For the best experience, open
https://m.punjabitribuneonline.com
on your mobile browser.
Advertisement

‘ਇੰਡੀਆ’ ਦੀ ਸਰਕਾਰ ਬਣਨ ’ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਂਗੇ: ਮਾਨ

08:02 AM May 23, 2024 IST
‘ਇੰਡੀਆ’ ਦੀ ਸਰਕਾਰ ਬਣਨ ’ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਂਗੇ  ਮਾਨ
ਮੁੱਖ ਮੰਤਰੀ ਭਗਵੰਤ ਮਾਨ ਮਾਨਸਾ ਵਿੱਚ ਰੋਡ ਸ਼ੋਅ ਕਰਦੇ ਹੋਏ। -ਫੋਟੋ: ਸੁਰੇਸ਼
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 22 ਮਈ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਹਿਰ ਵਿੱਚ ਰੋਡ ਸ਼ੋਅ ਦੌਰਾਨ ਪੁਰਾਣੀ ਪੈਨਸ਼ਨ ਸਕੀਮ (ਓਪੀਐੱਸ) ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਦੋਸ਼ ਲਾਇਆ ਕਿ ਮੋਦੀ ਹਕੂਮਤ ਨੇ ਪੰਜਾਬ ਦੇ ਓਪੀਐੱਸ ਫੰਡਾਂ ’ਚੋਂ 20,000 ਕਰੋੜ ਰੁਪਏ ਰੋਕ ਲਏ ਹਨ ਅਤੇ ਵਿਜੇ ਮਾਲਿਆ ਉਸ ਬੈਂਕ ਤੋਂ ਕਰਜ਼ਾ ਲੈ ਕੇ ਵਿਦੇਸ਼ ਭੱਜ ਗਿਆ ਸੀ, ਜਿਸ ’ਚ ਪੈਸੇ ਰੱਖੇ ਹੋਏ ਸਨ। ਉਨ੍ਹਾਂ ਕਿਹਾ ਕਿ 4 ਜੂਨ ਨੂੰ ਕੇਂਦਰ ਵਿੱਚ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਇਸ ਮਗਰੋਂ ਉਹ ਪੈਸਾ ਵਾਪਸ ਲਿਆ ਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ। ਉਹ ਅੱਜ ਇੱਥੇ ਬਠਿੰਡਾ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਲਈ ਚੋਣ ਪ੍ਰਚਾਰ ਕਰ ਰਹੇ ਸਨ।
ਉਨ੍ਹਾਂ ਆਪਣੀ ਤਕਰੀਰ ਦੌਰਾਨ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਦੇ 43 ਹਜ਼ਾਰ ਨੌਜਵਾਨਾਂ ਨੂੰ ਬਿਨਾਂ ਕਿਸੇ ਭੇਦਭਾਵ ਅਤੇ ਰਿਸ਼ਵਤ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਹੁਣ ਪਿੰਡਾਂ ਦੇ ਲੋਕ ਇੱਕ-ਦੂਜੇ ਦੇ ਪਿੰਡਾਂ ਵਿੱਚ ਨੌਕਰੀਆਂ ਦੀ ਗਿਣਤੀ ਦੀ ਤੁਲਨਾ ਕਰਨ ਲੱਗ ਪਏ ਹਨ ਅਤੇ ਕਹਿੰਦੇ ਹਨ ਕਿ ਦੋ ਸਾਲਾਂ ਵਿੱਚ ਉਹ ਕਰ ਦਿੱਤਾ ਹੈ, ਜੋ 70 ਸਾਲਾਂ ਵਿੱਚ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਕਰੰਡੀ ’ਚ ਹੀ 40 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਉਹ ਭ੍ਰਿਸ਼ਟਾਚਾਰ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਅਤੇ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਭ੍ਰਿਸ਼ਟਾਚਾਰ ਖ਼ਿਲਾਫ਼ ਸ਼ਿਕਾਇਤ ਕਰਨ ਲਈ ਇੱਕ ਨੰਬਰ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਉਸ ਨੰਬਰ ’ਤੇ ਆਈਆਂ ਸ਼ਿਕਾਇਤਾਂ ਦੇ ਆਧਾਰ ’ਤੇ ਹੁਣ ਤੱਕ 850 ਤੋਂ ਵੱਧ ਭ੍ਰਿਸ਼ਟ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਕੇ ਜੇਲ੍ਹ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸਹੂਲਤ ਲਈ ਬਿਨਾਂ ਕਿਸੇ ਕੱਟ ਦੇ ਕਿਸਾਨਾਂ ਨੂੰ ਦਿਨ ਦੇ ਸਮੇਂ ਮੁਫ਼ਤ ਬਿਜਲੀ ਦਿੱਤੀ ਅਤੇ ਕਿਸਾਨਾਂ ਲਈ ਲੋੜੀਂਦੀ ਬਿਜਲੀ ਦਾ ਪ੍ਰਬੰਧ ਕੀਤਾ ਤਾਂ ਜੋ ਉਨ੍ਹਾਂ ਦਾ ਸਮਾਂ ਤੇ ਊਰਜਾ ਬਰਬਾਦ ਨਾ ਹੋਵੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖ਼ਰੀਦਿਆ ਹੈ। ਇਸ ਨਾਲ ਬਿਜਲੀ ਉਤਪਾਦਨ ਵਿੱਚ ਕਾਫ਼ੀ ਵੱਧ ਜਾਵੇਗਾ ਤੇ ਬਿਜਲੀ ਵੀ ਹੋਰ ਸਸਤੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਭਵਿੱਖ ’ਚ ਹੋਰ ਪ੍ਰਾਈਵੇਟ ਤਾਪਘਰ ਵੀ ਖਰੀਦੇ ਜਾਣਗੇ। ਮੁੱਖ ਮੰਤਰੀ ਨੇ ਹਰਸਿਮਰਤ ਬਾਦਲ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਹ ਔਰਤਾਂ ਦੀਆਂ ਚੁੰਨ੍ਹੀਆਂ ਦੇ ਪੈਸੇ ਵੀ ਖਾ ਗਈ ਅਤੇ ਸੁਖਬੀਰ ਬਾਦਲ ਨੇ ਸੁਖ-ਵਿਲਾਸ ਹੋਟਲ ਪੰਜਾਬ ਦੇ ਲੋਕਾਂ ਦੇ ਖ਼ੂਨ-ਪਸੀਨੇ ਨਾਲ ਬਣਿਆ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਹੀ ਵਿਧਾਇਕ, ਸੰਸਦ ਮੈਂਬਰ ਤੇ ਮੰਤਰੀ ਬਣਾਇਆ ਹੈ। ਇਸ ਮੌਕੇ ਗੁਰਮੀਤ ਸਿੰਘ ਖੁੱਡੀਆਂ, ਵਿਧਾਇਕ ਪ੍ਰਿੰਸੀਪਲ ਬੁੱਧਰਾਮ, ਡਾ. ਵਿਜੈ ਸਿੰਗਲਾ, ਗੁਰਪ੍ਰੀਤ ਸਿੰਘ ਬਣਾਂਵਾਲੀ, ਗੁਰਪ੍ਰੀਤ ਸਿੰਘ ਭੁੱਚਰ, ਚਰਨਜੀਤ ਸਿੰਘ ਅੱਕਾਂਵਾਲੀ, ਚੁਸਪਿੰਦਰਬੀਰ ਸਿੰਘ ਚਾਹਲ ਨੇ ਵੀ ਸੰਬੋਧਨ ਕੀਤਾ।

