ਬੋਰਡ ਨੂੰ ਦੇਸ਼ ਦਾ ਨੰਬਰ ਇਕ ਅਦਾਰਾ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡਾਂਗੇ: ਡਾ. ਬੇਦੀ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 16 ਨਵੰਬਰ
ਪੰਜਾਬ ਸਕੂਲ ਸਿੱਖਿਆ ਬੋਰਡ ਸੇਵਾਮੁਕਤ ਆਫ਼ੀਸਰਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਅੱਜ ਬੋਰਡ ਦੇ ਆਡੀਟੋਰੀਅਮ ਵਿੱਚ ਕਰਵਾਇਆ ਗਿਆ ਪਲੇਠਾ ਮੇਲ-ਜੋਲ ਸਮਾਰੋਹ ਯਾਦਗਾਰੀ ਹੋ ਨਿੱਬੜਿਆ। ਇਸ ਦੌਰਾਨ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ. ਸਤਬੀਰ ਬੇਦੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਬੋਰਡ ਦੇ ਸੇਵਾਮੁਕਤ ਅਧਿਕਾਰੀ ਇੱਕ-ਦੂਜੇ ਨੂੰ ਮਿਲ ਕੇ ਬੇਹੱਦ ਖੁਸ਼ ਨਜ਼ਰ ਆਏ।
ਸਮਾਗਮ ਦੀ ਕਾਰਵਾਈ ਕਰਮਚਾਰੀ ਐਸੋਸੀਏਸ਼ਨ ਸੰਸਥਾਪਕ ਹਰਬੰਸ ਸਿੰਘ ਬਾਗੜੀ ਨੇ ਚਲਾਈ। ਪ੍ਰੋਗਰਾਮ ਦਾ ਆਗਾਜ਼ ਨੌਜਵਾਨ ਗਾਇਕ ਮਲਕੀਤ ਸਿੰਘ ਮੰਗਾ ਅਤੇ ਨਿੰਦਰ ਸਿੰਘ ਦੇ ਧਾਰਮਿਕ ਗੀਤ ਨਾਲ ਹੋਇਆ। ਐਸੋਸੀਏਸ਼ਨ ਦੇ ਪ੍ਰੈੱਸ ਸਕੱਤਰ ਗੁਰਮੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਮੌਕੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਅਤੇ ਜਥੇਬੰਦੀ ਦੇ ਆਗੂਆਂ ਦਾ ਸਨਮਾਨ ਕੀਤਾ ਗਿਆ। ਬੋਰਡ ਦੇ ਮੁਖੀ ਡਾ. ਸਤਬੀਰ ਬੇਦੀ ਨੇ ਸੇਵਾਮੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪਲੇਠੇ ਸਮਾਗਮ ਦੀ ਵਧਾਈ ਦਿੰਦਿਆਂ ਕਿਹਾ ਕਿ ਉਹ ਪੰਜਾਬ ਬੋਰਡ ਨੂੰ ਹਰ ਪੱਖੋਂ ਦੇਸ਼ ਦਾ ਨੰਬਰ ਇਕ ਅਦਾਰਾ ਬਣਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਸਿੱਖਿਆ ਬੋਰਡ ਦੇ ਆਦਰਸ਼ ਸਕੂਲਾਂ ਨੂੰ ਬੁਨਿਆਦੀ ਢਾਂਚੇ ਪੱਖੋਂ ਮਾਡਲ ਬਣਾਇਆ ਜਾਵੇਗਾ। ਉਨ੍ਹਾਂ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਵਿਸ਼ੇਸ਼ ਸਿਖਲਾਈ ਦਿਵਾਉਣ ਲਈ ਵਿਦੇਸ਼ ਭੇਜਣ ਦੀ ਗੱਲ ਵੀ ਕਹੀ।
