ਸੂਬੇ ਵਿੱਚ ਖੇਡਾਂ ਪ੍ਰਫੁੱਲਿਤ ਕਰਨ ਲਈ ਬਜਟ ’ਚ ਵਾਧਾ ਕਰਾਂਗੇ: ਮਾਨ
ਗੁਰਦੀਪ ਸਿੰਘ ਲਾਲੀ
ਸੰਗਰੂਰ, 11 ਜਨਵਰੀ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਵਾਰ ਹੀਰੋਜ਼ ਸਟੇਡੀਅਮ ਵਿਚ 92 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਆਧੁਨਿਕ ਹਾਕੀ ਐਸਟ੍ਰੋਟਰਫ਼ (ਸਿਕਸ ਸਾਈਡ) ਅਤੇ 14 ਲੱਖ ਰੁਪਏ ਦੀ ਲਾਗਤ ਨਾਲ ਵੇਟ ਲਿਫਟਿੰਗ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਨਾਲ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੀ ਮੌਜੂਦ ਸਨ। ਉਦਘਾਟਨ ਮਗਰੋਂ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ ’ਤੇ ਵਿਸ਼ੇਸ਼ ਧਿਆਨ ਦਿੱਤਾ ਹੈ ਅਤੇ ਸਰਕਾਰ ਖੇਡਾਂ ਦਾ ਬਜਟ ਵੀ ਵਧਾ ਰਹੀ ਹੈ, ਜਿਸ ਨਾਲ ਨੌਜਵਾਨਾਂ ਦੀ ਅਸੀਮ ਊਰਜਾ ਸਹੀ ਪਾਸੇ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲੀ ਵਾਰ ਖਿਡਾਰੀਆਂ ਨੂੰ ਖੇਡਾਂ ਦੀ ਤਿਆਰੀ ਲਈ ਫੰਡ ਦਿੱਤੇ ਹਨ ਤਾਂ ਜੋ ਉਹ ਖੇਡ ਮੁਕਾਬਲਿਆਂ ਵਿੱਚ ਮੱਲ੍ਹਾਂ ਮਾਰ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਇਸੇ ਦਾ ਨਤੀਜਾ ਹੈ ਕਿ ਪਿਛਲੇ ਸਾਲ ਹੋਈਆਂ ਏਸ਼ਿਆਈ ਖੇਡਾਂ ਵਿੱਚ ਪੰਜਾਬੀਆਂ ਨੇ 19 ਤਗਮੇ ਜਿੱਤੇ, ਜੋ ਕਿ ਏਸ਼ੀਆਡ ਸ਼ੁਰੂ ਹੋਣ ਤੋਂ ਲੈ ਕੇ ਬਾਕੀ ਰਾਜਾਂ ਦੇ ਮੁਕਾਬਲੇ ਸਭ ਤੋਂ ਵੱਧ ਹਨ। ਉਨ੍ਹਾਂ ਕਿਹਾ ਕਿ ਇਹ ਸਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿਉਂਕਿ ਭਾਰਤੀ ਹਾਕੀ ਦਲ ਵਿੱਚ 10 ਖਿਡਾਰੀ ਪੰਜਾਬ ਦੇ ਹਨ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਸੂਬੇ ਦੇ ਖਿਡਾਰੀ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਖਿਡਾਰੀਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਨਾਲ-ਨਾਲ ਨਗਦ ਇਨਾਮ ਅਤੇ ਹੋਰ ਸਹੂਲਤਾਂ ਦੇ ਕੇ ਉਨ੍ਹਾਂ ਦਾ ਮਾਣ-ਸਨਮਾਨ ਵੀ ਕਰ ਰਹੀ ਹੈ। ਸ੍ਰੀ ਮਾਨ ਨੇ ਰੋਲਰ ਸਕੇਟਿੰਗ ਵਿਚ ਮੱਲ੍ਹਾਂ ਮਾਰਨ ਵਾਲੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਸਮਾਗਮ ਦੌਰਾਨ ਡੀਆਈਜੀ ਪਟਿਆਲਾ ਹਰਚਰਨ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਜਤਿੰੰਦਰ ਜ਼ੋਰਵਾਲ, ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਹਿਲ ਮੌਜੂਦ ਸਨ।