Advertisement

ਰੋਡ ਸ਼ੋਅ ਤੋਂ ਪਹਿਲਾਂ ਕਿਸਾਨ ਆਗੂ ਹਿਰਾਸਤ ’ਚ ਲਏ

ਕਿਸਾਨਾਂ ਨੂੰ ਹਿਰਾਸਤ ਵਿੱਚ ਲੈਂਦੀ ਹੋਈ ਪੁਲੀਸ।

ਮਾਨਸਾ (ਪੱਤਰ ਪ੍ਰੇਰਕ): ਮੁੱਖ ਮੰਤਰੀ ਭਗਵੰਤ ਮਾਨ ਦੇ ਅੱਜ ਮਾਨਸਾ ਤੇ ਬੁਢਲਾਡਾ ਸ਼ਹਿਰ ਵਿੱਚ ਰੋਡ ਸ਼ੋਅ ਦੇ ਮੱਦੇਨਜ਼ਰ ਪੁਲੀਸ ਨੇ ਕਿਸਾਨਾਂ ਨੂੰ ਹਿਰਾਸਤ ’ਚ ਲੈ ਲਿਆ। ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਜਥੇਬੰਦੀਆਂ ਨੇ ਮੁੱਖ ਮੰਤਰੀ ਨੂੰ ਸਵਾਲ ਕਰਨ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ, ਪਰ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਭਰੋਸਾ ਦਿਵਾਉਣ ਦੇ ਬਾਵਜੂਦ ਗੱਲਬਾਤ ਨਹੀਂ ਕਰਵਾਈ। ਇਸ ਮਗਰੋਂ ਕਿਸਾਨ ਜਥੇਬੰਦੀਆਂ ਵਿੱਚ ਰੋਹ ਫੈਲਿਆ ਅਤੇ ਉਨ੍ਹਾਂ ਬੁਢਲਾਡਾ ਸ਼ਹਿਰ ਵਿੱਚ ਰੋਹ ਭਰਪੂਰ ਮੁਜ਼ਾਹਰਾ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸੇ ਤਰ੍ਹਾਂ ਮਾਨਸਾ ਸ਼ਹਿਰ ’ਚ ਭਗਵੰਤ ਮਾਨ ਨਾਲ ਗੱਲਬਾਤ ਕਰਕੇ ਆਪਣੇ ਸਵਾਲਾਂ ਦੇ ਜਵਾਬ ਲੈਣ ਲਈ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਦੀ ਅਗਵਾਈ ਵਿੱਚ ਕਿਸਾਨ ਇਕੱਠੇ ਹੋ ਰਹੇ ਸਨ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੇਲਵੇ ਫਾਟਕ ਤੋਂ ਹਿਰਾਸਤ ਵਿੱਚ ਲੈ ਲਿਆ ਤੇ ਥਾਣੇ ਵਿੱਚ ਬੰਦ ਕਰ ਦਿੱਤਾ। ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਨਾਲ ਗੱਲਬਾਤ ਕਰਨਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਥਾਣੇ ਵਿੱਚ ਡੱਕ ਦਿੱਤਾ ਗਿਆ। ਇਸੇ ਦੌਰਾਨ ਮਾਨਸਾ ਸ਼ਹਿਰ ਵਿੱਚ ਮੁੱਖ ਮੰਤਰੀ ਦੀ ਫੇਰੀ ਤੋਂ ਪਹਿਲਾਂ ਜਦੋਂ ਦੁਕਾਨਦਾਰਾਂ ਨੂੰ ਪੁਲੀਸ ਵੱਲੋਂ ਪ੍ਰੇਸ਼ਾਨ ਕੀਤਾ ਜਾਣ ਲੱਗਿਆ ਤਾਂ ਉਨ੍ਹਾਂ ਦੁਕਾਨਾਂ ਬੰਦ ਕਰਕੇ ਪੁਲੀਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ਮਾਨਸਾ ਦੇ ਐੱਸਐੱਸਪੀ ਡਾ. ਨਾਨਕ ਸਿੰਘ ਅਤੇ ਸਪੈਸ਼ਲ ਸੈੱਲ ਦੇ ਇੰਚਾਰਜ ਜਗਦੀਸ਼ ਕੁਮਾਰ ਸ਼ਰਮਾ ਨੇ ਦੁਕਾਨਦਾਰਾਂ ਨੂੰ ਸ਼ਾਂਤ ਕੀਤਾ ਤੇ ਦੁਕਾਨਾਂ ਖੁਲ੍ਹਵਾਈਆਂ।

‘ਵਿਦੇਸ਼ ਜਾਣ ਦੇ ਫ਼ੈਸਲੇ ਬਦਲ ਰਹੇ ਨੇ ਨੌਜਵਾਨ’

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰੀ ਨੌਕਰੀਆਂ ਮਿਲਣ ਤੋਂ ਬਾਅਦ ਪੰਜਾਬ ਦੇ ਕਈ ਨੌਜਵਾਨਾਂ ਨੇ ਵਿਦੇਸ਼ ਜਾਣ ਦਾ ਫ਼ੈਸਲਾ ਰੱਦ ਕਰ ਦਿੱਤਾ ਤੇ ਕਈ ਵਾਪਸ ਆ ਗਏ। ਉਨ੍ਹਾਂ ਬਿਜਲੀ ਵਿਭਾਗ ਵਿੱਚ ਐੱਸਡੀਓ ਬਣੀ ਇੱਕ ਲੜਕੀ ਦੀ ਕਹਾਣੀ ਸੁਣਾਉਂਦੇ ਹੋਏ ਕਿਹਾ ਕਿ ਲੜਕੀ ਕੈਨੇਡਾ ਜਾਣ ਵਾਲੀ ਸੀ, ਜਿਸ ਲਈ ਉਸ ਦੇ ਪਰਿਵਾਰ ਵਾਲਿਆਂ ਨੇ ਪੈਸਿਆਂ ਦਾ ਬੜੀ ਮੁਸ਼ਕਲ ਨਾਲ ਇੰਤਜ਼ਾਮ ਕੀਤਾ ਸੀ। ਜਾਣ ਤੋਂ ਕੁਝ ਦਿਨ ਪਹਿਲਾਂ ਲੜਕੀ ਨੂੰ ਸਰਕਾਰੀ ਨੌਕਰੀ ਦਾ ਜੁਆਇਨਿੰਗ ਲੈਟਰ ਮਿਲ ਗਿਆ ਤੇ ਫਿਰ ਉਸ ਨੇ ਬਾਹਰ ਜਾਣ ਦਾ ਫ਼ੈਸਲਾ ਬਦਲ ਦਿੱਤਾ।

Advertisement
Author Image

joginder kumar

View all posts

Advertisement
Advertisement
×