ਇਸ ਤੋਂ ਪਹਿਲਾਂ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਮਾਨ ਨੇ ਬੋਰਡ ਮੁਖੀ ਦਾ ਸਵਾਗਤ ਕਰਦਿਆਂ ਕਿਹਾ ਕਿ ਸੇਵਾਮੁਕਤ ਅਧਿਕਾਰੀਆਂ ਦੀ ਮੁੱਖ ਲੋੜ ਪੈਨਸ਼ਨ ਹੈ। ਇਸ ਮੌਕੇ ਬੋਰਡ ਮੁਖੀ ਡਾ. ਸਤਬੀਰ ਬੇਦੀ, ਉਪ ਸਕੱਤਰ ਗੁਰਤੇਜ ਸਿੰਘ, ਸਾਬਕਾ ਸਕੱਤਰ ਜਗਜੀਤ ਸਿੰਘ ਸਿੱਧੂ, ਉਪ ਸਕੱਤਰ ਚੌਧਰੀ ਦਲੀਪ ਚੰਦ, ਉਪ ਸਕੱਤਰ ਰੌਣਕ ਲਾਲ ਅਰੋੜਾ ਸਮੇਤ ਕਰਮਚਾਰੀ ਜਥੇਬੰਦੀ ਦੇ ਲੰਬਾ ਸਮਾਂ ਪ੍ਰਧਾਨ ਰਹੇ ਗੁਰਦੀਪ ਸਿੰਘ ਢਿੱਲੋਂ ਅਤੇ ਐਸੋਸੀਏਸ਼ਨ ਦੇ ਸੰਸਥਾਪਕ ਹਰਬੰਸ ਸਿੰਘ ਬਾਗੜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਊਸ਼ਾ ਸ਼ਰਮਾ ਨੂੰ ਕੌਮਾਂਤਰੀ ਪੱਧਰ ’ਤੇ ਸੇਵਾਮੁਕਤੀ ਤੋਂ ਬਾਅਦ ਅਥਲੈਟਿਕ 100 ਮੀਟਰ, ਸ਼ਾਟਪੁੱਟ ਵਿੱਚ 20 ਸੋਨ ਤਗ਼ਮੇ ਜਿੱਤ ਕੇ ਬੋਰਡ ਦਾ ਨਾਂ ਉੱਚਾ ਕਰਨ ’ਤੇ ਵਧਾਈ ਦਿੰਦਿਆਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਪੈਨਸ਼ਨਰ ਐਸੋਸੀਏਸ਼ਨ ਤਾਲਮੇਲ ਕਮੇਟੀ ਦੇ ਕੋਆਰਡੀਨੇਟਰ ਕਰਮ ਸਿੰਘ ਧਨੋਆ ਨੇ ਪੰਜਾਬ ਸਰਕਾਰ ਨਾਲ ਚੱਲ ਰਹੀ ਗੱਲਬਾਤ ਅਤੇ ਉਨ੍ਹਾਂ ਦੀਆਂ ਮੰਗਾਂ ਬਾਰੇ ਜਾਣਕਾਰੀ ਦਿੱਤੀ। ਵੈੱਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਬੰਸ ਸਿੰਘ ਢੋਲੇਵਾਲ ਨੇ ਇੱਕ ਮਤਾ ਪੇਸ਼ ਕਰ ਕੇ ਸਾਬਕਾ ਜਨਰਲ ਸਕੱਤਰ ਜਗਮੋਹਨ ਸ਼ਾਰਦਾ ਨੂੰ ਪੁਰਾਣਾ ਰਿਕਾਰਡ ਸੌਂਪਣ ਅਤੇ ਰਣਜੀਤ ਸਿੰਘ ਮਾਨ ਤੇ ਹਰਬੰਸ ਸਿੰਘ ਢੋਲੇਵਾਲ ਨੂੰ ਜਨਰਲ ਸਕੱਤਰ ਨਾਮਜ਼ਦ ਕਰਨ ਦੀ ਹਾਊਸ ਵੱਲੋਂ ਪ੍ਰਵਾਨਗੀ ਦਿੱਤੀ ਜਦੋਂਕਿ ਨਿਸ਼ਾਨ ਸਿੰਘ ਕਾਹਲੋਂ ਨੂੰ ਸੀਨੀਅਰ ਮੀਤ ਪ੍ਰਧਾਨ, ਜਸਵੀਰ ਸਿੰਘ ਨੂੰ ਮੀਤ ਪ੍ਰਧਾਨ, ਗੁਰਦੀਪ ਸਿੰਘ ਢਿੱਲੋਂ ਨੂੰ ਕਨਵੀਨਰ, ਗੁਰਦੇਵ ਸਿੰਘ ਨੂੰ ਸਕੱਤਰ, ਹਰਵਿੰਦਰ ਸਿੰਘ ਨੂੰ ਸੰਯੁਕਤ ਸਕੱਤਰ ਅਤੇ ਮੇਘ ਰਾਜ ਗੋਇਲ ਨੂੰ ਕੈਸ਼ੀਅਰ ਚੁਣਿਆ ਗਿਆ।