ ਜ਼ਿਲ੍ਹੇ ਵਿੱਚ ਧਾਰ ਕਲਾਂ ਜਾਂ ਚਮਰੌੜ ਕਿੱਥੇ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ ਦੇ ਲੋਕਾਂ ਨੇ ਇਸ ਬੌਲੀਵੁੱਡ ਸਟਾਰ ਨੂੰ ਚੁਣ ਕੇ ਗਲਤੀ ਕੀਤੀ ਹੈ ਜਿਸ ਦਾ ਲੋਕਾਂ ਅਤੇ ਇਲਾਕੇ ਨਾਲ ਕੋਈ ਸਬੰਧ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਰਕਾਰ-ਵਪਾਰ ਮਿਲਣੀਆਂ ਦਾ ਉਦੇਸ਼ ਸੂਬੇ ਵਿੱਚ ਵਪਾਰੀ ਭਾਈਚਾਰੇ ਨੂੰ ਦਰਪੇਸ਼ ਸਾਰੇ ਮੁੱਦਿਆਂ ਨੂੰ ਹੱਲ ਕਰਨਾ ਹੈ। ਉਨ੍ਹਾਂ ਕਿਹਾ ਕਿ ਵਪਾਰੀ ਸੂਬੇ ਦੀ ਤਰੱਕੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ, ਜਿਸ ਕਾਰਨ ਸੂਬਾ ਸਰਕਾਰ ਨੇ ਵਪਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਇਹ ਇਤਿਹਾਸਕ ਪਹਿਲਕਦਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਵਪਾਰੀਆਂ ਦੀ ਸਹੂਲਤ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਸਾਫ ਕਿਹਾ ਕਿ ਵਪਾਰੀਆਂ ਵੱਲੋਂ ਸੂਬੇ ਨੂੰ ਟੈਕਸ ਵਜੋਂ ਦਿੱਤੇ ਪੈਸੇ ਦੀ ਲੋਕਾਂ ਦੀ ਭਲਾਈ ਲਈ ਯੋਗ ਵਰਤੋਂ ਕੀਤੀ ਜਾਵੇਗੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ‘ਪੰਜਾਬ ਬਚਾਓ ਯਾਤਰਾ’ ਨੂੰ ਡਰਾਮੇਬਾਜ਼ੀ ਕਰਾਰ ਦਿੰਦਿਆਂ ਅਕਾਲੀ ਆਗੂਆਂ ਨੂੰ ਸੁਆਲ ਕੀਤਾ ਕਿ 15 ਸਾਲ ਸੂਬੇ ਦੀ ਅੰਨ੍ਹੀ ਲੁੱਟ ਕਰਨ ਤੋਂ ਬਾਅਦ ਉਹ ਹੁਣ ਕਿਸ ਤੋਂ ਸੂਬੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਸੂਬੇ ਨੂੰ ਬਰਬਾਦ ਕਰਨ ਲਈ ਵਿਰੋਧੀ ਧਿਰ ਦੇ ਆਗੂਆਂ ਸੁਖਬੀਰ ਸਿੰਘ ਬਾਦਲ, ਪ੍ਰਤਾਪ ਬਾਜਵਾ, ਬਿਕਰਮ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਕਾਨਵੈਂਟ ਸਕੂਲਾਂ ਦੇ ਪੜ੍ਹੇ-ਲਿਖੇ ਇਹ ਆਗੂ ਪੰਜਾਬੀ ਮਾਂ-ਬੋਲੀ ਦਾ ਉਚਾਰਣ ਤੱਕ ਸਹੀ ਤਰੀਕੇ ਨਾਲ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਅੰਦਰ ਹੁਣ 90 ਫ਼ੀਸਦੀ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ ਅਤੇ 40 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਲੋਕਾਂ ਨੂੰ ਸਿਹਤ ਅਤੇ ਸਿੱਖਿਆ ਦੀਆਂ ਮਿਆਰੀ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਦੌਰਾਨ ‘ਆਪ’ ਆਗੂਆਂ ਵੱਲੋਂ ਮੁੱਖ ਮੰਤਰੀ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
