For the best experience, open
https://m.punjabitribuneonline.com
on your mobile browser.
Advertisement

ਸਿਧਾਰਮੱਈਆ ਸਰਕਾਰ ਦੇ ਕੰਮਾਂ ਨੂੰ ਦੇਸ਼ ’ਚ ਲਾਗੂ ਕਰਾਂਗੇ: ਰਾਹੁਲ

08:00 AM Aug 31, 2023 IST
ਸਿਧਾਰਮੱਈਆ ਸਰਕਾਰ ਦੇ ਕੰਮਾਂ ਨੂੰ ਦੇਸ਼ ’ਚ ਲਾਗੂ ਕਰਾਂਗੇ  ਰਾਹੁਲ
ਮੈਸੂਰ ਵਿੱਚ ਰਾਹੁਲ ਗਾਂਧੀ, ਮਲਿਕਾਰਜੁਨ ਖੜਗੇ, ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮੱਈਆ ਤੇ ਹੋਰ ਨੇਤਾ ਗ੍ਰਹਿ ਲਕਸ਼ਮੀ ਯੋਜਨਾ ਦੀ ਸ਼ੁਰੂਆਤ ਕਰਦੇ ਹੋਏ। -ਫੋੋਟੋ: ਪੀਟੀਆਈ
Advertisement

ਮੈਸੂਰੂ, 30 ਅਗਸਤ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪਾਰਟੀ ਨੇ ਕਰਨਾਟਕ ਦੇ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਧਾਰਮੱਈਆ ਸਰਕਾਰ ਵੱਲੋਂ ਕੀਤੇ ਕੰਮਾਂ ਨੂੰ ਹੂਬਹੂ ਪੂਰੇ ਦੇਸ਼ ਵਿੱਚ ਅਮਲ ਵਿੱਚ ਲਿਆਂਦਾ ਜਾਵੇਗਾ। ਕਰਨਾਟਕ ਦੀ ਕਾਂਗਰਸ ਸਰਕਾਰ ਨੇ ਅੱਜ ਇਕ ਹੋਰ ਚੋਣ ਵਾਅਦਾ ਪੂਰਾ ਕਰਦੇ ਹੋਏ ‘ਗ੍ਰਹਿ ਲਕਸ਼ਮੀ’ ਸਕੀਮ ਦਾ ਆਗਾਜ਼ ਕੀਤਾ ਹੈ, ਜਿਸ ਤਹਿਤ ਸੂਬੇ ਦੀਆਂ ਲਗਪਗ 1.1 ਕਰੋੜ ਮਹਿਲਾਵਾਂ, ਜੋ ਆਪਣੇ ਪਰਿਵਾਰ ਦੀਆਂ ਮੁਖੀਆਂ ਹਨ, ਨੂੰ ਮਾਸਿਕ 2000 ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸਕੀਮ ਦੀ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਰਾਹੁਲ ਗਾਂਧੀ, ਮੁੱਖ ਮੰਤਰੀ ਸਿੱਧਰਮਈਆ ਤੇ ਉਪ ਮੁੱਖ ਮੰਤਰੀ ਡੀ.ਕੇ.ਸ਼ਿਵਕੁਮਾਰ ਵੀ ਮੌਜੂਦ ਸਨ। ਮੈਸੂਰੂ ਦੇ ਮਹਾਰਾਜਾ ਕਾਲਜ ਮੈਦਾਨ ਵਿੱਚ ਰੱਖੇ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ’ਚ ਲੋਕ ਸ਼ਾਮਲ ਹੋਏ।
ਰਾਹੁਲ ਗਾਂਧੀ ਨੇ ਕਿਹਾ, ‘‘ਅਸੀਂ ਚੋਣ ਵਾਅਦਿਆਂ ਨੂੰ ਲੈ ਕੇ ਆਪਣੇ ਬੋਲ ਪੁਗਾਏ ਹਨ। ਅਸੀਂ ਕਦੇ ਝੂਠੇ ਵਾਅਦੇ ਨਹੀਂ ਕੀਤੇ। ਕਰਨਾਟਕ ਵਿੱਚ ਕੀਤੇ ਕੰਮਾਂ ਨੂੰ ਹੂਬਹੂ ਪੂਰੇ ਦੇਸ਼ ਵਿਚ ਲਾਗੂ ਕਰਾਂਗੇ।’’ ‘ਗ੍ਰਹਿ ਲਕਸ਼ਮੀ’ ਸਕੀਮ ਕਾਂਗਰਸ ਦੀਆਂ ਉਨ੍ਹਾਂ ਪੰਜ ਗਾਰੰਟੀਆਂ ਵਿੱਚ ਸ਼ਾਮਲ ਸੀ, ਜੋ ਚੋਣਾਂ ਤੋਂ ਪਹਿਲਾਂ ਕਰਨਾਟਕ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਸਨ।
ਗਾਂਧੀ ਨੇ ਕਿਹਾ, ‘‘ਕਾਂਗਰਸ ਦੀਆਂ ਪੰਜ ਗਾਰੰਟੀਆਂ ਮਹਿਜ਼ ਸਕੀਮਾਂ ਨਹੀਂ, ਇਹ ਸ਼ਾਸਨ ਦਾ ਮਾਡਲ ਹੈ।’’ ਉਨ੍ਹਾਂ ‘ਗ੍ਰਹਿ ਲਕਸ਼ਮੀ’ ਸਕੀਮ ਨੂੰ ‘ਵਿਸ਼ਵ ਦੀ ਸਭ ਤੋਂ ਵੱਡੀ ਨਗਦੀ ਤਬਾਦਲਾ ਸਕੀਮ’ ਕਰਾਰ ਦਿੱਤਾ। ਪਾਰਟੀ ਵੱਲੋਂ ਚੋਣਾਂ ਦੌਰਾਨ ਦਿੱਤੀਆਂ ਚਾਰ ਹੋਰ ਗਾਰੰਟੀਆਂ ਵਿਚ ‘ਸ਼ਕਤੀ’, ‘ਗ੍ਰਹਿ ਜੋਤੀ’, ‘ਅੰਨ ਭਾਗਿਆ’ ਅਤੇ ‘ਯੁਵਾ ਨਿਧੀ’ ਸ਼ਾਮਲ ਹਨ।
ਗਾਂਧੀ ਨੇ ਕਿਹਾ ਕਿ ‘ਸ਼ਕਤੀ’ ਤਹਿਤ ਮਹਿਲਾਵਾਂ ਨੂੰ ਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਦੀ ਸਹੂਲਤ ਤੇ ‘ਗ੍ਰਹਿ ਜੋਤੀ’ ਤਹਿਤ ਮਾਸਿਕ 200 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਰਾਹੁਲ ਨੇ ਕਿਹਾ ਕਿ ਕਰਨਾਟਕ ਦੀਆਂ ਮਹਿਲਾਵਾਂ ਰੁੱਖ ਦੀਆਂ ਜੜ੍ਹਾਂ ਵਾਂਗ ਹਨ, ਜੇਕਰ ਜੜ੍ਹਾਂ ਮਜ਼ਬੂਤ ਹੋਣਗੀਆਂ ਤਾਂ ਇਹ ਕਿਸੇ ਵੀ ਤੂਫਾਨ ਨੂੰ ਝੱਲ ਲੈਣਗੀਆਂ। ਰਾਹੁਲ ਨੇ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਅੱਜਕੱਲ੍ਹ ਫੈਸ਼ਨ ਹੈ ਕਿ ‘ਦਿੱਲੀ ਵਿਚਲੀ ਸਰਕਾਰ’ ਸਿਰਫ਼ ਅਰਬਪਤੀਆਂ ਲਈ ਹੀ ਕੰਮ ਕਰਦੀ ਹੈ। ਉਧਰ ਖੜਗੇ ਨੇ ਕਿਹਾ ਕਿ ਭਾਰਤ ਵਿੱਚ ਅਜੇ ਤੱਕ ਕਿਸੇ ਵੀ ਸਰਕਾਰ ਨੇ ਅਜਿਹੀ ਸਕੀਮ ਸ਼ੁਰੂ ਨਹੀਂ ਕੀਤੀ। -ਪੀਟੀਆਈ

