For the best experience, open
https://m.punjabitribuneonline.com
on your mobile browser.
Advertisement

ਕੇਂਦਰ ’ਚ ਸਰਕਾਰ ਬਣਨ ’ਤੇ ਸਵਾਮੀਨਾਥਨ ਰਿਪੋਰਟ ਲਾਗੂ ਕਰਾਂਗੇ: ਖਹਿਰਾ

11:00 AM May 27, 2024 IST
ਕੇਂਦਰ ’ਚ ਸਰਕਾਰ ਬਣਨ ’ਤੇ ਸਵਾਮੀਨਾਥਨ ਰਿਪੋਰਟ ਲਾਗੂ ਕਰਾਂਗੇ  ਖਹਿਰਾ
ਮਾਲੇਰਕੋਟਲਾ ਸਬਜ਼ੀ ਮੰਡੀ ਵਿੱਚ ਲੋਕਾਂ ਨੂੰ ਮਿਲਦੇ ਹੋਏ ਸੁਖਪਾਲ ਸਿੰਘ ਖਹਿਰਾ।
Advertisement

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 26 ਮਈ
ਕਾਂਗਰਸ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਸਥਾਨਕ ਸਬਜ਼ੀ ਮੰਡੀ ਵਿੱਚ ਕਿਸਾਨਾਂ, ਆੜ੍ਹਤੀਆਂ, ਪੱਲੇਦਾਰਾਂ ਅਤੇ ਫੜ੍ਹੀਆਂ ਵਾਲਿਆਂ ਤੋਂ ਆਪਣੇ ਲਈ ਵੋਟ ਮੰਗਦਿਆਂ ਦਾਅਵਾ ਕੀਤਾ ਕਿ ਕੇਂਦਰ ਦੀ ਮੋਦੀ ਸਰਕਾਰ ਦ‌ੀ ਪਿਛਲੇ ਦਸ ਸਾਲ ਦੀ ਲੋਕ ਵਿਰੋਧੀ ਕਾਰਗੁਜ਼ਾਰੀ ਕਾਰਨ ਭਾਜਪਾ ਮੁੜ ਸੱਤਾ ਵਿੱਚ ਨਹੀਂ ਆਵੇਗੀ ਅਤੇ ਕੇਂਦਰ ਵਿੱਚ ਇੰਡੀਆ ਗੱਠਜੋੜ ਦੀ ਸਰਕਾਰ ਬਣਨਾ ਯਕੀਨੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਇੰਡੀਆ ਗੱਠਜੋੜ ਦੀ ਸਰਕਾਰ ਬਣਨ ’ਤੇ ਡਾ. ਐੱਸ ਸਵਾਮੀਨਾਥਨ ਰਿਪੋਰਟ ਲਾਗੂ ਕਰ ਕੇ ਖੇਤੀ ਜਿਨਸਾਂ ’ਤੇ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇਗੀ, ਕਰਜ਼ਾ ਮੁਆਫ਼ੀ ਯੋਜਨਾ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਥਾਈ ਕਮਿਸ਼ਨ ਸਥਾਪਤ ਕੀਤਾ ਜਾਵੇਗਾ, ਕਿਸਾਨਾਂ ਦੀ ਸਲਾਹ ਨਾਲ ਨਵੀਂ ਆਯਾਤ-ਨਿਰਯਾਤ ਨੀਤੀ ਬਣਾਈ ਜਾਵੇਗੀ, ਖੇਤੀ ਵਰਤੋਂ ਵਾਲੀਆਂ ਜ਼ਰੂਰੀ ਵਸਤੂਆਂ ਤੋਂ ਜੀਐੱਸਟੀ ਹਟਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੀ ਨਹੀਂ ਸਗੋਂ ਉੱਤਰੀ ਭਾਰਤ ਵਿੱਚ ਮਾਲੇਰਕੋਟਲਾ ਦੀ ਪਛਾਣ ਸਬਜ਼ੀ ਉਤਪਾਦਨ ਹੱਬ ਵਜੋਂ ਹੈ ਇੱਥੇ ਸਬਜ਼ੀਆਂ -ਫਲ਼ਾਂ ਲਈ ਪ੍ਰੋਸੈਸਿੰਗ ਯੂਨਿਟ ਸਥਾਪਤ ਕੀਤਾ ਜਾਵੇਗਾ ਅਤੇ ਸਬਜ਼ੀਆਂ ਦੀ ਸਾਂਭ -ਸੰਭਾਲ ਲਈ ਕੋਲਡ ਸਟੋਰ ਚੇਨ ਲਈ ਕਿਸਾਨਾਂ ਅਤੇ ਉੱਦਮੀਆਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਉਪਰੰਤ ਸ੍ਰੀ ਖਹਿਰਾ ਨੇ ਪਿੰਡ ਸ਼ੇਰਵਾਨੀਕੋਟ, ਤੱਖਰ, ਭੂਦਨ, ਹਥਨ, ਆਦਮ ਪਾਲ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਵਰਗ ਲਈ ਭਲਾਈ ਸਕੀਮਾਂ ਲਾਗੂ ਕੀਤੀਆਂ ਜਾਣਗੀਆਂ ,ਮਨਰੇਗਾ ਦੀ ਘੱਟੋ ਘੱਟ ਦਿਹਾੜੀ 400 ਰੁਪਏ ਪ੍ਰਤੀ ਦਿਨ ਦਿੱਤੀ ਜਾਵੇਗੀ, ਸ਼ਹਿਰਾਂ ਅੰਦਰ ਵੀ ਮਨਰੇਗਾ ਵਰਗੀ ਨਵੀਂ ਯੋਜਨਾ ਬਣਾਈ ਜਾਵੇਗੀ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਪੰਜਾਬ ਵਿੱਚ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ, ਦਿਨ-ਦਿਹਾੜੇ ਕਤਲ ਹੋ ਰਹੇ ਹਨ, ਰੁਜ਼ਗਾਰ ਮੰਗਦੇ ਨੌਜਵਾਨਾਂ ’ਤੇ ਡਾਂਗਾਂ ਵਰ੍ਹਾਈਆਂ ਜਾ ਰਹੀਆਂ ਹਨ, ਮੁੱਖ ਮੰਤਰੀ ਦੇ ਰੋਡ ਸ਼ੋਅ ਦੌਰਾਨ ਕਿਸਾਨਾਂ ਤੇ ਹੋਰਨਾਂ ਸਵਾਲ ਪੁੱਛਣ ਵਾਲਿਆਂ ਨੂੰ ਮੁੱਖ ਮੰਤਰੀ ਦੇ ਨੇੜੇ ਢੁੱਕਣ ਨਹੀਂ ਦਿੱਤਾ ਜਾ ਰਿਹਾ। ਅਜਿਹੇ ਹਾਲਾਤ ਵਿੱਚ ਭਗਵੰਤ ਮਾਨ ਨੂੰ ਕਿਕਲੀ ਗਾਉਣੀ ਸ਼ੋਭਾ ਨਹੀਂ ਦਿੰਦੀ। ਇਸ ਮੌਕੇ ਆਲ ਇੰਡੀਆ ਕਿਸਾਨ ਕਾਂਗਰਸ ਦੇ ਕੌਮੀ ਕੋਆਰਡੀਨੇਟਰ ਕਾਮਰੇਡ ਮੁਹੰਮਦ ਇਸਮਾਈਲ, ਜ਼ਿਲ੍ਹਾ ਕਾਂਗਰਸ ਪ੍ਰਧਾਨ ਜਸਪਾਲ ਦਾਸ, ਅਕਰਮ ਲਿਬੜਾ, ਮਾਸਟਰ ਮੇਲਾ ਸਿੰਘ, ਮਨੋਜ ਉੱਪਲ, ਅਨਵਰ ਮਹਿਬੂਬ, ਇਕਬਾਲ ਲਾਲਾ ਅਤੇ ਦਰਸ਼ਨ ਪਾਲ ਰਿਖੀ ਮੌਜੂਦ ਸਨ।

Advertisement

Advertisement
Author Image

sukhwinder singh

View all posts

Advertisement
Advertisement
×