‘ਮੈਂ ਕੰਮ ਦੀ ਸਿਆਸਤ ਕਰਨ ’ਚ ਯਕੀਨ ਰੱਖਦਾ ਹਾਂ’
ਮੁੱਖ ਮੰਤਰੀ ਨੇ ਕਿਹਾ ਕਿ ਉਹ ਦੂਸ਼ਣਬਾਜ਼ੀ ਦੀ ਬਜਾਏ ‘ਕੰਮ ਦੀ ਸਿਆਸਤ’ ਕਰਨ ’ਚ ਯਕੀਨ ਰੱਖਦੇ ਹਨ। ਉਨ੍ਹਾਂ ਸਰਹੱਦੀ ਲੋਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਅਸਲ ਦੇਸ਼ ਭਗਤ ਹਨ ਜੋ ਦੇਸ਼ ਦੇ ਦੁਸ਼ਮਣਾਂ ਦਾ ਡੱਟ ਕੇ ਮੁਕਾਬਲਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਇਸ ਕਸਬੇ ਵਿੱਚ ਅੱਤਿਵਾਦੀ ਹਮਲਾ ਹੋਇਆ ਸੀ ਤਾਂ ਬਤੌਰ ਸੰਸਦ ਮੈਂਬਰ ਉਨ੍ਹਾਂ ਭਾਰਤ ਸਰਕਾਰ ਵੱਲੋਂ ਪੈਰਾ ਮਿਲਟਰੀ ਫੋਰਸ ਲਈ 7.5 ਕਰੋੜ ਰੁਪਏ ਦੀ ਮੰਗ ਕਰਨ ਦੇ ਕਦਮ ਦੀ ਜ਼ੋਰਦਾਰ ਮੁਖਾਲਫ਼ਤ ਕੀਤੀ ਸੀ ਅਤੇ ਕੇਂਦਰ ਸਰਕਾਰ ਨੂੰ ਇਹ ਰਕਮ ਉਨ੍ਹਾਂ ਦੇ ਐਮਪੀ ਐਲਏਡੀ ਫੰਡ ਵਿੱਚੋਂ ਕੱਟਣ ਲਈ ਕਿਹਾ ਸੀ ਜਿਸ ਤੋਂ ਬਾਅਦ ਸਰਕਾਰ ਨੇ ਆਪਣਾ ਫ਼ੈਸਲਾ ਵਾਪਸ ਲੈ ਲਿਆ। ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਫ਼ੌਜ ਨੂੰ ਕਿਰਾਏ ’ਤੇ ਅਜਿਹੇ ਸੂਬੇ ’ਚ ਭੇਜਿਆ ਜਾ ਰਿਹਾ ਹੈ ਜੋ ਦੇਸ਼ ’ਚ ਸਭ ਤੋਂ ਵੱਧ ਸੈਨਿਕ ਪੈਦਾ ਕਰਦਾ ਹੈ।
ਡੇਢ ਸਾਲ ’ਚ ਪੰਜ ਲੱਖ ਕਰੋੜ ਦੀ ਸਨਅਤ ਪੰਜਾਬ ਤੋਂ ਹਿਜਰਤ ਕਰ ਗਈ: ਹਰਸਿਮਰਤ
ਲੰਬੀ (ਇਕਬਾਲ ਸਿੰਘ ਸ਼ਾਂਤ): ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਇਥੇ ਦੋਸ਼ ਲਾਇਆ ਕਿ ਪਿਛਲੇ ਡੇਢ ਸਾਲ ‘ਚ ਪੰਜ ਲੱਖ ਕਰੋੜ ਰੁਪਏ ਦੀ ਸਨਅਤ ਪੰਜਾਬ ਤੋਂ ਦੂਜੇ ਸੂਬਿਆਂ ‘ਚ ਪਲਾਇਨ ਕਰ ਗਈ ਹੈ, ਜਿਸ ਤੋਂ ਸੂਬਾ ਸਰਕਾਰ ਦੀ ਨਾਕਾਮੀ ਜ਼ਾਹਰ ਹੁੰਦੀ ਹੈ। ਉਨ੍ਹਾਂ ਇਹ ਗੱਲ ਇਥੇ ਦਸਮੇਸ਼ ਗਰਲਜ ਕਾਲਜ ਬਾਦਲ ਵਿਖੇ ਅੱਜ ਡਿਗਰੀ ਵੰਡ ਸਮਾਗਮ ਦੌਰਾਨ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਆਖੀ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਸਰਕਾਰ ਸਮੇਂ ਸੂਬੇ ‘ਚ ਸਨਅਤਾਂ ਨੂੰ ਹੁਲਾਰਾ ਮਿਲਿਆ ਸੀ। ਉਨ੍ਹਾਂ ਆਖਿਆ ਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਭਾਰੂ ਹੋ ਗਿਆ ਹੈ। ਪੇਡ ਟੀਮਾਂ ਜ਼ਰੀਏ ਮਨਮਰਜ਼ੀ ਨਾਲ ਭੰਡੀ-ਪ੍ਰਚਾਰ ਕਰਕੇ ਝੂਠ ਨੂੰ ਸੱਚ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਦੇ ਭੁਲੇਖੇ ਅਸੀਂ ਸੌ ਵਾਰ ਬੋਲੇ ਗਏ ਝੂਠ ਨੂੰ ਵੀ ਸੱਚ ਸਮਝਣ ਲੱਗਦੇ ਹਾਂ।