Advertisement

ਜੀ-20 ਸੰਮੇਲਨ ਦੌਰਾਨ ਰਾਹੁਲ ਗਾਂਧੀ ਦੇ ਵਿਦੇਸ਼ ਜਾਣ ਦੀ ਸੰਭਾਵਨਾ

ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਭਾਰਤ ਵਿੱਚ 9 ਅਤੇ 10 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ਦੌਰਾਨ ਵਿਦੇਸ਼ ਜਾ ਸਕਦੇ ਹਨ। ਪਾਰਟੀ ਸੂੁਤਰਾਂ ਨੇ ਦੱਸਿਆ ਕਿ ਵਾਇਨਾਡ ਤੋਂ ਸੰਸਦ ਮੈਂਬਰ ਨੇ ਸਤੰਬਰ ਦੀ ਸ਼ੁਰੂਆਤ ’ਚ ਯੂਰੋਪ ਦਾ ਦੌਰਾ ਕਰਨਾ ਹੈ। ਸੂਤਰਾਂ ਮੁਤਾਬਕ ਰਾਹੁਲ ਵੱਲੋਂ ਬਰੱਸਲਜ਼ ’ਚ 7 ਸਤੰਬਰ ਨੂੰ ਯੂਰੋਪੀਅਨ ਯੂਨੀਅਨ ਦੇ ਸੰਸਦ ਮੈਂਬਰਾਂ ਨਾਲ ਮੀਟਿੰਗ ਮਗਰੋਂ 8 ਸਤੰਬਰ ਨੂੰ ਪੈਰਿਸ ਵਿੱਚ ਯੂਨੀਵਰਸਿਟੀ ’ਚ ਸੰਬੋਧਨ ਕਰਨ ਦੀ ਸੰਭਾਵਨਾ ਹੈ। ਉਨ੍ਹਾਂ ਵੱਲੋਂ 10 ਸਤੰਬਰ ਨੂੰ ਓਸਲੋ ’ਚ ਭਾਰਤੀ ਪਰਵਾਸੀਆਂ ਦੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਨ ਦੀ ਉਮੀਦ ਹੈ। ਉਹ ਹੇਗ ਦਾ ਦੌਰਾ ਵੀ ਕਰ ਸਕਦੇ ਹਨ।

Advertisement

Advertisement
Author Image

sukhwinder singh

View all posts

Advertisement