ਮੁੱਖ ਮੰਤਰੀ ਨੇ ਸ਼ਹੀਦ ਜਸਪਾਲ ਸਿੰਘ ਦੇ ਪਰਿਵਾਰ ਨੂੰ ਇੱਕ ਕਰੋੜ ਦਾ ਚੈੱਕ ਸੌਂਪਿਆ
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦੇਰ ਸ਼ਾਮੀ ਦਿੜ੍ਹਬਾ ਨੇੜਲੇ ਪਿੰਡ ਬਘਰੌਲ ਦੇ ਸ਼ਹੀਦ ਹੋਏ ਹੌਲਦਾਰ ਜਸਪਾਲ ਸਿੰਘ (42) ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਪਰਿਵਾਰ ਦੀ ਵਿੱਤੀ ਸਹਾਇਤਾ ਲਈ ਇੱਕ ਕਰੋੜ ਰੁਪਏ ਦਾ ਚੈੱਕ ਸੌਂਪਿਆ। ਮੁੱਖ ਮੰਤਰੀ ਨੇ ਸ਼ਹੀਦ ਦੀ ਇਕਲੌਤੀ ਲੜਕੀ ਹਰਮਨਜੋਤ ਕੌਰ ਨੂੰ ਇੱਕ ਸਰਕਾਰੀ ਨੌਕਰੀ ਦੇਣ ਦਾ ਐਲਾਨ ਕਰਨ ਤੋਂ ਇਲਾਵਾ ਪਿੰਡ ਬਘਰੌਲ ਵਿੱਚ ਸ਼ਹੀਦ ਜਵਾਨ ਦੇ ਨਾਂਅ ’ਤੇ ਮੁਹੱਲਾ ਕਲੀਨਿਕ ਅਤੇ ਬਘਰੌਲ ਤੋਂ ਬੱਲਮਗੜ੍ਹ ਸੜਕ ਬਣਾਉਣ ਦਾ ਐਲਾਨ ਕੀਤਾ। ਦੱਸ ਦੇਈਏ ਕਿ ਸ਼ਹੀਦ ਦਾ ਬੀਤੀ ਦਿਨੀਂ ਉਸ ਦੇ ਜੱਦੀ ਪਿੰਡ ਬਘਰੌਲ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਸੀ।
ਭਗਵੰਤ ਮਾਨ ਵੱਲੋਂ ਕਾਂਝਲਾ ’ਚ ਆਧੁਨਿਕ ਲਾਇਬ੍ਰੇਰੀ ਦਾ ਉਦਘਾਟਨ
ਮਸਤੂਆਣਾ ਸਾਹਿਬ (ਸਤਨਾਮ ਸਿੰਘ ਸੱਤੀ): ਸੂਬੇ ਵਿੱਚ ਅਤਿ-ਆਧੁਨਿਕ ਲਾਇਬ੍ਰੇਰੀਆਂ ਸਥਾਪਤ ਕਰਨ ਸਬੰਧੀ ਆਪਣੀ ਮੁਹਿੰਮ ਜਾਰੀ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਿਥੇ ਨੇੜਲੇ ਪਿੰਡ ਕਾਂਝਲਾ ਵਿੱਚ ਲਾਇਬ੍ਰੇਰੀ ਦਾ ਉਦਘਾਟਨ ਕੀਤਾ, ਉਥੇ ਜ਼ਿਲ੍ਹੇ ਸੰਗਰੂਰ ਦੇ ਵੱਖ-ਵੱਖ ਕਰੀਬ 14 ਪਿੰਡਾਂ ਵਿਚ ਨਵੀਆਂ ਅਤਿ-ਆਧੁਨਿਕ ਲਾਇਬ੍ਰੇਰੀਆਂ ਲੋਕਾਂ ਨੂੰ ਸਮਰਪਿਤ ਕੀਤੀਆਂ। ਇਸ ਮੌਕੇ ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਇਹ ਲਾਇਬ੍ਰੇਰੀਆਂ ਸੂਬੇ ਦੇ ਵਿਕਾਸ ਅਤੇ ਖੁਸ਼ਹਾਲੀ ਦੇ ਧੁਰੇ ਵਜੋਂ ਕੰਮ ਕਰਨਗੀਆਂ। ਉਨ੍ਹਾਂ ਕਿਹਾ ਕਿ ਇਹ ਕਦਮ ਨੌਜਵਾਨਾਂ ਦੇ ਸ਼ਕਤੀਕਰਨ ਅਤੇ ਉਨ੍ਹਾਂ ਨੂੰ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਬਰਾਬਰ ਦੇ ਭਾਈਵਾਲ ਬਣਾਉਣ ਵਿੱਚ ਅਹਿਮ ਸਾਬਤ ਹੋਵੇਗਾ। ਮੁੱਖ ਮੰਤਰੀ ਨੇ ਉਮੀਦ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਲਾਇਬ੍ਰੇਰੀਆਂ ਨੌਜਵਾਨਾਂ ਦੀ ਤਕਦੀਰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ, ਜਿੱਥੋਂ ਪੜ੍ਹ ਕੇ ਸੂਬੇ ਦੇ ਨੌਜਵਾਨ ਵੱਡੇ ਅਫ਼ਸਰ, ਵਿਗਿਆਨੀ, ਡਾਕਟਰ, ਤਕਨੀਕੀ ਮਾਹਿਰ ਅਤੇ ਹੋਰ ਉੱਚੇ ਅਹੁਦਿਆਂ ’ਤੇ ਬਿਰਾਜਮਾਨ ਹੋਣਗੇ।